
ਸਰੀ(ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-ਉ¤ਤਰੀ ਅਮਰੀਕਾ ਦੀ ਧਰਤੀ ਤੋਂ ਆਰੰਭ ਹੋਈ ਗਦਰ ਲਹਿਰ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸ: ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਕੈਨੇਡਾ ਵਸਦੇ ਸਰਾਭਾ ਵਾਸੀਆਂ ਅਤੇ ਸਮੂਹ ਭਾਈਚਾਰੇ ਵੱਲੋਂ ਉਤਸ਼ਾਹ ਪੂਰਬਕ ਮਨਾਇਆ ਗਿਆ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਚ ਇਸ ਸਬੰਧੀ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਮਗਰੋਂ ਢਾਡੀ ਜਥੇ ਭਾਈ ਪ੍ਰਿਤਪਾਲ ਸਿੰਘ ਬੈਂਸ ਵੱਲੋਂ ਸ਼ਹੀਦ ਸਰਾਭਾ ਦੀ ਜੀਵਨੀ ਬਾਰੇ ਵਾਰਾਂ ਨਾਲ ਹਾਜ਼ਰੀ ਲਗਾਈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਿਕਰਮਜੀਤ ਸਿੰਘ ਸੰਧਰ ਨੇ ਕਿਹਾ ਕਿ ਜਿਥੇ 24 ਮਈ ਨੂੰ ਸ਼ਹੀਦ ਸਰਾਭਾ ਦਾ ਜਨਮ ਦਿਨ ਮਨਾਇਆ ਗਿਆ। ਉਥੇ 96 ਵਰ੍ਹੇ ਪਹਿਲਾਂ ਕੈਨੇਡਾ ਦੀ ਧਰਤੀ ’ਤੇ ਆਏ ਜਹਾਜ਼ ਕਾਮਾਗਾਟਾਮਾਰੂ ਦੇ ਮੁਸਾਫਿਰਾਂ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ, ਉਨ੍ਹਾਂ ਨਾਲ ਹੋਏ ਨਸਲੀ ਵਿਤਕਰੇ ਲਈ ਪਾਰਲੀਮੈਂਟ ਵਿਚ ਮੁਆਫੀ ਦੀ ਮੰਗ ਕੀਤੀ ਜਾਂਦੀ ਹੈ। ਇਸ ਮੌਕੇ ’ਤੇ ਕੀਰਤਨੀ ਜਥਿਆਂ ਭਾਈ ਜਗੀਰ ਸਿੰਘ ਜੰਮੂ, ਭਾਈ ਮੋਹਣ ਸਿੰਘ ਗੁਰਦਾਸਪੁਰ, ਭਾਈ ਮਾਨ ਸਿੰਘ ਮਾਛੀਵਾੜਾ, ਭਾਈ ਸਤਿੰਦਰ ਸਿੰਘ ‘ਸਾਰੰਗ’, ਭਾਈ ਬਾਜ ਸਿੰਘ ਲੁਧਿਆਣਾ ਤੋਂ ਇਲਾਵਾ ਕਥਾ ਵਾਚਕ ਭਾਈ ਅੰਗਰੇਜ਼ ਸਿੰਘ ਪਾਣੀਪਤ ਨੇ ਵਿਚਾਰਾਂ ਰਾਹੀਂ ਹਾਜ਼ਰੀ ਲੁਆਈ। ਸਟੇਜ ਦੀ ਸੇਵਾ ਭਾਈ ਜਤਿੰਦਰ ਸਿੰਘ ਚੌਹਾਨ ਵੱਲੋਂ ਨਿਭਾਈ ਗਈ।