ਲੰਡਨ-ਬਰਤਾਨੀਆ ਦੀ ਕੈਬਨਿਟ ਵਿਚ ਪਹਿਲੀ ਵਾਰ ਕਿਸੇ ਪੰਜਾਬੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ, ਜੋ ਭਾਈਚਾਰੇ ਕਈ ਵੱਡੀ ਖੁਸ਼ੀ ਦਾ ਸਬੱਬ ਹੈ। ਉਂਜ ਕਈ ਪਰਵਾਸੀ ਭਾਰਤੀਆਂ ਨੇ ਪਾਕਿਸਤਾਨੀ ਪੰਜਾਬ ਮੂਲ ਦੀ ਸਈਦਾ ਵਾਰਸੀ ਦੇ ਕਨਜ਼ਰਵੇਟਿਵ/ਲਿਬਡੈਮ ਸਰਕਾਰ ਵਿਚ ਬਿਨਾਂ ਮਹਿਕਮੇ ਤੋਂ ਮੰਤਰੀ ਬਣਾਏ ਜਾਣ ਦੇ ਐਲਾਨ ’ਤੇ ਕੋਈ ਉਤਸ਼ਾਹ ਪ੍ਰਗਟ ਨਹੀਂ ਕੀਤਾ। ਯਾਰਕਸ਼ਾਇਰ ਵਿਚ ਜਨਮੀ 39 ਸਾਲਾ ਵਾਰਸੀ ਕਿੱਤੇ ਵਜੋਂ ਵਕੀਲ ਹਨ ਅਤੇ ਉਸ ਦੇ ਬੱਸ ਡਰਾਈਵਰ ਪਿਤਾ ਸਫਦਰ ਹੁਸੈਨ 50 ਕੁ ਸਾਲ ਪਹਿਲਾਂ ਰਾਵਲਪਿੰਡੀ ਤੋਂ ਦੱਖਣ-ਪੂਰਬ ਵੱਲ ਗੁੱਜਰਖਾਨ ਇਲਾਕੇ ਦੇ ਪਿੰਡ ਪੱਕਾ ਖੂਹ ਤੋਂ ਬਰਤਾਨੀਆ ਆ ਗਏ ਸਨ।ਬਰਤਾਨੀਆ ਵਿਚ ਵਾਰਸੀ ਦੇ ਪ੍ਰਸ਼ੰਸਕ ਉਸ ਨੂੰ ਉਦਾਰਵਾਦੀ ਮੰਨਦੇ ਹਨ ਅਤੇ ਉਹ ਨਫਰਤ ਦਾ ਪ੍ਰਚਾਰ ਕਰਨ ਵਾਲੇ ਇਸਲਾਮੀ ਕੱਟੜਪੰਥੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਰਹਿੰਦੇ ਹਨ। ਉਂਜ, ਨਾਰੀਵਾਦੀ ਹੱਕਾਂ ਦੀ ਝੰਡਾ ਬਰਦਾਰ ਕਹਾਉਣ ਵਾਲੀ ਵਾਰਸੀ ਦੀ ਆਪਣੀ ਸ਼ਾਦੀ 19 ਸਾਲ ਦੀ ਉਮਰ ਵਿਚ ਪਰਿਵਾਰ ਦੀ ਮਰਜ਼ੀ ਮੁਤਾਬਕ ਹੋਈ ਸੀ। ਉਨ੍ਹਾਂ ਖਿਲਾਫ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜਦੋਂ ਪਾਕਿਸਤਾਨ ਜਾਂਦੇ ਹਨ ਤਾਂ ਬੁਰਕਾ ਪਹਿਨਦੇ ਹਨ। ਬਰਤਾਨਵੀ ਸਰਕਾਰ ਦੀ ਨੀਤੀ ’ਤੇ, ਖਾਸ ਕਰ ਕਸ਼ਮੀਰ ਜਿਹੇ ਵਿਦੇਸ਼ ਨੀਤੀ ਦੇ ਮੁੱਦਿਆਂ ’ਤੇ ਉਨ੍ਹਾਂ ਦਾ ਅਸਰ ਅਜੇ ਮਾਪਿਆ ਜਾਣਾ ਹੈ। ਇਕ ਉਤਸ਼ਾਹੀ ਪਾਕਿਸਤਾਨੀ ਵੈੱਬਸਾਈਟ ’ਤੇ ਇਕ ਕਥਨ ਦਿੱਤਾ ਗਿਆ ਹੈ ਕਿ ਭਾਵੇਂ ਬੀਬੀ ਵਾਰਸੀ ਬਰਤਾਨੀਆ ਵਿਚ ਰਹਿੰਦੇ ਹਨ ਪਰ ਉਨ੍ਹਾਂ ਦਾ ਦਿਲ ਪਾਕਿਸਤਾਨ ਲਈ ਧੜਕਦਾ ਹੈ।ਵਾਰਸੀ ਨੂੰ ਬਰਤਾਨਵੀ ਕੈਬਨਿਟ ਵਿਚ ਸ਼ਾਮਲ ਕਰਨ ’ਤੇ ਜਿੰਨੇ ਵੀ ਪਰਵਾਸੀ ਭਾਰਤੀਆਂ ਨਾਲ ਗੱਲਬਾਤ ਹੋਈ ਉਹ ਇਸ ਗੱਲੋਂ ਫਿਕਰਮੰਦ ਦਿਖੇ ਕਿ ਲੰਡਨ ਦੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਨਾਲ ਦੁਵੱਲੇ ਸਬੰਧਾਂ ’ਤੇ ਪ੍ਰਭਾਵ ਪੈ ਸਕਦਾ ਹੈ। ਉਂਜ, ਕਿਆਮਤ ਦੀ ਪੇਸ਼ੀਨਗੋਈ ਕਰਨ ਵਾਲੇ ਇਹ ਭੁੱਲ ਜਾਂਦੇ ਹਨ ਕਿ ਜੇ ਲੇਬਰ ਸੱਤਾ ਵਿਚ ਬਣੀ ਰਹਿੰਦੀ ਤਾਂ ਭਾਰਤ ਪ੍ਰਤੀ ਬਰਤਾਨਵੀ ਸਰਕਾਰ ਦੇ ਨਜ਼ਰੀਏ ਵਿਚ ਕਿਹੜੀ ਵੱਡੀ ਤਬਦੀਲੀ ਆਉਣੀ ਸੀ।ਇਸ ਗੱਲ ਦੇ ਕਾਫੀ ਸਬੂਤ ਹਨ ਕਿ ਲੇਬਰ ਪਾਰਟੀ ਸਾਰੇ ਮਹੱਤਵਪੂਰਨ ਮੁੱਦਿਆਂ ’ਤੇ ਭਾਰਤ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦੇ ਆਪਣੀ ਨੀਤੀ ਦਾ ਜਾਇਜ਼ਾ ਲੈ ਰਹੀ ਸੀ। ਬਦਲ ਰਹੇ ਨਜ਼ਰੀਏ ਦਾ ਇਕ ਸੰਕੇਤ ਇਸੇ ਮਹੀਨੇ ਇਕ ਲੇਬਰ ਐਮ.ਪੀ. ਅਤੇ ਵਿਦੇਸ਼ ਵਿਭਾਗ ਵਿਚ ਰਾਜ ਮੰਤਰੀ ਡੈਨਿਸ ਮੈਕਸ਼ੇਨ ਵੱਲੋਂ ਲਿਖੇ ਇਕ ਲੇਖ ਤੋਂ ਮਿਲਿਆ ਸੀ। ਉਨ੍ਹਾਂ ਲਿਖਿਆ ਸੀ ਕਿ ਭਾਰਤ ਨੂੰ ਖਿੱਤੇ ਵਿਚ ਸਥਿਰਤਾ ਲਿਆਉਣ ਲਈ ਹੋਰ ਕਦਮ ਉਠਾਉਣ ਦੀ ਲੋੜ ਹੈ ਅਤੇ ਕਸ਼ਮੀਰ ਮਸਲੇ ਦਾ ਅੰਗ ਬਣੇ ਰਹਿਣ ਦੀ ਬਜਾਇ ਇਸ ਦੇ ਹੱਲ ਦਾ ਅੰਗ ਬਣਨਾ ਚਾਹੀਦਾ ਹੈ।ਨਵੇਂ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ 2006 ਵਿਚ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਭਾਰਤ ਨਾਲ ਨਵੀਂ ਵਿਸ਼ੇਸ਼ ਸਾਂਝ ਕਾਇਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਸੀ।ਨਵੇਂ ਹਾਊਸ ਆਫ ਕਾਮਨਜ਼ ਵਿਚ ਦੱਖਣ ਏਸ਼ਿਆਈ ਮੂਲ ਦੇ 14 ਐਮ.ਪੀ. ਚੁਣੇ ਗਏ ਹਨ। ਇਨ੍ਹਾਂ ਵਿਚੋਂ ਪੰਜ ਮਹਿਲਾ ਐਮ.ਪੀਜ਼. ਹਨ। ਇਨ੍ਹਾਂ ਵਿਚੋਂ ਚਾਰ ਮਹਿਲਾ ਮੈਂਬਰ ਲੇਬਰ ਪਾਰਟੀ ਨਾਲ ਸਬੰਧਤ ਹਨ ਜਿਨ੍ਹਾਂ ਵਿਚ ਸ਼ਬਾਨਾ ਮਹਿਮੂਦ, ਵੇਲਰੀ ਵਾਜ਼, ਰੌਸ਼ਨਾਰਾ ਅਲੀ ਤੇ ਯਾਸਮੀਨ ਕੁਰੈਸ਼ੀ ਸ਼ਾਮਲ ਹਨ। ਪ੍ਰੀਤੀ ਪਟੇਲ ਇਕੋ-ਇਕ ਕਨਜ਼ਰਵੇਟਿਵ ਹਨ। ਵੇਲਰੀ ਵਾਜ਼ ਲੇਬਰ ਐਮ.ਪੀ. ਕੀਥ ਵਾਜ਼ ਦੀ ਭੈਣ ਹੈ ਅਤੇ ਪਹਿਲੀ ਵਾਰ ਭੈਣ-ਭਰਾ ਇਕ ਪਾਰਟੀ ਦੀ ਟਿਕਟ ’ਤੇ ਸੰਸਦ ਲਈ ਚੁਣੇ ਗਏ ਹਨ।