ਅੰਮ੍ਰਿਤਸਰ-ਸ੍ਰੀ ਹਰਿਮੰਦਰ ਸਾਹਿਬ ਸਥਿਤ 400 ਸਾਲਾਂ ਤੋਂ ਵਧੇਰੇ ਪੁਰਾਣੀ ‘ਬੇਰੀ ਬਾਬਾ ਬੁੱਢਾ ਸਾਹਿਬ’, ‘ਦੁੱਖ ਭੰਜਨੀ ਬੇਰੀ’ ਅਤੇ ‘ਲਾਚੀ ਬੇਰੀ’ ਦੀ ਸੰਭਾਲ ਦੇ ਨਾਲ ਹੁਣ ਵਿਗਿਆਨੀਆਂ ਵਲੋਂ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਵਿਖੇ ਬੇਰੀ ਦੀ ਵੀ ਸੰਭਾਲ ਸ਼ੁਰੂ ਕੀਤੀ ਗਈ ਹੈ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਗ਼ਬਾਨੀ ਵਿਭਾਗ ਦੇ ਮਾਹਰਾਂ ਦੀ ਦਸ ਮੈਂਬਰੀ ਟੀਮ ਵਲੋਂ ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿਚ ਬੇਰ ਬਾਬਾ ਬੁੱਢਾ ਸਾਹਿਬ, ਦੁੱਖ ਭੰਜਨੀ ਬੇਰੀ ਅਤੇ ਲਾਚੀ ਬੇਰੀ ਦੀਆਂ ਟਾਹਣੀਆਂ ਅਤੇ ਪੱਤਿਆਂ ਨੂੰ ਛਾਂਗਿਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ’ਤੇ ਕੁਰਾਕਰੋਫ ਨਾਂ ਦੀ ਕੀਟਨਾਸ਼ਕ ਦਵਾਈ ਦਾ ਵੀ ਛਿੜਕਾਅ ਕੀਤਾ ਗਿਆ ਹੈ ਤਾਂ ਜੋ ਬੇਰੀਆਂ ਨੂੰ ਲਾਖ ਦੇ ਕੀੜੇ, ਉੱਲੀ ਅਤੇ ਕੈਟਰਪਿੱਲਰ ਤੋਂ ਬਚਾਇਆ ਜਾ ਸਕੇ। ਵਿਗਿਆਨੀਆਂ ਵਲੋਂ ਪਿਛਲੇ ਕਰੀਬ ਚਾਰ ਸਾਲਾਂ ਤੋਂ ਹਰ ਵਰ੍ਹੇ ਇਨ੍ਹਾਂ ਦਿਨਾਂ ਵਿਚ ਬੇਰੀਆਂ ਦੀ ਸਾਂਭ ਸੰਭਾਲ ਲਈ ਦੌਰਾ ਕੀਤਾ ਜਾਂਦਾ ਹੈ।ਕਰੀਬ ਦੋ ਦਹਾਕੇ ਪਹਿਲਾਂ ਇਨ੍ਹਾਂ ਬੇਰੀਆਂ ’ਤੇ ਅਚਾਨਕ ਸੁੱਕਣ ਦੇ ਚਿੰਨ੍ਹ ਦੇਖੇ ਗਏ ਸਨ ਤਾਂ ਉਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਖੇਤੀ ਵਿਗਿਆਨੀਆਂ ਨਾਲ ਸੰਪਰਕ ਕੀਤਾ ਗਿਆ ਸੀ। ਉਸ ਵੇਲੇ ਇਹ ਤਿੰਨੋਂ ਬੇਰੀਆਂ ’ਤੇ ਲਾਖ ਦੇ ਕੀੜੇ, ਕੈਟਰਪਿੱਲਰ ਅਤੇ ਉੱਲੀ ਦਾ ਹਮਲਾ ਹੋਇਆ ਸੀ, ਜਿਸ ਨਾਲ ਇਹ ਬੇਰੀਆਂ ਸੁੱਕਣੀਆਂ ਸ਼ੁਰੂ ਹੋ ਗਈਆਂ ਸਨ। ਉਦੋਂ ਤੋਂ ਹੀ ਸ਼ੁਰੂ ਹੋਈ ਸਾਂਭ ਸੰਭਾਲ ਦੀ ਮੁਹਿੰਮ ਅੱਜ ਵੀ ਜਾਰੀ ਹੈ। ਪਹਿਲਾਂ ਵਿਗਿਆਨੀਆਂ ਵਲੋਂ 3-4 ਵਰ੍ਹੇ ਬਾਅਦ ਦੌਰਾ ਕਰਕੇ ਇਨ੍ਹਾਂ ਦੀਆਂ ਟਾਹਣੀਆਂ ਅਤੇ ਪੱਤਿਆਂ ਦੀ ਛੰਗਾਈ ਕੀਤੀ ਜਾਂਦੀ ਸੀ, ਪਰ 2006 ਤੋਂ ਲਗਾਤਾਰ ਜਾਰੀ ਹੈ। ਅੱਜ ਇਥੇ ਆਏ ਵਿਗਿਆਨੀਆਂ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਗ਼ਬਾਨੀ ਵਿਭਾਗ ਦੇ ਮੁਖੀ ਡਾ. ਪੁਸ਼ਪਿੰਦਰ ਸਿੰਘ ਬਾਵਾ, ਕੀਟ ਵਿਗਿਆਨੀ ਡਾ. ਦੇਸ ਰਾਜ ਸ਼ਰਮਾ, ਡਾ. ਹਰਵਿੰਦਰ ਸਿੰਘ, ਖਾਲਸਾ ਕਾਲਜ ਅੰਮ੍ਰਿਤਸਰ ਦੇ ਬਾਗ਼ਬਾਨੀ ਮਾਹਰ ਡਾ. ਸੁਖਦੇਵ ਸਿੰਘ, ਡਾ. ਪਰਮਜੀਤ ਸਿੰਘ, ਡਾ. ਨਰਿੰਦਰਪਾਲ ਸਿੰਘ, ਡਾ. ਪਰਮਿੰਦਰ ਕੌਰ ਤੇ ਹੋਰ ਅਮਲਾ ਸ਼ਾਮਲ ਸੀ।ਡਾ. ਪੁਸ਼ਪਿੰਦਰ ਸਿੰਘ ਔਲਖ ਅਤੇ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਮਾਹਰਾਂ ਵਲੋਂ ਕੀਤੀ ਜਾ ਰਹੀ ਸਾਂਭ-ਸੰਭਾਲ ਕਾਰਨ ਬੇਰੀਆਂ ਦੀ ਉਮਰ ਹੋਰ ਵੱਧ ਗਈ ਹੈ। ਬੇਰੀਆਂ ਦੀ ਸੰਭਾਲ ਕਾਰਨ ਪਿਛਲੇ ਵਰ੍ਹੇ ਭਰਵਾਂ ਫਲ ਲੱਗਾ ਸੀ। ਵਿਗਿਆਨੀਆਂ ਅਨੁਸਾਰ ਬੇਰੀ ਦਾ ਦਰਖ਼ਤ ਗਰਮੀਆਂ ਵਿਚ ਖਾਸ ਕਰਕੇ ਮਈ-ਜੂਨ ਵਿਚ ਨੀਂਦ ਅਵਸਥਾ ਵਿਚ ਚਲਾ ਜਾਂਦਾ ਹੈ ਅਤੇ ਇਸ ਦੇ ਪੱਤੇ ਝੜ ਜਾਂਦੇ ਹਨ। ਇਸ ਲਈ ਇਹ ਸਮਾਂ ਛਾਂਗਣ ਲਈ ਢੁਕਵਾਂ ਹੁੰਦਾ ਹੈ। ਛੰਗਾਈ ਸਮੇਂ ਲਾਖ ਦੇ ਕੀੜੇ ਵਾਲੀਆਂ ਟਹਿਣੀਆਂ ਵੀ ਵੱਖ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਕੜਾਹ ਪ੍ਰਸਾਦਿ ਵਾਲੇ ਹੱਥ ਇਨ੍ਹਾਂ ਬੇਰੀਆਂ ਦੇ ਤਣੇ ਨੂੰ ਨਾ ਲਾਉਣ। ਮਿੱਠੇ ਅਤੇ ਘਿਓ ਵਾਲੇ ਹੱਥ ਲੱਗਣ ਕਾਰਨ ਇਥੇ ਕੀੜੇ ਆ ਜਾਂਦੇ ਹਨ, ਜੋ ਇਨ੍ਹਾਂ ਦੇ ਤਣੇ ਅਤੇ ਜੜ੍ਹਾਂ ਨੂੰ ਖੋਖਲਾ ਕਰ ਦਿੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬੇਰ ਬਾਬਾ ਬੁੱਢਾ ਸਾਹਿਬ ਦੀ ਉਮਰ 400 ਸਾਲ ਤੋਂ ਵਧੇਰੇ ਹੈ ਅਤੇ ਇਹ ਭਾਰਤ ਵਿਚ ਸਭ ਤੋਂ ਪੁਰਾਤਨ ਹੈ। ਸ੍ਰੀ ਹਰਿਮੰਦਰ ਸਾਹਿਬ ਅਤੇ ਪਵਿੱਤਰ ਸਰੋਵਰ ਦੀ ਸੇਵਾ ਸਮੇਂ ਇਹ ਬੇਰ ਇਥੇ ਸਥਾਪਿਤ ਸੀ ਅਤੇ ਇਸ ਦੇ ਹੇਠਾਂ ਬੈਠ ਕੇ ਹੀ ਬਾਬਾ ਬੁੱਢਾ ਜੀ ਸੇਵਾ ਕਰਵਾਇਆ ਕਰਦੇ ਸਨ। ਇਸੇ ਲਈ ਇਸ ਬੇਰੀ ਦਾ ਨਾਂ ਬੇਰ ਬਾਬਾ ਬੁੱਢਾ ਸਾਹਿਬ ਪੈ ਗਿਆ। ਬੇਰੀ ਨੂੰ ਬਚਾਉਣ ਲਈ ਉਸ ਦੇ ਆਲੇ-ਦੁਆਲੇ ਜੰਗਲਾ ਲਾ ਕੇ ਇਸ ਨੂੰ ਸ਼ਰਧਾਲੂਆਂ ਦੇ ਹੱਥ ਲੱਗਣ ਤੋਂ ਬਚਾਉਣ ਲਈ ਯਤਨ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਮਲੀ ਦੇ ਬੂਟੇ ਨੂੰ ਚਿੜੀਆਂ ਤੇ ਹੋਰ ਪੰਛੀਆਂ ਤੋਂ ਬਚਾਉਣ ਲਈ ਵੀ ਇਥੇ ਰਿਫਲੈਕਟਰ ਰੀਬਨ ਲਾ ਕੇ ਉਪਾਅ ਸ਼ੁਰੂ ਕੀਤਾ ਗਿਆ ਹੈ। ਇਮਲੀ ਦਾ ਪੁਰਾਤਨ ਬੂਟਾ ਸਾਕਾ ਨੀਲਾ ਤਾਰਾ ਸਮੇਂ ਗੋਲੀਬਾਰੀ ਦੌਰਾਨ ਤਬਾਹ ਹੋ ਗਿਆ ਸੀ। ਇਸ ਦੀ ਥਾਂ ’ਤੇ ਇਮਲੀ ਦਾ ਨਵਾਂ ਬੂਟਾ ਲਾਇਆ ਗਿਆ। ਪੁਰਾਤਨ ਬੇਰੀਆਂ ਤੋਂ ਇਲਾਵਾ ਮਾਹਰਾਂ ਵਲੋਂ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਵਿਖੇ ਵੀ ਪੁਰਾਤਨ ਬੇਰੀ ਦੀ ਸਾਂਭ-ਸੰਭਾਲ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਗੁਰਦੁਆਰਾ ਪ੍ਰਬੰਧਕਾਂ ਵਲੋਂ ਪੱਤਰ ਭੇਜ ਕੇ ਦੱਸਿਆ ਗਿਆ ਹੈ ਕਿ ਇਹ ਬੇਰੀ ਵੀ ਸੁੱਕਣੀ ਸ਼ੁਰੂ ਹੋ ਗਈ ਹੈ।