Punjab News

May 25, 2010

ਸਲਾਖ਼ਾਂ ਪਿੱਛੇ ਪਹੁੰਚਿਆ ਹਰਿਆਣਾ ਦਾ ਸਾਬਕਾ ਪੁਲਿਸ ਮੁਖੀ ਰਾਠੌਰ

ਚੰਡੀਗੜ੍ਹ : ਬਹੁਚਰਚਿਤ ਰੁਚਿਕਾ ਗਿਰਹੋਤਰਾ ਮਾਮਲੇ ਵਿਚ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ.ਪੀ.ਐਸ. ਰਾਠੌਰ ਦੀ ਸਜ਼ਾ 6 ਮਹੀਨੇ ਤੋਂ ਵਧਾ ਕੇ ਡੇਢ ਸਾਲ ਕਰ ਦਿਤੀ ਗਈ ਹੈ। ਸੈਸ਼ਨ ਅਦਾਲਤ ਵਲੋਂ ਸਜ਼ਾ ਵਧਾਉਣ ਦਾ ਫ਼ੈਸਲਾ ਸੁਣਾਉਣ ਤੋਂ ਬਾਅਦ ਸੀ.ਬੀ.ਆਈ. ਨੇ ਉੁਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਖਚਾਖਚ ਭਰੇ ਅਦਾਲਤੀ ਕਮਰੇ ਵਿਚ ਫ਼ੈਸਲਾ ਸੁਣਾਉਂਦਿਆਂ ਰਾਠੌਰ ਦੀ ਅਪੀਲ ਖ਼ਾਰਜ ਕਰ ਦਿਤੀ। 68 ਸਾਲ ਦੇ ਰਾਠੌਰ ਨੇ ਪਹਿਲਾਂ ਸੁਣਾਈ ਗਈ ਛੇ ਮਹੀਨੇ ਦੀ ਸਜ਼ਾ ਨੂੰ ਚੁਨੌਤੀ ਦਿਤੀ ਸੀ। ਅਦਾਲਤ ਨੇ ਰਾਠੌਰ ਦੀ ਸਜ਼ਾ ਵਧਾਏ ਜਾਣ ਸਬੰਧੀ ਰੁਚਿਕਾ ਦੇ ਪਰਵਾਰ ਅਤੇ ਸੀ.ਬੀ.ਆਈ. ਦੀ ਗੁਜ਼ਾਰਿਸ਼ ਨੂੰ ਸਵੀਕਾਰ ਕਰ ਲਿਆ। ਸਜ਼ਾ ਸੁਣਾਉਣ ਤੋਂ ਬਾਅਦ ਅਦਾਲਤ ਨੇ ਹਦਾਇਤ ਦਿਤੀ ਕਿ ਰਾਠੌਰ ਨੂੰ ਜੇਲ ਲਿਜਾਇਆ ਜਾਵੇ। ਸਜ਼ਾ ਵਧਣ ਦਾ ਅਸਰ ਰਾਠੌਰ ਦੇ ਚਿਹਰੇ ’ਤੇ ਸਪੱਸ਼ਟ ਵੇਖਿਆ ਜਾ ਸਕਦਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਮੈਂ ਮੁਸਕਰਾਉੁਂਦਾ ਰਹਾਂਗਾ।’’ ਅਦਾਲਤ ਦੇ ਫ਼ੈਸਲਾ ਸੁਣਾਉਣ ਤੋਂ ਬਾਅਦ ਰਾਠੌਰ ਨੂੰ ਬੁੜੈਲ ਜੇਲ ਲਿਜਾਇਆ ਗਿਆ। ਫ਼ੈਸਲੇ ’ਤੇ ਤਸੱਲੀ ਪ੍ਰਗਟ ਕਰਦਿਆਂ ਰੁਚਿਕਾ ਦੇ ਪਰਵਾਰ ਨੇ ਕਿਹਾ ਕਿ ਲੜਾਈ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਨੂੰ ਆਤਮ ਹਤਿਆ ਲਈ ਮਜਬੂਰ ਕਰਨ ਦੀ ਸਜ਼ਾ ਨਹੀਂ ਮਿਲ ਜਾਂਦੀ। ਰੁਚਿਕਾ ਦੇ ਪਿਤਾ ਐਸ.ਸੀ. ਗਿਰਹੋਤਰਾ ਨੇ ਕਿਹਾ, ‘‘ਅਸੀਂ ਸੰਤੁਸ਼ਟ ਹਾਂ ਕਿ ਨਿਆਂ ਕੀਤਾ ਗਿਆ।’’ ਰੁਚਿਕਾ ਦੀ ਦੋਸਤ ਅਰਾਧਨਾ ਗੁਪਤਾ ਦੇ ਪਿਤਾ ਅਨੰਦ ਪ੍ਰਕਾਸ਼ ਨੇ ਕਿਹਾ ਕਿ ਫ਼ੈਸਲੇ ਤੋਂ ਇਹ ਸਾਬਤ ਹੋ ਗਿਆ ਹੈ ਕਿ ਰਾਠੌਰ ਵਰਗੇ ਤਾਕਤਵਰ ਲੋਕ ਵੀ ਦੇਸ਼ ਦੇ ਕਾਨੂੰਨ ਤੋਂ ਨਹੀਂ ਬਚ ਸਕਦੇ। ਰੁਚਿਕਾ ਦੇ ਪਰਵਾਰ ਦੇ ਵਕੀਲ ਪੰਕਜ ਭਾਰਦਵਾਜ ਨੇ ਆਖਿਆ ਕਿ ਅਦਾਲਤ ਦੇ ਆਦੇਸ਼ ਤੋਂ ਸਪੱਸ਼ਟ ਹੋ ਗਿਆ ਹੈ ਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ। ਦਸਣਯੋਗ ਹੈ ਕਿ ਉਭਰਦੀ ਟੈਨਿਸ ਖਿਡਾਰਨ ਰੁਚਿਕਾ ਗਿਰਹੋਤਰਾ ਦਾ ਜਿਸਮਾਨੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ 21 ਦਸੰਬਰ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਸੀ। 12 ਅਗੱਸਤ 1990 ਦੀ ਘਟਨਾ ਤੋਂ ਤਿੰਨ ਸਾਲ ਬਾਅਦ ਰੁਚਿਕਾ ਨੇ ਆਤਮ ਹਤਿਆ ਕਰ ਲਈ ਸੀ। ਇਸ ਬਹੁਚਰਚਿਤ ਮਾਮਲੇ ਵਿਚ ਥੋੜੀ ਸਜ਼ਾ ਮਿਲਣ ’ਤੇ ਪੂਰੇ ਦੇਸ਼ ਵਿਚ ਵਿਆਪਕ ਬਹਿਸ ਛਿੜ ਗਈ ਸੀ। ਸਜ਼ਾ ਮਿਲਣ ਮਗਰੋਂ ਸਰਕਾਰ ਨੇ ਰਾਠੌਰ ਤੋਂ ਰਾਸ਼ਟਰਪਤੀ ਮੈਡਲ ਵਾਪਸ ਲੈ ਲਿਆ ਸੀ। ਰਾਠੌਰ ਨੇ ਸੀ.ਬੀ.ਆਈ. ਅਦਾਲਤ ਦੇ ²ਫ਼ੈਸਲੇ ਨੂੰ ਖ਼ਾਰਜ ਕਰਨ ਦੀ ਅਪੀਲ ਕੀਤੀ ਸੀ ਜਦਕਿ ਰੁਚਿਕਾ ਦੇ ਪਰਵਾਰ ਅਤੇ ਸੀ.ਬੀ.ਆਈ. ਨੇ ਕਾਨੂੰਨ ਅਨੁਸਾਰ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਦੀ ਗੁਜ਼ਾਰਿਸ਼ ਕੀਤੀ ਸੀ। ਅਦਾਲਤ ਨੇ ਜੇਲ ਸੁਪਰਡੈਂਟ ਨੂੰ ਹਦਾਇਤਾਂ ਦਿਤੀਆਂ ਕਿ ਲੋੜ ਪੈਣ ’ਤੇ ਰਾਠੌਰ ਨੂੰ ਡਾਕਟਰੀ ਸਹੂਲਤ ਮੁਹਈਆ ਕਰਵਾਈ ਜਾਵੇ। ਇਸ ਤੋਂ ਪਹਿਲਾਂ ਰਾਠੌਰ ਦੀ ਵਕੀਲ ਪਤਨੀ ਆਭਾ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ (ਪਤੀ) ਦਿਲ ਦੇ ਮਰੀਜ਼ ਹਨ ਜਿਨ੍ਹਾਂ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਪੈਂਦੀ ਹੈ। ਅਦਾਲਤ ਨੇ ਰਾਠੌਰ ਦੀ ਉਸ ਅਰਜ਼ੀ ਨੂੰ ਸਵੀਕਾਰ ਕਰ ਲਿਆ ਜਿਸ ਵਿਚ ਉਨ੍ਹਾਂ ਨੇ ਪੀ.ਜੀ.ਆਈ. ਦੇ ਦਿਲ ਦੇ ਰੋਗਾਂ ਦੇ ਵਿਭਾਗ ਵਿਚ ਮੁਆਇਨਾ ਕਰਵਾਉਣ ਦੀ ਅਪੀਲ ਕੀਤੀ ਸੀ। ਰਾਠੌਰ ਨੂੰ ਜੇਲ ਆਮ ਆਦਮੀ ਦੀ ਜਿੱਤ: ਅਰਾਧਨਾ ਗੁਪਤਾ ਚੰਡੀਗੜ੍ਹ, 25 ਮਈ : ਰੁਚਿਕਾ ਮਾਮਲੇ ਦੀ ਇਕੋ-ਇਕ ਗਵਾਹ ਅਰਾਧਨਾ ਗੁਪਤਾ ਨੇ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ.ਪੀ.ਐਸ. ਰਾਠੌਰ ਨੂੰ ਡੇਢ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਿਹਾ, ‘‘ਇਹ ਆਮ ਆਦਮੀ ਦੀ ਜਿੱਤ ਹੈ।’’ ਸਿਡਨੀ ਤੋਂ ਇਕ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਕਰਦਿਆਂ ਰੁਚਿਕਾ ਦੀ ਸਹੇਲੀ ਅਰਾਧਨਾ ਨੇ ਕਿਹਾ, ‘‘ਇਹ ਸੱਭ ਲੋਕਾਂ ਦੇ ਸਮਰਥਨ ਨਾਲ ਹੋਇਆ। ਮੈਂ ਬਹੁਤ ਖ਼ੁਸ਼ ਹਾਂ।’’ (ਪੀ.ਟੀ.ਆਈ.) ਰਾਠੌਰ ਦਾ ਜੇਲ ਵਿਚ ਡਾਕਟਰੀ ਮੁਆਇਨਾ ਚੰਡੀਗੜ੍ਹ, 25 ਮਈ : ਬੁੜੈਲ ਜੇਲ ਵਿਚ ਡੱਕੇ ਜਾਣ ਤੋਂ ਕੁੱਝ ਦੇਰ ਬਾਅਦ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ.ਪੀ.ਐਸ. ਰਾਠੌਰ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਜਿਸ ਦੇ ਨਤੀਜੇ ਪੂਰੀ ਤਰ੍ਹਾਂ ਠੀਕ ਆਏ ਹਨ। ਜੇਲ ਸੂਤਰਾਂ ਨੇ ਦਸਿਆ ਕਿ ਡਾਕਟਰ ਬਲਬੀਰ ਸਿੰਘ ਨੇ ਰਾਠੌਰ ਦਾ ਮੁਆਇਨਾ ਕੀਤਾ ਅਤੇ ਈ.ਸੀ.ਜੀ. ਤੇ ਹੋਰ ਟੈਸਟ ਸਹੀ ਆਏ ਹਨ। ਰਾਠੌਰ ਦੀ ਪਤਨੀ ਆਭਾ ਨੇ ਅਦਾਲਤ ਨੂੰ ਦਸਿਆ ਕਿ ਉਨ੍ਹਾਂ ਦੇ ਪਤੀ ਦਿਲ ਦੇ ਮਰੀਜ਼ ਹਨ ਜਿਸ ਮਗਰੋਂ ਜੇਲ ਅਧਿਕਾਰੀਆਂ ਨੇ ਰਾਠੌਰ ਦਾ ਡਾਕਟਰੀ ਮੁਆਇਨਾ ਕਰਾਉਣ ਦਾ ਫ਼ੈਸਲਾ ਕੀਤਾ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO