ਨਵੀਂ ਦਿੱਲੀ, 10 ਜੂਨ-ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਰਮਿਆਨ ਦਿੱਲੀ ਦੇ ਯੋਜਨਾ ਭਵਨ ਵਿਖੇ ਹੋਈ ਬੈਠਕ ਦੌਰਾਨ ਸਾਲ 2010-11 ਲਈ 9150 ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ ਯੋਜਨਾ ’ਚ 333 ਕਰੋੜ ਰੁਪਏ ਦੀ ਵਾਧੂ ਸਹਾਇਤਾ ਦੇ ਨਾਲ 30 ਫੀਸਦੀ ਕੇਂਦਰੀ ਗਰਾਂਟ ਵੀ ਸ਼ਾਮਲ ਹੈ। ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਾਲ 2009-10 ਦੀ ਸਾਲਾਨਾ ਯੋਜਨਾ (8600 ਕਰੋੜ ਰੁਪਏ) ਦੇ ਮੁਕਾਬਲੇ ਸਾਲ 2010-11 ਲਈ 9150 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਆਹਲੂਵਾਲੀਆ ਨੂੰ ਦੱਸਿਆ ਗਿਆ ਕਿ ਗਿਆਰਵੀਂ ਪੰਜ ਸਾਲਾ ਯੋਜਨਾ ਦੌਰਾਨ ਰਾਜ ਦੀ ਆਰਥਿਕ ਵਿਕਾਸ ਦਰ 5.90 ਫੀਸਦੀ ਤੈਅ ਕੀਤੀ ਗਈ ਸੀ। ਪਹਿਲੇ ਤਿੰਨ ਸਾਲਾਂ ਦੌਰਾਨ ਇਹ ਦਰ 6.88% ਤੋਂ 6.40% ਤੇ 6.69% ਸੀ ਅਤੇ ਖਰਚਿਆਂ ’ਚ ਪਿਛਲੇ ਸਾਲ 70 ਤੋਂ 84 ਫੀਸਦੀ ਵਾਧਾ ਹੋਇਆ ਸੀ।
ਇਹ ਵਾਧਾ 16 ਯੋਜਨਾਵਾਂ ਨੂੰ ਸ਼ੁਰੂ ਕਰਨ ਕਰਕੇ ਹੋਇਆ ਸੀ। ਸ੍ਰੀ ਬਾਦਲ ਨੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਆਰਥਿਕ ਪੈਕੇਜ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਕਰਜ਼ੇ ਦੇ ਭਾਰ ਤੋਂ ਹੌਲਾ ਹੋ ਸਕੇ। ਸ੍ਰੀ ਬਾਦਲ ਨੇ ਦੱਸਿਆ ਕਿ ਰਾਜ ਸਰਕਾਰਾਂ ਵੱਲੋਂ ਟੈਕਸਾਂ ਦੀ ਅਦਾਇਗੀ ਪ੍ਰਤੀ ਕੀਤੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਯੋਜਨਾ ਦੇ ਤਿੰਨ ਸਾਲਾਂ ਦੌਰਾਨ 10%, 13% ਤੇ 8% ਦਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ 2010-11 ਦੌਰਾਨ ਰਾਜ ਸਰਕਾਰ ਹੋਰ ਵਾਧੂ ਸਰੋਤਾਂ ਤੋਂ 1200 ਕਰੋੜ ਰੁਪਏ ਇਕੱਠੇ ਕਰੇਗੀ। ਸ੍ਰੀ ਬਾਦਲ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀ ਆਮਦਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਕਿ ਰਾਜ ਲਈ ਸ਼ੁਭ ਸ਼ਗਨ ਹੈ।ਇਸੇ ਦੌਰਾਨ ਸ੍ਰੀ ਮੌਂਟੇਕ ਸਿੰਘ ਆਹਲੂਵਾਲੀਆ ਨੇ ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਣ ਲਈ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦੀ ਰਾਜ ਸਰਕਾਰ ਦੀ ਨੀਤੀ ਨੂੰ ਕਸੂਰਵਾਰ ਦੱਸਣ ਬਾਰੇ ਆਪਣੇ ਬਿਆਨ ਸਬੰਧੀ ਕੁਝ ਹੋਰ ਕਹਿਣ ਤੋਂ ਨਾਂਹ ਕਰ ਦਿੱਤੀ।