ਜਗਰਾਉਂ, 3 ਜੂਨ (ਸੁਖਦੇਵ ਗਰਗ) : ਵਿੱਦਿਆ ਨੂੰ ਸਿਰਫ਼ ਵਪਾਰ ਤੇ ਦੁਕਾਨਦਾਰੀ ਬਣਾ ਕੇ ਆਪਣੇ ਨੌਂ ਨਿਹਾਲਾ ਨੂੰ ‘‘ਵੱਡੇ ਅੰਗਰੇਜ਼’’ ਬਣਾਉਣ ਤੇ ਲਾਲਸੀ ਮਾਪਿਆਂ ਦੀ ਲੁੱਟ-ਖਸੁੱਟ ਕਰਨ ਲਈ ਵੱਡੇ ਵਿਦਿਅਕ ਵਪਾਰਿਕ ਅਦਾਰਿਆਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਧਨ ਲਾਹਾ ਲੈਣ ਲਈ ਲਾਏ ਜਾਂਦੇ ਕੈਂਪਾਂ ’ਚ ਬੱਚਿਆਂ ਦੇ ਮਾਨਸਿਕ ਵਿਕਾਸ ਦੀ ਥਾਂ ਉਨਾਂ ਦੇ ਸਰੀਰਕ ਸ਼ੋਸ਼ਣ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਧਾਰਮਿਕ ਸੰਸਥਾ ਵੱਲੋਂ ਮਹਿਣੇ ਨੇੜੇ ਚਲਾਏ ਜਾਂਦੇ ਅਤਿ ਆਧੁਨਿਕ ਪ੍ਰੰਤੂ ਪੁਰਾਤਨ ਧਾਰਮਿਕ ਨਾਂ ਵਾਲੀ ਸੰਸਥਾ ਵੱਲੋਂ ਗਰਮੀਆਂ ਦੀਆਂ ਛੁੱਟੀਆਂ ’ਚ ਬੱਚਿਆਂ ਨੂੰ ਘੋੜ ਸੁਆਰੀ, ਸ਼ੂਟਿੰਗ, ਸਵਿਮਿੰਗ, ਤਾਈਕਵਾਂਡੋ ਆਦਿ ਸਿਖਾਉਣ ਲਈ ‘ਸਮਰ ਕੈਂਪ’ ਲਾਇਆ ਗਿਆ ਹੈ, ਜਿਸ ’ਚ 27 ਮਈ ਤੋਂ 8 ਜੂਨ ਤੱਕ ਦੀ ਸਿਖਲਾਈ ਲਈ 850 ਰੁਪਏ ਪ੍ਰਤੀ ਬੱਚਾ ਵਸੂਲਿਆ ਗਿਆ ਹੈ। ਬੀਤੇ ਦਿਨ ਇਸ ਸਕੂਲ ’ਚ ਬੱਚਿਆਂ ਦੇ ਸਵੀਮਿੰਗ ਪੂਲ ਨੇੜੇ ਬਣੇ ਗੁਸਲਖ਼ਾਨਿਆਂ ’ਚ ਇਕ ਨੌਵੀਂ ਦੇ ਵਿਦਿਆਰਥੀ ਵੱਲੋਂ ਪਹਿਲੀ ਜਮਾਤ ਦੇ ਵਿਦਿਆਰਥੀ ਨਾਲ ਬਦਫੈਲੀ ਦਾ ਮਾਮਲਾ ਸਾਹਮਣੇ ਆਇਆ ਹੈ। ਜਗਰਾਉਂ ਤੋਂ ਜਾਂਦੇ ਇਕ ਤੀਜੀ ਕਲਾਸ ਦੇ ਬੱਚੇ ਨੇ ਉਸ ਛੋਟੇ ਬੱਚੇ ਦੀਆਂ ਚੀਕਾਂ ਸੁਣਨ ਤੋਂ ਬਾਅਦ, ਰੌਲਾ ਪਾ ਕੇ ਇੰਚਾਰਜ ਨੂੰ ਸੱਦਿਆ ਪ੍ਰੰਤੂ ਸਕੂਲ ਪ੍ਰਬੰਧਕਾਂ ਨੇ ਇਸ ਮਾਮਲੇ ਤੇ ਮਿੱਟੀ ਪਾਉਣ ਲਈ, ਮਾਮਲੇ ਨੂੰ ਦੱਬ ਦੇਣਾ ਹੀ ਬਿਹਤਰ ਸਮਝਿਆ। ਘਟਨਾ ਦਾ ਰੌਲਾ ਪੈਣ ਤੇ ਜਗਰਾਉਂ ਤੋਂ ਕੈਂਪ ’ਚ ਜਾਂਦੇ ਬੱਚਿਆਂ ਦੇ ਕੁਝ ਮਾਪੇ, ਸਕੂਲ ਗਏ, ਜਿੱਥੇ ਇਸ ਕਾਂਡ ਦੇ ਪੀੜਤ ਬੱਚੇ ਨੇ ਆਪਣੇ ਨਾਲ ਵਾਪਰੀ ਤ੍ਰਾਸਦੀ ਬਾਰੇ ਹਾਮੀ ਭਰੀ। ਸਕੂਲ ਪ੍ਰਬੰਧਕਾਂ ਵੱਲੋਂ ਦੋਸ਼ੀ ਵਿਦਿਆਰਥੀ ਨੂੰ ਕੈਂਪ ’ਚ ਕੱਢ ਦੇਣ ਦੀ ਗੱਲ ਤੋਂ ਅੱਗੇ ਆਪਣੀ ਜ਼ੁੰਮੇਵਾਰੀ ਤੋਂ ਹੱਥ ਝਾੜ ਦਿੱਤੇ। ਇਥੇ ਇਹ ਵੀ ਦੱਸਣਯੋਗ ਹੈ ਕਿ ਸਕੂਲ ਪ੍ਰਬੰਧਕਾਂ ਵੱਲੋਂ ਆਪਣੀ ਸਕੂਲ ਦੀ ਮਸ਼ਹੂਰੀ ਤੇ ਨੋਟ ਇਕੱਠੇ ਕਰਨ ਲਈ ਲਾਏ ਗਏ ਇਸ ਕੈਂਪ ਸਬੰਧੀ ਨਾਂ ਤਾਂ ਸਥਾਨਿਕ ਪ੍ਰਸ਼ਾਸਨ ਨੂੰ ਅਤੇ ਨਾਂ ਹੀ ਸਿੱਖਿਆ ਵਿਭਾਗ ਨੂੰ ਕੋਈ ਜਾਣਕਾਰੀ ਦਿੱਤੀ ਗਈ ਹੈ, ਇਸ ਲਈ ਜੇ ਸ਼ੂਟਿੰਗ, ਸਵੀਮਿੰਗ ਜਾਂ ਘੋੜਸਵਾਰੀ ਵਰਗੇ ਖਤਰਨਾਕ ਅਭਿਆਸ ਸਮੇਂ ਕੋਈ ਅਣਹੋਣੀ ਵਾਪਰ ਜਾਂਦੀ ਹੈ ਤਾਂ ਉਸ ਦਾ ਜ਼ੁੰਮੇਵਾਰ ਕੌਣ ਹੋਵੇਗਾ? ਇਹ ਸੁਆਲ, ਜਵਾਬ ਜ਼ਰੂਰ ਮੰਗਦਾ ਹੈ।