ਅੰਮ੍ਰਿਤਸਰ-ਅੱਜ ਇਥੇ ਪੰਜ ਸਿੰਘ ਸਾਹਿਬਾਨ ਨੇ ਅਹਿਮ ਫੈਸਲਾ ਲੈਂਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿਚੋਂ ਛੇਕੇ ਉਹ ਵਿਅਕਤੀ, ਜਿਨ੍ਹਾਂ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣੀ ਭੁੱਲ ਨਹੀਂ ਬਖ਼ਸ਼ਵਾਈ, ਇਕ ਮਹੀਨੇ ਦੇ ਅੰਦਰ-ਅੰਦਰ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਵਾ ਕੇ ਪੰਥ ਵਿਚ ਸ਼ਾਮਲ ਹੋ ਜਾਣ। ਸਿੰਘ ਸਾਹਿਬਾਨ ਨੇ ਇਹ ਆਦੇਸ਼ ਵੀ ਜਾਰੀ ਕੀਤਾ ਹੈ ਕਿ ਜਦੋਂ ਤਕ ਦਸਮ ਗ੍ਰੰਥ ਬਾਰੇ ਅਕਾਲ ਤਖ਼ਤ ਸਾਹਿਬ ਵਲੋਂ ਕੋਈ ਅੰਤਮ ਨਿਰਣਾ ਨਹੀਂ ਲਿਆ ਜਾਂਦਾ, ਉਦੋਂ ਤਕ ਕੋਈ ਵੀ ਦਸਮ ਗ੍ਰੰਥ ਦੇ ਵਿਰੋਧ ਜਾਂ ਹੱਕ ਵਿਚ ਬਿਆਨਬਾਜ਼ੀ ਨਾ ਕੀਤੀ ਜਾਵੇ।ਇਹ ਫੈਸਲੇ ਅੱਜ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਚ ਦੋ ਘੰਟੇ ਚੱਲੀ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਲਏ ਗਏ। ਅੱਜ ਦੀ ਇਸ ਮੀਟਿੰਗ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ, ਗ੍ਰੰਥੀ ਗਿਆਨੀ ਰਵੇਲ ਸਿੰਘ ਸ਼ਾਮਲ ਸਨ।ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਦੀ ਮਨਾਈ ਗਈ ਤਿੰਨ ਸੌ ਸਾਲਾ ਫਤਹਿ ਸ਼ਤਾਬਦੀ ਦੇ ਮੱਦੇਨਜ਼ਰ ਪੰਥ ਵਿਚੋਂ ਛੇਕੇ ਗਏ ਵਿਅਕਤੀਆਂ ਨੂੰ ਇਕ ਮੌਕਾ ਦਿੱਤਾ ਗਿਆ ਹੈ ਕਿ ਉਹ ਇਕ ਮਹੀਨੇ ਦੇ ਵਿਚ ਵਿਚ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਵਾ ਕੇ ਪੰਥਕ ਧਾਰਾ ਵਿਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਥ ਭੁੱਲਿਆਂ ਨੂੰ ਹਮੇਸ਼ਾਂ ਬਖਸ਼ਦਾ ਆਇਆ ਹੈ ਅਤੇ ਇਹ ਉਨ੍ਹਾਂ ਲਈ ਸੁਨਹਿਰਾ ਮੌਕਾ ਹੈ। ਉਧਰ ਦਸਮ ਗ੍ਰੰਥ ਬਾਰੇ ਵੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ।ਇਥੇ ਇਹ ਵਰਣਨਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਅੱਠ ਵਰ੍ਹੇ ਜਥੇਦਾਰ ਰਹੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਆਪਣੇ ਕਾਰਜਕਾਲ ਦੌਰਾਨ ਕੌਮ ਨੂੰ ਇਹ ਆਦੇਸ਼ ਜਾਰੀ ਕੀਤੇ ਸਨ ਕਿ ਜਦੋਂ ਤਕ ਅਕਾਲ ਤਖ਼ਤ ਦਸਮ ਗ੍ਰੰਥ ਬਾਰੇ ਕੋਈ ਅੰਤਿਮ ਨਿਰਣਾ ਨਹੀਂ ਲੈ ਲੈਂਦਾ, ਉਦੋਂ ਤਕ ਕੋਈ ਕਿੰਤੂ-ਪ੍ਰੰਤੂ ਨਾ ਕੀਤਾ ਜਾਵੇ। ਪਰ ਉਹ ਵੀ ਦਸਮ ਗ੍ਰੰਥ ਬਾਰੇ ਕੋਈ ਫੈਸਲਾ ਨਹੀਂ ਸੀ ਲੈ ਸਕੇ। ਉਨ੍ਹਾਂ ਕਿਹਾ ਕਿ ਅੱਗੇ ਤੋਂ ਅਕਾਲ ਤਖ਼ਤ ਸਾਹਿਬ ’ਤੇ ਵਿਸ਼ੇਸ਼ ਤੇ ਕੌਮੀ ਮਸਲੇ ਹੀ ਵਿਚਾਰੇ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਇਹ ਫੈਸਲਾ ਲਿਆ ਗਿਆ ਹੈ ਕਿ ਅਕਾਲ ਤਖ਼ਤ ਸਾਹਿਬ ’ਤੇ ਜਿੰਨੇ ਵੀ ਮਸਲੇ ਵਿਚਾਰ ਅਧੀਨ ਪਏ ਹਨ, ਉਹ ਸਾਰੇ ਹੀ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਭੇਜ ਦਿੱਤੇ ਜਾਣਗੇ। ਧਰਮ ਪ੍ਰਚਾਰ ਕਮੇਟੀ ਵਿਦਵਾਨਾਂ ਦਾ ਇਕ ਪੈਨਲ ਬਣਾ ਕੇ ਉਨ੍ਹਾਂ ਮਸਲਿਆਂ ਦਾ ਨਿਪਟਾਰਾ ਕਰੇ। ਸਿੰਘ ਸਾਹਿਬਾਨ ਨੇ ਗੁਰੂ ਨਾਨਕ ਦੇਵ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਚ ਸਥਾਪਿਤ ਪ੍ਰਾਚੀਨ ਤੇ ਇਤਿਹਾਸਕ ਪਾਲਕੀ ਸਾਹਿਬ ਦੀ ਸਾਂਭ-ਸੰਭਾਲ ਕਰਨ ਦੇ ਆਦੇਸ਼ ਵੀ ਦਿੱਤੇ ਹਨ।ਵਰਣਨਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਵੀਂ ਪਾਲਕੀ ਬਣਵਾ ਕੇ ਗੁਰਦੁਆਰਾ ਜਨਮ ਅਸਥਾਨ ਵਿਚ ਸਥਿਤ ਪ੍ਰਾਚੀਨ ਪਾਲਕੀ ਦੀ ਥਾਂ ਸਥਾਪਤ ਕਰਨ ਲਈ ਰੱਖ ਕੇ ਆਏ ਹਨ, ਜਿਹੜੀ ਅਜੇ ਤਕ ਉਸੇ ਤਰ੍ਹਾਂ ਪਈ ਹੈ। ਅੱਜ ਭਾਵੇਂ ਸਿੰਘ ਸਾਹਿਬਾਨ ਨੇ ਨਵੀਂ ਪਾਲਕੀ ਜਾਂ ਪਰਮਜੀਤ ਸਿੰਘ ਸਰਨਾ ਦਾ ਨਾਂ ਲਏ ਬਿਨਾਂ ਹੀ ਇਹ ਗੱਲ ਆਖੀ ਹੈ ਕਿ ਇਤਿਹਾਸਕ ਪਾਲਕੀ ਦੀ ਸਾਂਭ-ਸੰਭਾਲ ਕੀਤੀ ਜਾਵੇ ਪਰ ਇਸ ਤੋਂ ਇਹ ਸੰਕੇਤ ਹੀ ਮਿਲਦਾ ਹੈ ਕਿ ਦਿੱਲੀ ਕਮੇਟੀ ਵੱਲੋਂ ਉਥੇ ਭੇਜੀ ਗਈ ਨਵੀਂ ਪਾਲਕੀ ਉਥੇ ਸਥਾਪਤ ਨਾ ਕੀਤੀ ਜਾਵੇ।