Punjab News

June 5, 2010

ਬਰਸੀ ਤੇ ਵਿਸ਼ੇਸ਼ -ਸੰਤ ਦੀਵਾਨ ਸਿੰਘ ਜੀ, ਨਡਾਲੋਂ

Sant_Diwan_Singh_Ji

ਪਰਮਜੀਤ ਸਿੰਘ ਸਰੋਆ -9855895558

ਮਹਾਨ ਸ਼ਖਸ਼ੀਅਤਾਂ ਦੇ ਜੀਵਨ ਚਰਿੱਤਰ ਇਤਿਹਾਸ ਅਤੇ ਕੌਮਾਂ ਦੀ ਜਿੰਦ ਜਾਨ ਹੁੰਦੇ ਹਨ । ਮਹਾਂ ਪੁਰਖ ਅਕਾਲ ਪੁਰਖ ਦੇ ਭੇਜੇ ਹੋਏ ਜਗਤ ਦਾ ਹਨੇਰਾ ਦੂਰ ਕਰਨ ਲਈ ਆਉਂਦੇ ਹਨ ਜਿੰਨ੍ਹਾ ਨੂੰ ਅਕਾਲ ਪੁਰਖ ਵੱਲੋਂ ਬੇਅੰਤ ਸ਼ਕਤੀਆਂ ਹਾਸਲ ਹੁੰਦੀਆਂ ਹਨ । ਉਹਨਾਂ ਵੱਲੋਂ ਕੀਤਾ ਹੋਇਆ ਕੰਮ ਅਕਾਲ ਪੁਰਖ ਨੂੰ ਪ੍ਰਵਾਨ ਹੁੰਦਾ ਹੈ ਤੇ ਉਹ ਦੁਨੀਆਂ ਨੂੰ ਪ੍ਰਮਾਤਮਾ ਨਾਲ ਜੋੜਨ ਦਾ ਕਾਰਜ ਕਰਦੇ ਹਨ । ਗੁਰਬਾਣੀ ਅੰਦਰ ਸਾਧ ਪੁਰਸ਼ ਦੀ ਮਹਿਮਾ ਨੂੰ ਬਿਆਨ ਕਰਦੇ ਹੋਏ ਫੁਰਮਾਇਆ ਗਿਆ ਹੈ :-
ਸਾਧ ਕੀ ਮਹਿਮਾ ਸਾਧ ਬਨਿ ਆਈ ॥ ਨਾਨਕ ਸਾਧ ਪ੍ਰਭ ਭੇਦ ਨ ਪਾਈ ॥  ਜਨ ਕੀ ਮਹਿਮਾ ਕਹੀ ਨ ਜਾਇ ॥ ਪਾਰਬ੍ਰਹਮ ਜਨ ਕਹਿਆ ਸਮਾਇ ॥ ਦੇ ਫੁਰਮਾਨ ਅੰਦਰ ਦੱਸਿਆ ਗਿਆ ਹੈ ਕਿ ਪ੍ਰਮਾਤਮਾ ਦੇ ਜਨ ਦੀ ਮਹਿਮਾ ਨੂੰ ਕੋਈ ਕਥਨ ਨਹੀਂ ਕਰ ਸਕਦਾ ਕਿਉਂਕਿ ਪ੍ਰਭੂ ਦਾ ਜਨ ਪ੍ਰਮਾਤਮਾ ਦਾ ਸਕਾਰ ਰੂਪ ਹੁੰਦਾ ਹੈ । ਭਾਵੇਂ ਉਹ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਆਉਂਦੇ ਹਨ ਪਰੰਤੂ ਉਹ ਸੰਸਾਰ ਵਿੱਚ ਆਮ ਲੋਕਾਂ ਵਾਂਗ ਹੀ ਤੁਰਦੇ ਫਿਰਦੇ ਅਤੇ ਕਾਰ-ਵਿਹਾਰ ਕਰਦੇ ਹਨ । ਇਹ ਕਾਰ-ਵਿਹਾਰ ਕਰਦੇ ਹੋਏ ਉਹ ਦੁਨਿਆਵੀ ਮੋਹ ਮਾਇਆ ਵਿੱਚ ਖਚਤ ਨਹੀਂ ਹੁੰਦੇ ਸਗੋਂ ਆਪਣੀ ਸੁਰਤ ਨੂੰ ਪ੍ਰਭੂ ਨਾਲ ਜੋੜ ਕੇ ਰੱਖਦੇ ਹਨ ਜਿਸ ਕਰਕੇ ਪ੍ਰਮਾਤਮਾ ਤੇ ਉਸ ਦੇ ਭਗਤ ਵਿੱਚ ਕੋਈ ਅੰਤਰ ਨਹੀਂ ਹੁੰਦਾ । ਗੁਰਬਾਣੀ ਦਾ ਫੁਰਮਾਣ ਹੈ:-
   ਸੰਤ ਅਨੰਤਹ ਅੰਤਰ ਨਾਹੀ ॥
ਕਿਸੇ ਗੁਰਮੁਖ ਸੰਤ ਦੇ ਮਹਾਂਪੁਰਖ ਦੀ ਜੀਵਨੀ ਪਾਠਕਾਂ ਲਈ ਪ੍ਰੇਰਣਾ ਦਾ ਸੋਮਾ ਹੁੰਦੀ ਹੈ । ਲਿਖਾਰੀ ਆਪਣੀ ਕਲਮ ਦੀ ਕਲਾ ਦੁਆਰਾ ਅਜੇਹੇ ਮਹਾਨ ਵਿਅਕਤੀ ਦੇ ਜੀਵਨ ਦੀਆਂ ਘਟਨਾਵਾਂ ਦੀ ਤੁਰਦੀ ਫਿਰਦੀ ਸਜੀਵ ਤਸਵੀਰ ਬਣਾ ਦਿੰਦਾ ਹੈ । ਜਿਸ ਰਾਹੀਂ ਉਸ ਮਹਾਨ ਸ਼ਖਸ਼ੀਅਤ ਦੇ ਪ੍ਰਤੱਖ ਦਰਸ਼ਨ ਅੱਖਾਂ ਸਾਹਮਣੇ ਹੋ ਜਾਂਦੇ ਹਨ । ਸਿੱਖ ਇਤਿਹਾਸ ਵਿੱਚ ਅਜੇਹੇ ਮਹਾਨ ਵਿਅਕਤੀ ਹੋ ਗੁਜਰੇ ਹਨ ਜਿੰਨਾ ਨੇ ਗੁਰਬਾਣੀ ਅੰਦਰ ਪ੍ਰਗਟਾਏ ਗਏ ਉਪਦੇਸ਼ਾਂ ਨੂੰ ਆਪਣੇ ਅਮਲੀ ਜੀਵਨ ਦੁਆਰਾ ਮੂਰਤੀਮਾਨ ਕੀਤਾ ਹੈ । ਉਹਨਾਂ ਵਿੱਚੋਂ ਹੀ ਸੰਤ ਬਾਬਾ ਦੀਵਾਨ ਸਿੰਘ ਜੀ ਨਡਾਲੋਂ ਦਾ ਨਾਮ ਆਪਣੀ ਵੱਖਰੀ ਪਛਾਣ ਰੱਖਦਾ ਹੈ ।
ਸੰਤ ਦੀਵਾਨ ਸਿੰਘ ਜੀ ਦਾ ਜਨਮ ਸੰਨ 1879 ਪਿੰਡ ਨਡਾਲੋਂ ਜ਼ਿਲਾ ਹੁਸ਼ਿਆਰਪੁਰ ਵਿਖੇ ਸ੍ਰ: ਹੀਰਾ ਸਿੰਘ ਦੇ ਘਰ ਹੋਇਆ।ਮਾਤਾ ਰਲੀ ਕੌਰ ਨੇ ਲਾਡਾਂ ਪਿਆਰਾਂ ਨਾਲ ਪੁੱਤਰ ਦੀ ਪਾਲਨਾ ਕੀਤੀ ਜੋ ਵੱਡਾ ਹੋ ਕੇ ਨੂਰਾਨੀ ਹੀਰਾ ਸਾਬਤ ਹੋਇਆ।ਆਪ ਦੇ ਪਰਿਵਾਰ ਦਾ ਸਬੰਧ ਜੰਜੂਆ ਖਾਨਦਾਨ ਨਾਲ ਸੀ  ਜੋ ਪਿੰਡ ਖਨਿਆਣ ਵਿਖੇ ਰਹਿੰਦਾ ਸੀ।ਉਸ ਮੌਕੇ ਇਹ ਨਗਰ ਰਿਆਸਤ ਪਟਿਆਲਾ ਵਿਚ ਪੈਂਦਾ ਸੀ।ਮੌਯੂਦਾ ਸਮੇਂ ਇਹ ਨਗਰ ਜਿਲ੍ਹਾ ਫਤਹਿਗੜ੍ਹ ਸਾਹਿਬ ਆਉਂਦਾ ਹੈ।ਆਪ ਦੇ ਬਜੁਰਗ ਮਹਾਰਾਜਾ ਰਣਜੀਤ ਸਿੰਘ ਸਮੇਂ ਲਾਹੌਰ ਵਿਖੇ ਕਾਰੋਬਾਰ ਕਰਦੇ ਸਨ ।ਬਾਬਾ ਦੀਵਾਨ ਸਿੰਘ ਜੀ ਨਿਰਮਲ ਪੰਥ ਦੇ ਬਾਬਾ ਜਵਾਹਰ ਸਿੰਘ ਤੋਂ ਵਰੋਸਾਏ ਹੋਏ ਸਨ। ਸਮੇਂ ਦੀ ਕਰਵਟ ਨਾਲ ਬਾਬਾ ਜੀ ਦੇ ਪਿਤਾ ਨਡਾਲੋਂ ਆ ਵਸੇ ਤੇ ਇੱਥੇ ਉਹ ਖੇਤੀ-ਬਾੜੀ ਦਾ ਧੰਦਾ ਕਰਨ ਲਗ ਪਏ। ਬਾਬਾ ਜੀ ਦੇ ਦੋ ਭਰਾ ਬਾਬੂ ਸਿੰਘ ਤੇ ਮੁਣਸ਼ਾ ਸਿੰਘ ਸਨ । ਬਾਬਾ ਜੀ ਸਿਰਫ 15 ਸਾਲ ਦੇ ਹੋਏ ਸਨ ਕਿ ਆਪ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ । ਦੁਨਿਆਵੀ ਪਿਤਾ ਦੇ ਵਿਛੋੜੇ ਕਾਰਨ ਆਪ ਨੇ ਕਲਗੀਧਰ ਪਿਤਾ ਦਾ ਪੱਲਾ ਫੜਿਆ ਅਤੇ ਅੰਮ੍ਰਿਤਸਰ ਜਾ ਕੇ ਨਿਹੰਗ ਸਿੰਘਾਂ ਵਾਲਾ ਬਾਣਾ ਪਹਿਨ ਲਿਆ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨਤਾ ਪ੍ਰਾਪਤ ਕੀਤੀ ।
ਬਾਬਾ ਦੀਵਾਨ ਸਿੰਘ ਜੀ ਦਾ ਬਾਬਾ ਨਿਧਾਨ ਸਿੰਘ ਜੀ ਨਾਲ ਬੜਾ ਮੇਲ-ਮਿਲਾਪ ਸੀ।ਅਸਲ ਵਿਚ ਬਾਬਾ ਨਿਧਾਨ ਸਿੰਘ ਜੀ ਨੂੰ ਧਾਰਮਿਕ ਵਿਦਿਆ ਪ੍ਰਦਾਨ ਕਰਕੇ ਅਧਿਆਤਮਿਕ ਖੇਤਰ ਵਲ ਪ੍ਰੇਰਤ ਕਰਨ ਵਿਚ ਬਾਬਾ ਦੀਵਾਨ ਸਿੰਘ ਜੀ ਦਾ ਬਹੁਤ ਵਡਾ ਯੋਗਦਾਨ ਸੀ।ਆਪ ਜੀ ਨੇ ਹੀ  ਸੰਤ ਬਾਬਾ ਨਿਧਾਨ ਸਿੰਘ ਜੀ ਬਾਰੇ ਇਹ ਭਵਿੱਖਬਾਣੀ ਕੀਤੀ ਸੀ ਕਿ ਨਿਧਾਨ ਸਿੰਘ!ਤੂੰ ਸੰਗਤਾਂ ਦੀ ਪਾਣੀ, ਪੱਖਾ ਅਤੇ ਲੰਗਰ ਦੀ ਸੇਵਾ ਕਰੇਗਾ ਅਤੇ ਦਸਵੇਂ ਪਾਤਸ਼ਾਹ ਤਹਾਨੂੰ  ਦਰਸ਼ਨ ਵੀ ਦੇਣਗੇ ।ਇਸ ਤਰ੍ਹਾਂ ਸੰਤ ਬਾਬਾ ਨਿਧਾਨ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਨੂਂੰ ਇਹ ਮਾਣ ਪ੍ਰਾਪਤ ਹੈ ਕਿ ਉਹ ਬਾਬਾ ਦੀਵਾਨ ਸਿੰਘ ਤੋਂ ਵਰੋਸਾਏ ਹੋਏ ਸਨ। 
ਪੁਰਤਨ ਸਮੇਂ ਵਿੱਚ ਪਿੰਡਾਂ ਵਿੱਚ ਸਕੂਲ ਬਹੁਤ ਘੱਟ ਹੁੰਦੇ ਸਨ ਜਿਸ ਕਰਕੇ  ਗੁਰਮੁਖੀ ਗੁਰਦੁਆਰਿਆਂ ਵਿੱਚ ਗਰੰਥੀ ਸਿੰਘ ਜੀ ਪੜ੍ਹਾਉਂਦੇ ਸਨ । ਆਪ ਨੇ ਪਿੰਡ ਪਠਲਾਵਾ ਦੇ ਸੰਤ ਘਨਈਆ ਸਿੰਘ ਅਤੇ ਪਿੰਡ ਬਡੋਂ ਦੇ ਵਸਨੀਕ ਸੰਤ ਪਰਮੇਸ਼ਰ ਜੀ ਕੋਲੋਂ ਧਾਰਮਿਕ ਵਿਦਿਆ ਗ੍ਰਹਿਣ ਕੀਤੀ । ਆਪ ਪੜਾਈ ਵਿੱਚ ਬਹੁਤ ਹੁਸ਼ਿਆਰ ਸਨ । ਆਪ ਜੀ ਨੇ ਨਿਤਨੇਮ ਤੋਂ ਇਲਾਵਾ ਸਹਿਸਕ੍ਰਿਤੀ ਸਲੋਕ ਵੀ ਚੇਤੇ ਕਰ ਲਏ।ਜਦੋਂ ਆਪ ਸਹਿਸਕ੍ਰਿਤੀ ਸਲੋਕ ਉਚੀ-ਉਚੀ ਪੜ੍ਹਦੇ ਤਾਂ ਹਿੰਦੂ ਵਿਦਵਾਨ ਆਪ ਤੋਂ ਇਨ੍ਹਾਂ ਦੇ ਅਰਥ ਸਮਝਦੇ।
ਗੁਰਬਾਣੀ ਪੜ੍ਹਨ ਸੁਣਨ ਅਤੇ ਵਿਚਾਰਨ ਨਾਲ ਆਪ ਜੀ ਦੀ ਆਤਮਾ ਵਾਹਿਗੁਰੂ ਦੀ ਪ੍ਰਾਪਤੀ ਲਈ ਉਤਾਵਲੀ ਹੋਣ ਲੱਗੀ ।ਬਾਬਾ ਦੀਵਾਨ ਸਿੰਘ ਦੀ ਆਤਮਾ, ਪਰਮਾਤਮਾ ਦੇ ਪਿਅਰ ਵਿੱਚ ਦੀਵਾਨੀ ਹੋ ਗਈ । ਆਪ ਦੀ ਸੁਰਤੀ ਮਾਇਆ ਜੰਜਾਲ ਤੋਂ ਉ¤ਚੀ ਉਠ ਕੇ ਆਤਮਿਕ ਮੰਡਲ ਵਿੱਚ ਉਡਾਰੀਆਂ ਲਾਉਣ ਲੱਗੀ । ਬੱਚੇ ਨੂੰ ਜਦੋਂ ਮਾਂ ਨਹੀਂ ਦਿਸਦੀ ਉਹ ਲੱਭਦਾ ਹੈ, ਤੜਫਦਾ ਹੈ । ਇਸੇ ਹੀ ਤਰ੍ਹਾਂ ਬਾਬਾ ਦੀਵਾਨ ਸਿੰਘ ਦੀ ਆਤਮਾ ਵਾਹਿਗੁਰੂ ਨੂੰ ਖੋਜਣ ਲੱਗੀ । ਦਿਨ ਰਾਤ ਆਪ ਗੁਰਬਾਣੀ ਉ¤ਚੀ-ਉ¤ਚੀ ਪੜ੍ਹਦੇ ਰਹਿੰਦੇ। ਆਪ ਸੁਰੀਲੀ ਸੁਰ ਵਿੱਚ ਗਾਉਂਦੇ:-
ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥
ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥
ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥
ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥
     (ਗੁਰੂ ਗ੍ਰੰਥ ਸਾਹਿਬ ਪੰਨਾ 802)
ਅੰਮ੍ਰਿਤ ਵੇਲੇ ਬਾਬਾ ਜੀ ਪਿੰਡ ਵਿੱਚ ਘੁੰਮ-ਘੁੰਮ ਕੇ ਲੋਕਾਂ ਨੂੰ ਜਗਾਉਂਦੇ ਅਤੇ ਸਭਨਾਂ ਨੂੰ ਬਾਣੀ ਪੜ੍ਹਨ ਲਈ ਪ੍ਰੇਰਦੇ । ਵਧੇਰੇ ਠੰਡ ਹੋਣ ਕਾਰਣ ਆਪ ਦੇ ਪੈਰਾਂ ਵਿੱਚੋਂ ਖੂਨ ਵਗਨ ਲਗ ਪੈਂਦਾ ਅਤੇ ਪੈਰ ਸੁੱਜ ਜਾਂਦੇ । ਪਰੰਤੂ ਆਪ ਆਪਣੀ ਮੰਜ਼ਲ ਵਲ ਚਲਦੇ ਰਹਿੰਦੇ । ਆਪ ਤੜਕੇ ਉ¤ਠ ਵੇਈਂ ਵਿੱਚ ਇਸ਼ਨਾਨ ਕਰਕੇ ਪਿੰਡ ਤੋਂ ਦੂਰ ਦਰੱਖਤਾਂ ਥੱਲੇ ਸਿਮਰਨ ਕਰਨ ਬੈਠ ਜਾਂਦੇ ।ਇਥੇ ਆਪ ਜੀ ਦੀ  ਸੰਤ ਬਾਬਾ ਨਿਧਾਨ ਸਿੰਘ ਜੀ ਨਾਲ  ਇਕਾਂਤ ਵਿੱਚ ਭੇਂਟ ਹੁੰਦੀ ਅਤੇ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਗੋਸ਼ਟੀ ਹੁੰਦੀ ।ਆਪ ਬਾਬਾ ਨਿਧਾਨ ਸਿੰਘ ਜੀ ਨੂੰ ਸੇਵਾ ਸਿਮਰਨ ਦੇ ਮਾਰਗ ਦੇ ਧਾਰਨੀ ਬਨਣ ਦੀ ਪਰੇਰਣਾ ਦਿੰਦੇ।
ਨਡਾਲੋਂ ਪਿੰਡ ਵਿੱਚ ਕੋਈ ਗੁਰਦੁਆਰਾ ਨਹੀਂ ਸੀ । ਸਭ ਤੋਂ ਪਹਿਲਾਂ ਆਪ ਜੀ ਨੇ ਇਕ ਗੁਰਸਿੱਖ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ।ਫਿਰ ਆਪ ਜੀ ਨੇ ਬਾਬਾ ਨਿਧਾਨ ਸਿੰਘ ਜੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਸਥਾਪਤ ਕੀਤਾ ।ਬਾਬਾ ਦੀਵਾਨ ਸਿੰਘ ਜੀ ਨੇ ਇਸ ਗੁਰਦੁਆਰੇ ਦੀ ਇਮਾਰਤ ਦੀ ਸੇਵਾ ਕੀਤੀ । ਇਸ ਤਰ੍ਹਾਂ ਆਪ ਨੇ ‘‘ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥ੂ ਦੀ ਸਚਾਈ ਨੂੰ ਸਾਕਾਰ ਰੂਪ ਦਿੱਤਾ ਅਤੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਚਾਨਣ ਮੁਨਾਰਾ ਕਾਇਮ ਕੀਤਾ ।ਬਾਅਦ ਵਿਚ ਸੰਗਤਾਂ ਵਲੋਂ ਜਿਸ ਦਾ ਨਾਮ ਗੁਰਦੁਆਰਾ ਦੀਵਾਨ ਸਿੰਘ ਰੱਖਿਆ ਗਿਆ।
ਬਾਬਾ ਦੀਵਾਨ ਸਿੰਘ ਤੇ ਬਾਬਾ ਨਿਧਾਨ ਸਿੰਘ ਪੱਕੇ ਪੰਥ ਪ੍ਰਸਤ ਸਨ।ਉਸ ਮੌਕੇ ਸਿੱਖਾਂ ਵਲੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਚਲਾ ਕੇ ਗੁਰੂਘਰਾਂ ਦਾ ਪ੍ਰਬੰਧ ਗੁਰਮਤਿ ਅਨੁਸਾਰ ਚਲਾਉਣ ਲਈ ਭਾਰੀ ਕੁਰਬਾਨੀਆਂ ਕੀਤੀਆਂ ਜਾ ਰਹੀਆਂ ਸਨ।ਆਪ ਨੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਕੇ ਇਸ ਦਾ ਪ੍ਰਬੰਧ ਪੰਥ ਦੀ ਨਵੀਂ ਬਣੀ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣ ਲਈ 1926 ਈ. ਵਿਚ ਹੀ ਲਾਹੌਰ ਵਿਖੇ ਅਰਜ਼ੀ ਦਾਖਲ ਕਰਵਾਈ ਜਿਸ ਉਤੇ ਕਾਰਵਾਈ ਕਰਦਿਆਂ ਨੇ 16 ਅਪ੍ਰੈਲ 1934 ਨੂੰ ਇਹ ਗੁਰਦੁਆਰਾ ਸਾਹਿਬ ਨੋਟੀਫਾਈਡ ਕਮੇਟੀ ਅਧੀਨ ਆ ਗਿਆ।
ਸੰਤ ਦੀਵਾਨ ਸਿੰਘ ਗੁਰੂ ਦੇ ਸਬਦ ਦੀ ਕਮਾਈ ਕਰਦੇ ਸਨ । ਆਪ ਜੀ ਦੀ ਕਰਣੀ ਅਤੇ ਕਥਨੀ ਵਿੱਚ ਇਕਸਾਰਤਾ ਅਤੇ ਇਕਸੁਰਤਾ ਸੀ । ਆਪ ਵਾਹਿਗੁਰੂ ਦੇ ਭਾਣੇ ਵਿੱਚ ਜਿਊਣਾ ਧਰਮ ਸਮਝਦੇ ਸਨ । ਚਤੁਰਾਈ ਅਤੇ ਸਿਆਣਪ ਛੱਡ ਕੇ ਵਾਹਿਗੁਰੂ ਦੇ ਭਾਉ ਅਤੇ ਭਉ ਵਿੱਚ ਰਹਿ ਕੇ ਪ੍ਰਭੂ ਦਾ ਹੁਕਮ ਪਛਾਨਣਾ ਉਨ੍ਹਾਂ ਦਾ ਪੱਕਾ ਸੁਭਾਅ ਬਣ ਚੁੱਕਾ ਸੀ। ਆਪ ਦੇ ਜੀਵਨ ਦਾ ਸੁਨਹਿਰੀ ਉਪਦੇਸ਼ ਸੀ :-
   ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥
   ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥
       (ਗੁਰੂ ਗ੍ਰੰਥ ਸਾਹਿਬ ਜੀ ਪੰਨਾ 991)
ਸੰਤ ਬਾਬਾ ਦੀਵਾਨ ਸਿੰਘ ਜੀ ਦੀਵਾਨੀ ਸੁਰਤੀ ਪ੍ਰਭੂ ਪਤੀ ਨੂੰ ਮਿਲਨ ਲਈ ਬੇਚੈਨ ਸੀ ।ਦੂਜੇ ਆਪ ਦੇ ਆਤਮਿਕ ਸਾਥੀ ਬਾਬਾ ਨਿਧਾਨ ਸਿੰਘ ਜੀ ਦੇ 4 ਅਗਸਤ 1947 ਨੂੰ ਬ੍ਰਹਮ ਲੀਨ ਹੋ ਜਾਣ ਕਰਕੇ ਆਪ ਵੀ  ਆਪ ਜੀ ਦੀ ਆਤਮਾ ਵੀ ਪਰਮਾਤਮਾ ਵਿਚ ਸਮਾਉਣ ਲਈ ਉਤਾਵਲੀ ਹੋਣ ਲੱਗੀ।ਅਖੀਰ ਅਕਾਲਪੁਰਖ ਵਲੋਂ ਆਏ  ਸੱਦੇ ਅਨੁਸਾਰ  ਆਪ ਦੀ ਆਤਮਾ 28 ਜੇਠ ਸੰਮਤ 2005, 10 ਜੂਨ 1948 ਨੂੰ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਬਿਰਾਜੀ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO