ਭਾਰਤ ਦੇ ਸਾਰੇ ਹੀ ਵਿਸ਼ੇਸ਼ ਧਰਮ ਮੰਦਰ ਤੇ ਧਰਮੀ ਲੋਕ ਧਾੜਵੀਆਂ-ਲੁਟੇਰਿਆਂ, ਬਾਬਰਕਿਆਂ ਤੇ ਹਮਲਾਵਰਾਂ ਦੇ ਨਿਸ਼ਾਨੇ ’ਤੇ ਰਹੇ ਭਾਵੇਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ ਤੇ ਭਾਵੇਂ ਪ੍ਰਸਿੱਧ ਹਿੰਦੂ ਮੰਦਰ ਸੋਮਨਾਥ। ਸੋਮਨਾਥ ਦੇ ਮੰਦਰ ਨੂੰ ਵੀ ਦੇਸ਼ੀ-ਵਿਦੇਸ਼ੀ ਹਮਲਾਵਰਾਂ ਨੇ 6 ਵਾਰ ਢਾਹਿਆ-ਤਬਾਹ ਕੀਤਾ। ਹਰ ਵਾਰ ਮੰਦਰ ਦੀ ਨਵ-ਉਸਾਰੀ ਪ੍ਰੇਮੀਆਂ, ਸ਼ਰਧਾਲੂਆਂ ਵੱਲੋਂ ਕੀਤੀ ਗਈ। ਇਸ ਤਰ੍ਹਾਂ ਹੀ ਸਿੱਖ ਹੋਂਦ ਹਸਤੀ, ਪਹਿਚਾਣ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਬਰਕਿਆਂ ਨੇ ਕਈ ਵਾਰ ਢਾਹਿਆ, ਸਰੋਵਰ ਨੂੰ ਪੂਰਿਆ ਤੇ ਸਿੱਖੀ ਦੇ ਸੋਮੇ ਨੂੰ ਬੰਦ ਕਰਨ ਦੇ ਯਤਨ ਕੀਤੇ ਪਰ ਵਿਚਾਰੇ ਮਰ-ਮਿਟ ਗਏ ਅਤੇ ਬਾਬੇਕਿਆ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਸਰੋਵਰ ਦੀ ਕਾਰ ਸੇਵਾ ਰਾਹੀਂ ਨਵ-ਉਸਾਰੀ ਕਰਕੇ ਜਿਉਂਦੀ ਜਾਗਦੀ ਕੌਮ ਦਾ ਸਬੂਤ ਦਿਤਾ। ਅੰਮ੍ਰਿਤ ਸਰੋਵਰ ਦਰਮਿਆਨ ਸ਼ੁਸੋਭਿਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹਰ ਪ੍ਰੇਮੀ ਨੂੰ ਇਕ ਰਸਤੇ ’ਚੋਂ ਗੁਜ਼ਰਨਾ ਪੈਂਦਾ ਹੈ, ਜਿਸਨੂੰ ਦਰਸ਼ਨੀ ਦਰਵਾਜ਼ਾ-ਦਰਸ਼ਨੀ ਡਿਉਢੀ ਕਿਹਾ ਜਾਂਦਾ ਹੈ। ਦਰਸ਼ਨੀ ਦਰਵਾਜ਼ੇ ’ਚੋਂ ਲੰਘ ਕੇ ਪੁੱਲ ਦੇ ਰਸਤੇ ਪ੍ਰੇਮੀ ਜੀਊੜੇ ਸ੍ਰੀ ਹਰਿਮੰਦਰ ਸਾਹਿਬ ਸੁਖ-ਸ਼ਾਂਤੀ-ਸਹਿਜ ਪ੍ਰਾਪਤ ਕਰਦੇ ਹਨ।
ਦਰਸ਼ਨੀ ਡਿਉਢੀ ਦਾ ਅਰਥ : ਘਰ ਵਿਚ ਦਾਖਲ ਹੋਣ ਦਾ ਦਰਵਾਜ਼ਾ, ਪ੍ਰਵੇਸ਼ ਦੁਆਰ, ਮਹਿਲ ਦਾ ਦਰਸ਼ਨੀ ਦਰਵਾਜ਼ਾ, ਦਹਿਲੀਜ਼, ਘਰ ਦੇ ਬੂਹੇ ਅੱਗੇ ਬਣਿਆਂ ਚਬੂਤਰਾ। ਡਿਉਢੀ ਸ਼ਾਹੀ ਕਿਲਿਆਂ, ਹਵੇਲੀਆਂ ਤੇ ਸਰਦਾਰਾਂ ਦੇ ਘਰਾਂ ਦੇ ਬਾਹਰ ਸ਼ਾਹੀ ਸ਼ਾਨ ਨੂੰ ਰੂਪਮਾਨ ਕਰਨ ਤੇ ਸ਼ਕਤੀ ਦਾ ਪ੍ਰਦਰਸ਼ਨ ਕਰਨ ਵਾਸਤੇ ਬਣਾਈਆਂ ਜਾਂਦੀਆਂ ਸਨ। ਡਿਉਢੀ ਤੋਂ ਸਬੰਧਤ ਧਰਮ ਮੰਦਰ, ਵਿਅਕਤੀ, ਰਾਜ-ਘਰਾਣੇ ਦੀ ਸ਼ਕਤੀ ਸਮਰੱਥਾ ਦਾ ਪਤਾ ਚਲਦਾ ਸੀ। ਘਰ ਵਿਚ ਭੁਖ ਨੰਗ ਹੋਵੇ ਤਾਂ ਡਿਉਢੀ ਤਾਮੀਰ ਨਹੀਂ ਕਰਵਾਈ ਜਾ ਸਕਦੀ। ਘਰ ਵਿਚ ਭੁਖ-ਨੰਗ ਬੂਹੇ ਅੱਗੇ ਡਿਉਢੀ ਇਸ ਅਰਥ ਨੂੰ ਰੂਪਮਾਨ ਕਰਦੀ ਹੈ।ਚੱਕ ਰਾਮਦਾਸ ਤੇ ਦਰਬਾਰ ਸਾਹਿਬ ਦੇ ਵਿਚਕਾਰ ਗੁਰੂ ਅਰਜਨ ਦੇਵ ਜੀ ਨੇ ਇਕ ਡਿਉਢੀ ਬਣਾਈ ਜਿਸਨੂੰ ਦਰਸ਼ਨੀ ਡਿਉਢੀ ਕਹਿੰਦੇ ਹਨ। ਉਥੇ ਹੁਣ ਮਾਈ ਸੇਵਾ ਬਜ਼ਾਰ ਵਿਚ ਗੁਰਦੁਆਰਾ ਹੈ। ਗੁਰਮਤਿ ਸ਼ਬਦਾਵਲੀ ’ਚ ਦਰਵਾਜ਼ੇ ਲਈ ਸ਼ਬਦ ਕਵਾਟ, ਕਵਾੜ, ਕਿਵਾੜ, ਕਪਾਟ, ਪਟ, ਤਖ਼ਤੇ, ਪੌਰ ਆਦਿ ਵਰਤੇ ਮਿਲਦੇ ਹਨ। ਦਰਸਨੀ ਡਿਉਢੀ, ਦਰਸ਼ਨੀ ਦਰਵਾਜ਼ਾ, ਦਰਸ਼ਨੀ ਦਵਾਰ, ਦਰਸ਼ਨੀ ਪੌਰ ਭਾਵ ਦੇਖਣ ਯੋਗ ਦਰਵਾਜ਼ਾ, ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਮੁੱਖ ਦਰਵਾਜ਼ਾ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ’ਚ ਜ਼ਿਕਰ ਹੈ:
ਸੁੰਦਰ ਬਨਾਯੋ ਦਰਸ਼ਨੀ ਪੌਰ
ਸਿੱਖਾਂ ’ਤੇ ਬੜੀ ਵਾਰ ਬੜੇ ਬਿਖੜੇ ਸਮੇਂ ਆਏ, ਦੁਸ਼ਮਣ ਅੰਮ੍ਰਿਤਸਰ ਦੀ ਬੇਅਦਬੀ ਕਰਕੇ ਸਿੱਖਾਂ ਨੂੰ ਚਿੜਾਉਂਦੇ ਸਨ। ਪਰ ਸਵੇਰੇ-ਸ਼ਾਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹਮੇਸ਼ਾ ਚੜ੍ਹਦੀ ਕਲ੍ਹਾ ’ਚ ਰਹੀ ਤੇ ਰਹੇਗੀ। 1762 ਈ: ਵਿਚ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਤੈਮੂਰ ਸ਼ਾਹ ਪੰਜਾਬ ਦਾ ਹਾਕਮ ਬਣਿਆ, ਉਸਨੇ ਪਹਿਲਾ ਕੰਮ ਸ੍ਰੀ ਹਰਿਮੰਦਰ ਸਾਹਿਬ ਨੂੰ ਮਿਟਾਉਣ ਦਾ ਹੀ ਕੀਤਾ। ਉਹ ਸਿੱਖਾਂ ਨੂੰ ਮੂਲੋਂ ਹੀ ਮੁਕਾਉਣਾ ਚਾਹੁੰਦਾ ਸੀ। ਉਸਨੂੰ ਦੱਸਿਆ ਗਿਆ ਕਿ ਸਿੱਖ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਅੰਮ੍ਰਿਤਸਰ ਸਰੋਵਰ ’ਚ ਇਸ਼ਨਾਨ ਕਰਕੇ ਜੀਵਨ ਦਾਨ ਪ੍ਰਾਪਤ ਕਰਦੇ ਹੋਏ ਮੌਤ ਨੂੰ ਵੀ ਮਖੌਲਾਂ ਕਰਦੇ, ਜੇਤੂ ਸ਼ਕਤੀ ਤੇ ਰੂਹ ਦੀ ਖੂਰਾਕ ਪ੍ਰਾਪਤ ਕਰਦੇ ਹਨ। 10 ਅਪ੍ਰੈਲ, 1762 ਨੂੰ ਅਹਿਮਦ ਸ਼ਾਹ ਦੌਰਾਨੀ ਨੇ ਵੱਡੇ ਘਲੂਘਾਰੇ ਤੋਂ ਮੁੜਦਿਆਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਨੀਹਾਂ ’ਚ ਬਰੂਦ ਭਰ ਕੇ ਪਵਿੱਤਰ ਇਤਿਹਾਸਕ ਇਮਾਰਤ ਨੂੰ ਉਡਾ ਦਿੱਤਾ। ਅੰਮ੍ਰਿਤਸਰ ਸਰੋਵਰ ਨੂੰ ਪੂਰ ਦਿੱਤਾ। ਸਿੱਖ ਸਰਦਾਰਾਂ ਨੇ ਅਰਦਾਸ ਬੇਨਤੀ ਕਰਕੇ ਚੜ੍ਹਦੀ ਕਲ੍ਹਾ ਦਾ ਸਬੂਤ ਦੇਂਦਿਆਂ ਅਕਤੂਬਰ, 1764 ਈ: ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਨਵ-ਉਸਾਰੀ ਆਰੰਭ ਕੀਤੀ।ਬਿਕਰਮੀ 1833, (1776 ਈ:) ’ਚ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਬਣ ਕੇ ਦੁਬਾਰਾ ਤਿਆਰ ਹੋ ਗਈ। ਪੁਲ ਅਤੇ ਦਰਸ਼ਨੀ ਦਰਵਾਜਾ ਸਾਦਾ ਪਰ ਬਹੁਤ ਮਜ਼ਬੂਤ ਬਣਾਏ ਗਏ। ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ’ਤੇ ਸੋਨਾ ਲਗਾਉਣ ਸਮੇਂ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਨਵੇਂ ਬਣਾਏ ਗਏ। ਦਰਸ਼ਨੀ ਦਰਵਾਜ਼ੇ ਵਾਸਤੇ ਹਾਥੀ ਦੰਦ ਦੀ ਨਿਕਾਸ਼ੀ ਵਾਲੀ ਜੋੜੀ ਚਾਉ-ਮਲਾਰ ਤੇ ਰੀਝ ਨਾਲ ਬੜੇ ਮੁਲ ’ਚ ਤਿਆਰ ਕਰਵਾਈ ਗਈ। ਸ੍ਰੀ ਹਰਿਮੰਦਰ ਸਾਹਿਬ, ਹਰਿ ਕੀ ਪਾਉੜੀ, ਪਰਕਰਮਾਂ, ਪੁਲ, ਦਰਸ਼ਨੀ ਡਿਉਢੀ ਤੇ ਸਰੋਵਰ ਦੀ ਪਰਕਰਮਾਂ ’ਚ ਸੰਗਮਰਮਰ, ਸੋਨੇ, ਚਾਂਦੀ, ਗੱਚ, ਮੀਨਾਕਾਰੀ ਤੇ ਜੜ੍ਹਤ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਨੇ 1803 ਈ: ’ਚ ਅਰੰਭ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ਿਆਂ ਲਈ ਸੁਨਹਿਰੀ ਜੋੜੀਆਂ ਤਿਆਰ ਕਰਵਾਈਆਂ ਗਈਆਂ। ਇਕ ਮਹਾਰਾਜਾ ਰਣਜੀਤ ਸਿੰਘ, ਦੋ ਸੁਨਹਿਰੀ ਜੋੜੀਆਂ ਮਹਾਰਾਜਾ ਖੜਕ ਸਿੰਘ ਤੇ ਉਨ੍ਹਾਂ ਦੀ ਮਾਤਾ ਵੱਲੋਂ ਤੇ ਚੌਥੀ ਮਹਾਰਾਣੀ ਚੰਦ ਕੌਰ ਵੱਲੋਂ ਤਿਆਰ ਕਰਵਾਈ ਗਈ। ਇਹ ਸਾਰੇ ਦਰਵਾਜ਼ੇ ਗਿਆਨੀ ਸੰਤ ਸਿੰਘ ਜੀ ਰਾਹੀਂ ਮਿਸਤਰੀ ਮੁਹੰਮਦ ਯਾਰ ਖਾਂ ਦੀ ਦੇਖ-ਰੇਖ ’ਚ ਤਿਆਰ ਹੋਏ। ਚਾਰ ਜੋੜੀਆਂ ਚਾਂਦੀ ਦੀਆਂ ਵੀ ਬਣਾਈਆਂ। 1803 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀਕਰਨ ਦਾ ਕਾਰਜ਼ ਅਰੰਭਿਆ ਸੀ ਜੋ 1830 ਈ: ਦੇ ਕਰੀਬ ਸੰਪੂਰਨ ਹੋਇਆ। ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ ਮਹਾਰਾਜਾ ਸ਼ੇਰ ਸਿੰਘ ਤਕ ਫ਼ਰਸ਼, ਚੌਗਾਠ, ਦਰਸ਼ਨੀ ਦਰਵਾਜ਼ੇ ਅਤੇ ਜੜ੍ਹਤ ਦਾ ਕੰਮ ਬਰਾਬਰ ਹੁੰਦਾ ਰਿਹਾ। ਤਾਰੀਖ-ਏ-ਦਰਬਾਰ ਸਾਹਿਬ, ਰੀਪੋਰਟ ਸ੍ਰੀ ਦਰਬਾਰ ਸਾਹਿਬ, ਤਵਾਰੀਖ਼ ਸ੍ਰੀ ਅੰਮ੍ਰਿਤਸਰ (ਕਰਮ ਸਿੰਘ ਹਿਸਟੋਰੀਅਨ), ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ, ਗਿਆਨੀ ਕਿਰਪਾਲ ਸਿੰਘ, ਸਾਬਕਾ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਲੇਖਕ ਊਦਮ ਸਿੰਘ (ਛਿਪਾਈ ਲਾਹੌਰ) ਅਨੁਸਾਰ ਦਰਸ਼ਨੀ ਦਰਵਾਜ਼ਾ ਮਹਾਰਜਾ ਰਣਜੀਤ ਸਿੰਘ ਦੇ ਸਮੇਂ ਮੁਹੰਮਦ ਯਾਰ ਕਾਰੀਗਰ ਰਾਹੀਂ ਦੇਸ਼ ਰਾਜ ਦੀ ਨਿਗਰਾਨੀ ’ਚ 1826 ਈ: ਨੂੰ ਸੰਪੂਰਨ ਕੀਤਾ। ਦੋਨੋਂ ਦਰਵਾਜ਼ੇ ਭਾਈ ਸੰਤ ਸਿੰਘ ਜੀ ਗਿਆਨੀ ਦੀ ਨਿਗਰਾਨੀ ’ਚ ਮੁਹੰਮਦ ਯਾਰ ਖਾਂ ਮਿਸਤਰੀ ਨੇ ਹਾਥੀ ਦੰਦ ਦੀ ਮੀਨਾਕਾਰੀ ਨਾਲ ਤਿਆਰ ਕੀਤੇ।
ਦਰਸ਼ਨੀ ਡਿਉਢੀ ਬਾਹਰੋਂ 66 ਫੁੱਟ ਲੰਬੀ ਤੇ 36 ਫੁੱਟ ਚੌੜੀ ਹੈ। ਦਰਵਾਜ਼ੇ ਦੀ ਵੱਡੀ ਚੌਗਾਠ ਸੰਗਮਰਮਰ ਦੀ ਹੈ ਜੋ 10 ਫੁੱਟ ਉ¤ਚੀ, ਸਾਢੇ ਅੱਠ ਫੁੱਟ ਚੌੜੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣੇ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਦੇ ਅੰਦਰ 45 ਫੁੱਟ ਲੰਮੀ ਤੇ 14 ਫੁੱਟ ਚੌੜੀ ਹੈ।ਦਰਸ਼ਨੀ ਡਿਉਢੀ ਦੀ ਦੋ ਮੰਜ਼ਲੀ ਇਮਾਰਤ ਹੈ। ਵਿਚਕਾਰਲੇ ਵੱਡੇ ਦਰਵਾਜ਼ੇ ਨੂੰ ਹੀ ਦਰਸ਼ਨੀ ਡਿਉਢੀ ਕਿਹਾ ਜਾਂਦਾ ਹੈ। ਦਰਸ਼ਨੀ ਡਿਉਢੀ ਦੇ ਦਰਵਾਜ਼ੇ ਦਾ ਬਾਹਰੀ ਅਕਾਰ ਇਸ ਤਰ੍ਹਾਂ ਹੈ: ਦਰਵਾਜ਼ੇ ਦੀ ਲੰਬਾਈ – 118 ਇੰਚ, ਚੌੜਾਈ 54 ਇੰਚ, ਦਰਵਾਜ਼ੇ ਦੀ ਰੋਕ – ਮੋਟਾਈ 5 ਇੰਚ – ਚੌੜਾਈ 3 ਇੰਚ, ਚੂਥੀ ਉਪਰ ਲੰਬਾਈ – 3 ਇੰਚ ਯ 2 ਇੰਚ, ਹੇਠਲੇ ਪਾਸੇ ਸਰੀਏ ਦੀ ਸੇਣੀ (ਗੋਲੀ) ਹੈ। ਸੱਜੇ ਦਰਵਾਜ਼ੇ ਵਿਚ ਇਕ ਬਾਰੀ ਹੈ – ਜਿਸ ਦੀ ਲੰਬਾਈ 32 ਇੰਚ ਤੇ ਚੌੜਾਈ 21 ਇੰਚ ਹੈ। ਹਰ ਦਰਵਾਜ਼ੇ ਨੂੰ 21 ਵੱਖ-ਵੱਖ ਅਕਾਰ ਦੇ ਦਿਲੇ ਹਨ ਇਨ੍ਹਾਂ ਦਰਵਾਜ਼ਿਆਂ ਦੇ ਹੇਠਲੇ ਪਾਸੇ ਦੀ ਲੱਕੜ ਬੁਰੀ ਤਰ੍ਹਾਂ ਗਲ ਚੁੱਕੀ ਹੈ ਤੇ ਮੀਨਾਕਾਰੀ ਬਹੁਤ ਸਾਰੀ ਉਖੜ ਚੁੱਕੀ ਹੈ। ਬਾਰੀ ਨੂੰ ਦਰਵਾਜ਼ੇ ਨਾਲ ਬੰਦ ਰੱਖਣ ਵਾਸਤੇ ਕੁੰਢਾ ਤੇ ਚਿਟਕਣੀ ਲੱਗੀ ਹੋਈ ਹੈ। ਦੋਨਾਂ ਦਰਵਾਜ਼ਿਆਂ ਨੂੰ ਜੋੜਨ ਵਾਸਤੇ ਅਰਲ ਦਾ ਪ੍ਰਬੰਧ ਹੈ। ਦਰਸ਼ਨੀ ਦਰਵਾਜ਼ੇ ਦੀ ਵੱਡੀ ਜੋੜੀ ਅੰਦਰੋਂ ਹਾਥੀ ਦੰਦ, ਬਾਹਰੋਂ ਰੂਪਹਿਰੀ (ਚਾਂਦੀ) ਦਾ ਕੰਮ ਹੋਇਆ। ਇਸ ਦੀ ਛੱਤ ’ਤੇ ਰਾਜਾ ਸੰਗਤ ਸਿੰਘ ਜੀਂਦ ਵਾਲਿਆਂ ਨੇ ਸੁਨਹਿਰੀ ਜੜ੍ਹਤ ਦਾ ਕੰਮ ਕਰਵਾਇਆ। ਦਰਸ਼ਨੀ ਡਿਊਢੀ ਦੇ ਉਪਰ ਤੋਸ਼ਾਖਾਨਾ ਸ਼ਸੋਭਿਤ ਹੈ। ਜਿਸ ਦੀ ਹਿਫਾਜ਼ਤ ਲਈ ਦਰਸ਼ਨੀ ਡਿਉਢੀ ਦੇ ਸਨਮੁਖ ਇਕ ਚੌਬਦਾਰ ਪਹਿਰੇ ’ਤੇ ਹੁੰਦਾ ਹੈ ਅਤੇ ਜਿਸ ਦੀ ਸੇਵਾ ਹਰ ਆਉਣ-ਜਾਣ ਵਾਲੇ ਸਰਧਾਲੂ ਤੇ ਨਿਗਾਹ ਰੱਖਣਾ ਅਤੇ ਕੜਾਹ ਪ੍ਰਸ਼ਾਦ ਦੀ ਪਰਚੀ ਪਕੜ, ਪਾੜ ਕੇ ਡਰੰਮ ’ਚ ਪਾਉਣਾ ਹੈ ਤਾਂ ਕਿ ਤਸੱਲੀ ਹੋ ਸਕੇ ਕਿ ਦੇਗ ਸ੍ਰੀ ਹਰਿਮੰਦਰ ਸਾਹਿਬ ’ਚ ਮਰਯਾਦਾ ਅਨੁਸਾਰ ਤਿਆਰ ਹੋਈ ਹੈ। ਰਾਤ ਨੂੰ ਇਸ ਦੇ ਹੱਥ ਵਿਚ ਸ੍ਰੀ ਸਾਹਿਬ ਹੁੰਦੀ ਹੈ ਪਰ ਦਿਨ ਦੇ ਸਮੇਂ ਚਾਂਦੀ ਦਾ ਆਸਾ, ਚੌਬ (ਡਾਂਗ) ਹੁੰਦੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਕਿਵਾੜ (ਦਰਸਨੀ ਡਿਉਢੀ ਦੇ ਕਿਵਾੜ) ਗਰਮੀਆਂ ’ਚ ਅੰਮ੍ਰਿਤ ਵੇਲੇ ਦੋ ਵਜੇ ਖੁਲਦੇ ਹਨ ਤੇ ਰਾਤ ਨੂੰ 11 ਵਜੇ ਬੰਦ ਹੁੰਦੇ ਹਨ। ਸਰਦੀਆਂ ਵਿਚ ਰਾਤ ਨੂੰ 10 ਵਜ਼ੇ ਬੰਦ ਹੁੰਦੇ ਹਨ ਅਤੇ ਸਵੇਰੇ 3 ਵਜ਼ੇ ਖੁਲਦੇ ਹਨ। ਦਰਸ਼ਨੀ ਦਰਵਾਜ਼ੇ ਬੰਦ ਹੋਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਫਰਾਸ਼ ਹੀ ਕੇਵਲ ਅੰਦਰ ਸੇਵਾ, ਸਫ਼ਾਈ-ਧੁਆਈ ਤੇ ਵਿਛਾਈ ਲਈ ਹਾਜ਼ਰ ਰਹਿੰਦੇ ਸਨ। ਕਿਵਾੜ੍ਹ ਖੁਲਣ ਤੋਂ ਪਹਿਲਾਂ ਪ੍ਰੇਮੀ, ਸ਼ਰਧਾਲੂ ਰਲਕੇ ਪ੍ਰੇਮ ਭਾਵਨਾ ਨਾਲ ਦਰਸ਼ਨੀ ਡਿਉਢੀ ਦੇ ਸਨਮੁੱਖ ਸੁਖਮਣੀ ਸਾਹਿਬ ਦਾ ਪਾਠ ਕਰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਬਿਹਬਲ ਸੰਗਤਾਂ ਪ੍ਰੇਮ ਨਾਲ ਦਰਸ਼ਨੀ ਡਿਉਢੀ ਦੇ ਸਨਮੁਖ ਸ਼ਬਦ ਪੜ੍ਹਦੀਆਂ ਹਨ:
ਦਰਮਾਦੇ ਠਾਢੇ ਦਰਬਾਰਿ ॥ ਤੁਝ ਬਿਨੁ ਸੁਰਤਿ ਕਰੈ ਕੋ ਮੇਰੀ
ਦਰਸਨੁ ਦੀਜੈ ਖੋਲਿ ਕਿਵਾਰ ॥ (ਪੰਨਾ 856)
ਇਸ਼ਨਾਨ ਦੀ ਸੇਵਾ ਸਮੇਂ ਕੇਵਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੱਲੋਂ ਜਾਰੀ ਸ਼ਨਾਖਤੀ ਕਾਰਡ ਵਾਲੇ ਅੰਮ੍ਰਿਤਧਾਰੀ ਗੁਰਸਿੱਖ ਹੀ ਦਰਸ਼ਨੀ ਦਰਵਾਜ਼ੇ ਦੀ ਬਾਰੀ ਰਾਹੀਂ ਅੰਦਰ ਪ੍ਰਵੇਸ਼ ਕਰਦੇ ਹਨ। ਚੌਬਦਾਰ ਸ਼ਨਾਖਤੀ ਕਾਰਡ ਦੇਖ ਕੇ ਹੀ ਅੰਦਰ ਸੇਵਾ ਵਾਸਤੇ ਭੇਜਦਾ ਹੈ। ਇਹ ਪ੍ਰੇਮੀ ਸ੍ਰੀ ਹਰਿਮੰਦਰ ਸਾਹਿਬ ਦੀ ਧੁਲਾਈ, ਸਫ਼ਾਈ, ਇਸ਼ਨਾਨ ਦੀ ਸੇਵਾ ਪ੍ਰੇਮ ਨਾਲ ਕਰਦੇ ਹਨ, ਜਿਸ ਦੀ ਨਿਗਰਾਨੀ ਫ਼ਰਾਸ਼ ਕਰਦਾ ਹੈ।
ਭਾਰਤ ਦੇ ਪ੍ਰਸਿੱਧ ਹਿੰਦੂ ਧਰਮ ਮੰਦਰ ਸੋਮਨਾਥ ਮੰਦਰ ਦਾ ਇਤਿਹਾਸ ਵੀ ਸ੍ਰੀ ਹਰਿਮੰਦਰ ਸਾਹਿਬ ਨਾਲ ਕੁਝ ਗੱਲਾਂ ਕਰਕੇ ਮਿਲਦਾ ਹੈ। ਇਸਨੂੰ 1024 ਈ: ਵਿਚ ਮੁਹੰਮਦ ਗਜ਼ਨੀ ਨੇ ਤਬਾਹ ਕਰ ਦਿੱਤਾ। ਸੋਮਨਾਥ ਮੰਦਰ ਨੂੰ ਦੇਸ਼-ਵਿਦੇਸ਼ ਦੇ ਵੱਖ-2 ਹਮਲਾਵਰਾਂ ਨੇ 6 ਵਾਰ ਢਾਹਿਆ।1296 ਈ: ਵਿਚ ਸੁਲਤਾਨ ਅਲਾਉਦੀਨ ਖਿਲਜ਼ੀ ਨੇ ਇਸ ਨੂੰ ਤਬਾਹ ਕੀਤਾ (ਢਾਹਿਆ)। 1375 ਈ ਅਤੇ 1451 ਈ: ਵਿਚ ਗੁਜਰਾਤ ਦੇ ਹੀ ਸੁਲਤਾਨਾਂ ਨੇ ਇਸ ਨੂੰ ਢਾਹਿਆ। 1701 ਈ: ਵਿਚ ਔਰੰਗਜ਼ੇਬ ਬਾਦਸ਼ਾਹ ਨੇ ਇਸਨੂੰ ਢਾਹਿਆ ਤੇ ਇਸ ਥਾਂ ਇਕ ਮਸਜਿਦ ਉਸਾਰ ਦਿੱਤੀ। 1783 ਈ: ਵਿਚ ਰਾਣੀ ਅਹਿਲਬਾਦੀ ਹੋਲਕਰ (ਇੰਦੌਰ) ਨੇ ਇਸ ਨੂੰ ਫਿਰ ਤਾਮੀਰ ਕਰਵਾਇਆ। 1951 ਈ: ’ਚ ਦੇਸ਼ ਦੀ ਅਜ਼ਾਦੀ ਉਪਰੰਤ ਮੌਜੂਦਾ ਸਰੂਪ ਦਾ ਸੋਮਨਾਥ ਮੰਦਰ ਸ੍ਰੀ ਸੋਮਨਾਥ ਟਰੱਸਟ ਵੱਲੋਂ ਤਾਮੀਰ ਕੀਤਾ ਗਿਆ ਹੈ।ਮੌਜੂਦਾ ਸੋਮਨਾਥ ਮੰਦਰ 7ਵੀਂ ਵਾਰ ਪਹਿਲੀ ਥਾਂ ’ਤੇ ਉਸਾਰਿਆ ਗਿਆ ਹੈ। 1951 ਈ: ਵਿਚ ਡਾ. ਰਜਿੰਦਰ ਪ੍ਰਸ਼ਾਦ ਰਾਸ਼ਟਰਪਤੀ ਭਾਰਤ ਸਰਕਾਰ ਨੇ ਨਵੇਂ ਮੰਦਰ ਦੀ ਅਰੰਭਤਾ ਸਮੇਂ ਕਿਹਾ,ਸੋਮਨਾਥ ਮੰਦਰ ਦੇ ਦਰਵਾਜਿਆਂ ਸੰਬਧੀ ਚਲ ਰਹੇ ਵਿਵਾਦ ਨੂੰ ਹਾਊਸ ਆਫ਼ ਕਾਮਨਜ਼ ਯੂ. ਕੇ. ਵਲੋਂ ਉਕਤ ਲਿਖਤ ਇਤਿਹਾਸਕ ਘੋਸ਼ਣਾ ਨੇ ਹਮੇਸ਼ਾ ਲਈ ਸਮਾਪਤ ਕਰ ਦਿੱਤਾ: 1842 ਈ: ਵਿਚ ਫ਼ਸਟ ਅਰਲ ਆਫ਼ ਐਡਨ ਬਰੋ ਇੰਗਲੈਂਡ ਨੇ ਸੋਮਨਾਥ ਦੇ ਦਰਵਾਜ਼ਿਆਂ ਬਾਰੇ ਨਿਮਨ ਲਿਖਤ ਘੋਸ਼ਣਾ ਕੀਤੀ। ਅਫਗਾਨਿਸਤਾਨ ਵਿਚ ਮੌਜੂਦ ਬਰਿਟਸ਼ ਆਰਮੀ ਨੂੰ ਇਹ ਆਦੇਸ਼ ਕੀਤਾ ਕਿ ਉਹ ਵਾਪਸੀ ’ਤੇ ਮਹਿਮੂਦ ਗਜ਼ਨੀ ਦੇ ਮਕਬਰੇ ਦੇ ਸੰਦਲ ਦੀ ਲਕੜੀ ਦੇ ਬਣੇ ਹੋਏ ਦਰਵਾਜ਼ੇ ਲੈ ਕੇ ਆਉਣ। ਇਹ ਖ਼ਿਆਲ ਕੀਤਾ ਜਾਂਦਾ ਸੀ ਕਿ ਇਹ ਦਰਵਾਜ਼ੇ ਮਹਿਮੂਦ ਗਜ਼ਨੀ ਸੋਮਨਾਥ ਮੰਦਰ ਤੋਂ ਉਤਾਰ ਕੇ ਲੈ ਗਿਆ ਸੀ। 1843 ਨੂੰ ਹਾਊਸ ਆਫ਼ ਕਾਮਨਜ਼ ਲੰਡਨ ਵਿਚ ਇਸ ਸੁਆਲ ’ਤੇ ਸਰਕਾਰ ਅਤੇ ਵਿਰੋਧੀ ਧਿਰ ਵਿਚ ਗਰਮਾ-ਗਰਮ ਬਹਿਸ ਹੋਈ। ਫ਼ੈਸਲੇ ਅਨੁਸਾਰ ਜਿਤ ਦੀ ਨਿਸ਼ਾਨੀ ਵਜ਼ੋਂ ਦਰਵਾਜ਼ੇ ਉਖਾੜ ਕੇ ਵਾਪਸ ਲਿਆਂਦੇ ਗਏ। ਨਿਰਖ-ਪਰਖ ਉਪਰੰਤ ਇਹ ਸਾਬਤ ਹੋਇਆ ਕਿ ਇਹ ਦਰਵਾਜ਼ੇ ਮਿਸਰ ਦੀ ਕਾਰਾਗਰੀ ਨਮੂਨੇ ਅਨੁਸਾਰ ਬਣੇ ਹਨ ਅਤੇ ਇਨ੍ਹਾਂ ਦਾ ਭਾਰਤ ਨਾਲ ਕਿਸੇ ਤਰ੍ਹਾਂ ਵੀ ਸਬੰਧਤ ਨਹੀਂ। ਦਰਵਾਜਿਆਂ ਨੂੰ ਆਗਰੇ ਦੇ ਕਿਲ੍ਹੇ ਦੇ ਮਾਲ ਗੁਦਾਮ ’ਚ ਰੱਖ ਦਿਤਾ ਗਿਆ, ਜਿਹੜੇ ਹੁਣ ਵੀ ਉਥੇ ਮੌਜੂਦ ਹਨ।
ਇਤਿਹਾਸਕ ਤੱਥ ਹੈ ਕਿ ਸਿੱਖ ਸ਼ਰਧਾਲੂ ਤੇ ਸਿੱਖ ਇਤਿਹਾਸ ਨੂੰ ਜਾਨਣ ਵਾਲੇ ਇਤਿਹਾਸਕ ਤੱਥ ਤੋਂ ਜਾਣੂੰ ਹਨ ਕਿ ਹੈਦਰਾਬਾਦ ਦੇ ਨਵਾਬ ਨੇ ਨਿਹਾਇਤ ਸੁੰਦਰ ਚਾਨਣੀ ਮਿਤਰਤਾ ਦੀ ਨਿਸ਼ਾਨੀ ਵਜ਼ੋਂ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਜਿਸ ਨੂੰ ਰਾਮ ਬਾਗ ਲਗਵਾਇਆ ਤੇ ਹੇਠ ਬੈਠ ਗਏ। ਜਦ ਉਨ੍ਹਾਂ ਨੇ ਚਾਨਣੀ ਦੀ ਸੁੰਦਰਤਾ ਤੇ ਸ਼ਾਨ ਦੇਖੀ ਤਾਂ ਉਹ ਬੋਲ-ਉਠੇ, ਇਹ ਬਹੁਮੁਲੀ ਸੁਗਾਤ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ’ਚ ਚਾਹੀਦੀ ਹੈ। ਮੈਨੂੰ ਇਸ ਦੇ ਵਰਤਣ ਦਾ ਹੱਕ ਨਹੀਂ! ਉਨ੍ਹਾਂ ਨੇ ਚਾਨਣੀ ਉਤਰਾ ਕੇ ਸ੍ਰੀ ਹਰਿਮੰਦਰ ਸਾਹਿਬ ਭੇਂਟ ਕੀਤੀ, ਜਿਸ ’ਤੇ ਉਨ੍ਹਾਂ ਨੂੰ ਚਾਨਣੀ ਹੇਠ ਬੈਠਣ ਕਰਕੇ ਤਨਖਾਹ (ਧਾਰਮਿਕ ਸਜਾ) ਵੀ ਲਾਈ ਗਈ। ਮਹਾਰਾਜਾ ਰਣਜੀਤ ਸਿੰਘ ਵੱਲੋਂ ਭਨੋੜੀ ਜ਼ਿਲ੍ਹਾ ਕਾਂਗੜਾ ਤੇ ਨਰੈਣਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਦੋ ਪਿੰਡ ਤਨਖਾਹ ਵਜ਼ੋਂ ਸ੍ਰੀ ਦਰਬਾਰ ਸਾਹਿਬ ਨਾਲ ਜਾਗੀਰ ਲਗਾਈ ਗਈ। ਜਿਸ ਮਹਾਰਾਜੇ ਦੀ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਜਿਹੀ ਸ਼ਰਧਾ ਭਾਵਨਾ ਸੀ, ਕੀ ਉਹ ਕਿਸੇ ਧਾੜਵੀ ਵੱਲੋਂ ਹਿੰਦੂ ਮੰਦਰ ਦੇ ਉਤਾਰੇ ਹੋਏ ਦਰਵਾਜ਼ੇ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਨੂੰ ਲਗਵਾ ਦੇਵੇਗਾ? ਮਨ ਹਰਗਜ਼ ਇਸ ਦਲੀਲ ਨੂੰ ਮਨਜ਼ੂਰ ਨਹੀਂ ਕਰਦਾ। ਜੇਕਰ ਸਿੱਖ ਸਰਦਾਰ ਤੇ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਰ-ਚਾਰ ਜੋੜੀਆਂ ਸੋਨੇ-ਚਾਂਦੀ ਦੀਆਂ ਤਿਆਰ ਕਰਵਾ ਸਕਦੇ ਹਨ ਤਾਂ ਉਨ੍ਹਾਂ ਨੂੰ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਲੁਟੇਰਿਆਂ ਪਾਸੋਂ ਖੋਹ ਕੇ ਲਾਉਣ ਦੀ ਕੀ ਜ਼ਰੂਰਤ ਸੀ? ਅਜਿਹਾ ਕਰਨਾ ਸਿੱਖ ਸੋਚ ਅਨੁਸਾਰ ਵੀ ਨਹੀਂ ਤੇ ਨਾ ਹੀ ਕੋਈ ਸਿੱਖ ਅਜਿਹਾ ਕਰਨਾ ਸੋਚ ਸਕਦਾ ਹੈ।
ਦੂਸਰਾ ਕੀ ਦਰਸ਼ਨੀ ਡਿਊਢੀ ਬਣਾਉਣ ਸਮੇਂ ਇਸਦੇ ਦਰਸ਼ਨੀ ਦਰਵਾਜ਼ੇ ਦੀ ਲੰਬਾਈ-ਚੌੜਾਈ-ਉਚਾਈ ਸੋਮਨਾਥ ਦੇ ਮੰਦਰ ਦੇ ਦਰਵਾਜ਼ਿਆਂ ਦੀ ਗਿਣਤੀ-ਮਿਣਤੀ ਕਰਕੇ ਕਰਵਾਈ ਗਈ ਸੀ? ਇਸਨੂੰ ਵੀ ਕੋਈ ਦਾਨਸ਼ਵਰ ਪਰਵਾਨ ਨਹੀਂ ਕਰੇਗਾ। ਮੰਨ ਲਵੋ ਕੇ ਸੋਮਨਾਥ ਦੇ ਮੰਦਰ ਦੇ ਦਰਵਾਜ਼ੇ ਸਿੱਖਾਂ ਗਜ਼ਨੀ ਦੇ ਲੁਟੇਰਿਆਂ ਪਾਸੋਂ ਖੋਹ ਲਏ ਹੋਣ, ਤਦ ਵੀ ਇਹ ਨਹੀਂ ਮੰਨਿਆ ਜਾ ਸਕਦਾ ਕਿ ਸਿੱਖਾਂ ਨੇ ਉਨ੍ਹਾਂ ਨੂੰ ਹਰਮਿੰਦਰ ਸਾਹਿਬ ਦੀ ਦਰਸ਼ਨੀ ਡਿਉਢੀ ’ਤੇ ਲਗਾ ਦਿਤਾ ਹੋਵੇ। ਇਹ ਵੀ ਮੰਨਿਆ ਨਹੀਂ ਜਾ ਸਕਦਾ ਕਿ ਦਰਵਾਜ਼ੇ ਮਿਲ ਗਏ ਹੋਣ ਤੇ ਉਨ੍ਹਾਂ ਅਨੁਸਾਰ ਦਰਸ਼ਨੀ ਡਿਉਢੀ ਤਿਆਰ ਕਰਵਾਈ ਗਈ ਹੋਵੇ? ਗਜ਼ਨੀ ਦੇ ਲੁਟੇਰਿਆਂ ਤਾਂ ਸੈਂਕੜੇ ਕੁਵਿੰਟਲ ਸੋਨਾ ਲੁਟਿਆ ਸੀ ਉਹ ਤਾਂ ਸਿੱਖਾਂ ਸੰਭਾਲਿਆ ਨਾ, ਇਹ ਦਰਵਾਜ਼ੇ ਸੰਭਾਲਣੇ ਸਨ ਤੇ ਜਾਨ ਨਾਲੋਂ ਪਿਆਰੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਨੂੰ ਲਾਉਣੇ ਸਨ? ਇਹ ਸਭ ਬੇਤੁਕੀਆਂ ਬੇਹੂਦਾ ਗੱਲਾਂ ਹਨ।
ਸੋਮਨਾਥ ਮੰਦਰ ਦੇ ਦਰਵਾਜ਼ੇ ਤਾਂ ਕੀ, ਕਿਸੇ ਵੀ ਚੀਜ਼ ਦਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨੀ ਦਰਵਾਜ਼ੇ ਨਾਲ ਮੁਕਾਬਲਾ ਕਰਨਾ ਗਲਤ ਹੈ। ਦਰਸ਼ਨੀ ਦਰਵਾਜ਼ਿਆਂ ਨੂੰ ਕਬਜ਼ੇ ਨਹੀਂ ਹਨ। ਪੁਰਾਤਨ ਰਵਾਇਤ ਅਨੁਸਾਰ ਦੋਨਾਂ ਦਰਵਾਜ਼ਿਆਂ ਨੂੰ ਉਪਰ ਦੋ ਚੂਥੀਆਂ ਲੱਗੀਆਂ ਹੋਈਆਂ ਹਨ ਅਤੇ ਹੇਠਾਂ ਲੋਹੇ ਦੀਆਂ ਗੋਲੀਆਂ, ਜਿਨ੍ਹਾਂ ’ਤੇ ਦਰਵਾਜੇ ਦਾ ਸਾਰਾ ਭਾਰ ਟਿਕਦਾ ਹੈ। ਸੋਮਨਾਥ ਦੇ ਮੰਦਰ ਨੂੰ ਇਨ-ਬਿਨ, ਹੂ-ਬਹੂ ਚੌਗਾਠ ਤੇ ਚੂਥੀਆਂ ਲੱਗੀਆਂ ਹੋਈਆਂ ਹਨ? ਸਬ ਬੇਕਾਰ ਦਾ ਵਾਦ-ਵਿਵਾਦ ਹੈ।
ਦੂਸਰਾ ਇਹ ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਸਰਦਾਰਾਂ ਦੀ ਬਹਾਦਰੀ ਦਾ ਪ੍ਰਗਟਾਅ ਨਹੀਂ – ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਪ੍ਰਤੀ ਉਨ੍ਹਾਂ ਦੀ ਸ਼ਰਧਾ, ਭਾਵਨਾ, ਸਤਿਕਾਰ ਤੇ ਸਮਰਪਿਤ ਭਾਵਨਾ ’ਤੇ ਪ੍ਰਸ਼ਨ ਚਿੰਨ ਹੈ? ਅਜਿਹਾ ਹਰਗਿਜ਼ ਨਹੀਂ ਹੋ ਸਕਦਾ। ਬੇਕਾਰ ਦੇ ਸੁਆਲ ਪੈਦਾ ਕਰਕੇ ਕੌਮ ਵਿਚ ਦੁਬਿਧਾ ਨਹੀਂ ਖੜੀ ਕਰਨੀ ਚਾਹੀਦੀ। ਪਤਾ ਨਹੀਂ ਕਿਸ ਨੇ ਇਹ ਅਫਵਾਹ ਛੱਡ ਦਿੱਤੀ ਹੈ ਕਿ ਇਹ ਦਰਸ਼ਨੀ ਦਰਵਾਜ਼ੇ ਸੋਮਨਾਥ ਮੰਦਰ ਦੇ ਹਨ ਤੇ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਾਪਸ ਕਰ ਦੇਵੇਗੀ? ਸ੍ਰੀ ਹਰਿਮੰਦਰ ਸਾਹਿਬ ਦੀ ਤਾਂ ਚਰਣ ਧੂੜ ਨੂੰ ਸਿੱਖ ਮਸਤਕ ਨਾਲ ਲਾਉਂਦੇ ਤੇ ਸੰਭਾਲਦੇ ਹਨ, ਕਿਹੜਾ ਸਿੱਖ ਇਤਿਹਾਸਕ-ਵਿਰਾਸਤੀ ਮਹੱਤਤਾ ਵਾਲੇ ਦਰਵਾਜ਼ਿਆਂ ਨੂੰ ਵਾਪਸ ਕਰਨ ਬਾਰੇ ਸੋਚਣ ਵੀ ਦੇਵੇਗਾ? ਇਹ ਸਭ ਬੇਤੁਕੀਆਂ ਅਫਵਾਹਾਂ ਹਨ।
ਦਰਸ਼ਨੀ ਦਰਵਾਜ਼ੇ ਲੰਬਾਈ-ਚੌੜਾਈ ਅਨੁਸਾਰ ਹਾਥੀ ਦੰਦ, ਚਾਂਦੀ ਤੇ ਨਿਕਾਸ਼ੀ ਆਦਿ ਦਾ ਕੰਮ ਹੋਣ ਕਰਕੇ ਬਹੁਤ ਭਾਰੇ ਹਨ। ਦਰਵਾਜ਼ਿਆਂ ਦੀਆਂ ਬਾਹੀਆਂ, ਦਿਲੇ ਖ਼ਰਾਬ ਹੋਣ ਕਰਕੇ ਡਿਗ ਰਹੇ ਹਨ। ਇਨ੍ਹਾਂ ਦਰਵਾਜ਼ਿਆਂ ਨੂੰ ਟਿਕਾਉਣ ਵਾਸਤੇ ਜੋ ਚੂਥੀਆਂ ਹਨ ਉਹ ਸਮੇਂ ਨਾਲ ਖਸਤਾ ਹੋ ਜਾਂਦੀਆਂ ਹਨ। ਜਿਹਨਾਂ ਦੇ ਖਰਾਬ ਹੋਣ ਕਾਰਨ ਇਨ੍ਹਾਂ ਦਰਵਾਜਿਆਂ ਦੀ ਸਾਂਭ-ਸੰਭਾਲ ’ਚ ਦਿਕਤ ਆਉਂਦੀ ਹੈ। ਭਾਰੇ ਦਰਵਾਜ਼ੇ ਦੀਆਂ ਚੂਥੀਆਂ ਖਰਾਬ ਹੋਣ ਕਾਰਣ ਇਹ ਕਿਸੇ ਸਮੇਂ ਵੀ ਡਿਗ ਸਕਦੇ ਹਨ ਤੇ ਜਿਨ੍ਹਾਂ ਦੇ ਡਿਗਣ ਨਾਲ ਅਚਾਨਕ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਸਾਡੀ ਸਮਝ ਅਨੁਸਾਰ ਇਹ ਕਾਰਜ਼ ਸਮੇਂ ਸਿਰ ਕਰਵਾਇਆ ਜਾ ਰਿਹਾ ਹੈ। ਵਿਰਾਸਤ ਦੀ ਸੇਵਾ-ਸੰਭਾਲ ਵਾਸਤੇ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਵਿਰਾਸਤੀ ਵਸਤਾਂ ਦੀ ਸੇਵਾ ਸੰਭਾਲ ਸਮੇਂ ਸਿਰ ਨਹੀਂ ਕਰਾਂਗੇ ਤਾਂ ਉਹ ਬਰਬਾਦ ਹੋ ਜਾਣਗੀਆਂ। ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਕਮੇਟੀ ਵੱਲੋਂ ਇਹ ਸਮੇਂ ਸਿਰ ਲਿਆ ਸਹੀ ਫੈਸਲਾ ਹੈ। ਇਹ ਜ਼ਰੂਰ ਹੈ ਕਿ ਇਨ੍ਹਾਂ ਦੀ ਸੁਰੱਖਿਅਤ ਸੰਭਾਲ ਵਾਸਤੇ ਇਨ੍ਹਾਂ ਦਾ ਅਸਲ ਨਮੂਨਾ ਕਾਇਮ ਰਹਿਣਾ ਚਾਹੀਦਾ ਹੈ।
ਅੰ: ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮਤਾ ਨੰ: 308 ਮਿਤੀ 08-03-2010 ਰਾਹੀਂ ਇਤਿਹਾਸਕ ਤੇ ਵਿਰਾਸਤੀ ਦਰਵਾਜ਼ਿਆਂ ਦੀ ਸੇਵਾ-ਸੰਭਾਲ ਕਰਨ ਵਾਸਤੇ ਸੇਵਾ ਚਾਰ ਜੁਲਾਈ, 2010 ਨੂੰ ਪੰਥਕ ਰਵਾਇਤਾਂ ਅਨੁਸਾਰ ਆਰੰਭ ਹੋਈ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿ. ਗੁਰਬਚਨ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਗਿ: ਜਸਵਿੰਦਰ ਸਿੰਘ, ਤਖ਼ਤ ਪਟਨਾ ਸਾਹਿਬ ਜਥੇਦਾਰ ਗਿ: ਇਕਬਾਲ ਸਿੰਘ ਜੀ, ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਗੁ:ਪ੍ਰ: ਕਮੇਟੀ, ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਾਹਿਬਾਨ, ਮੈਂਬਰਾਨ ਸ਼੍ਰੋਮਣੀ ਕਮੇਟੀ, ਅਧਿਕਾਰੀਆਂ ਤੇ ਭਾਰੀ ਗਿਣਤੀ ’ਚ ਸੰਗਤਾਂ ਦੀ ਹਾਜ਼ਰੀ ’ਚ ਸੇਵਾ ਅਰੰਭ ਹੋਈ। ਦਰਵਾਜ਼ਿਆਂ ਦੀ ਸੇਵਾ ਸ੍ਰੀ ਹਰਿਮੰਦਰ ਸਾਹਿਬ ਸਮੂੰਹ ’ਚ ਹੀ ਹੋਵੇਗੀ ਤਾਂ ਕਿ ਕਿਸੇ ਕਿਸਮ ਦਾ ਵਾਦ-ਵਿਵਾਦ ਨਾ ਹੋਵੇ। ਇਨ੍ਹਾਂ ਦੀ ਕੋਈ ਕੀਮਤ ਨਹੀਂ- ਇਹ ਅਮੁਲੇ ਹਨ। ਕਾਰਨ ਇਨ੍ਹਾਂ ’ਤੇ ਹਾਥੀ ਦੰਦ, ਚਾਂਦੀ ਦਾ ਹੋਇਆ ਕੰਮ ਨਹੀਂ ਸਗੋਂ ਇਨ੍ਹਾਂ ਦਾ ਸਰੋਕਾਰ ਤੇ ਸਬੰਧ ਸ੍ਰੀ ਹਰਿਮੰਦਰ ਸਾਹਿਬ ਨਾਲ ਜੋ ਸਿੱਖਾਂ ਦੀ ਆਨ-ਸ਼ਾਨ, ਪਹਿਚਾਣ ਤੇ ਮਾਣ ਹੈ। ਦਰਸ਼ਨੀ ਡਿਉਢੀ ਦੇ ਦਰਸ਼ਨੀ ਦਰਵਾਜ਼ਿਆਂ ਨੂੰ ਸਤਿਕਾਰ ਸਹਿਤ ਉਤਾਰ ਕੇ ਸ਼ੀਸ਼ੇ ਦੇ ਬਣੇ ਵਿਸ਼ੇਸ਼ ਕੈਬਨਾਂ ’ਚ ਸੁਰੱਖਿਅਤ ਕਰ ਲਿਆ ਗਿਆ ਹੈ। ਦਰਸ਼ਨੀ ਡਿਉਢੀ ’ਚ ਆਰਜੀ ਤੌਰ ’ਤੇ ਸੁੰਦਰ ਦਰਸ਼ਨੀ ਦਰਵਾਜ਼ੇ ਲਗਾ ਦਿਤੇ ਗਏ ਹਨ ਤਾਂ ਕਿ ਰੋਜ਼ਾਨਾ ਦੀ ਮਰਯਾਦਾ ਵਿਚ ਵਿਘਨ ਨਾ ਪਵੇ।
****

ਨਵੀਂ ਦਿੱਲੀ-ਸੰਸਦ ਦੇ ਦੋਵਾਂ ਸਦਨਾਂ ਨੂੰ ਵਿਰੋਧੀ ਧਿਰਾਂ ਨੇ ਜ਼ਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ਦੇ ਮੁੱਦੇ ਉ¤ਤੇ ਅੱਜ ਚੱਲਣ ਨਹੀਂ ਦਿੱਤਾ। ਅਖੀਰ ਬਿਨਾਂ ਕਿਸੇ ਕੰਮ-ਕਾਜ ਦੇ ਦੋਵਾਂ ਸਦਨਾਂ ਨੂੰ ਦਿਨ ਭਰ ਲਈ ਬਰਖਾਸਤ ਕਰਨਾ ਪਿਆ। ਜਿਉਂ ਹੀ ਦੋਵੇਂ ਸਦਨ 11 ਵਜੇ ਸ਼ੁਰੂ ਹੋਇਆ, ਭਾਜਪਾ ਅਤੇ ਦੂਸਰੇ ਵਿਰੋਧੀ ਦਲ ਦੇ ਮੈਂਬਰ ਮਹਿੰਗਾਈ ਵਿਰੁੱਧ ਨਾਅਰੇ ਮਾਰਨ ਲੱਗੇ। ਲੋਕ ਸਭਾ ਵਿਚ ਤਾਂ ਨਾਅਰੇ ਮਾਰਦੇ ਮੈਂਬਰ ਸਦਨ ਦੇ ਐਨ ਵਿਚਕਾਰ ਦਾਖਲ ਹੋ ਗਏ ਤਾਂ ਸਪੀਕਰ ਮੀਰਾ ਕੁਮਾਰ ਨੂੰ ਦੋ ਵਜੇ ਤੱਕ ਸਦਨ ਨੂੰ ਬਰਖਾਸਤ ਕਰਨਾ ਪਿਆ।