Punjab News

June 11, 2010

ਹੈਡਲੀ ਤੋਂ ਪੁੱਛ-ਪੜਤਾਲ ਮੁਕੰਮਲ-ਐਨ.ਆਈ.ਏ. ਟੀਮ ਪਰਤੀ

untitledਵਾਸ਼ਿੰਗਟਨ, 11 ਜੂਨ-ਮੁੰਬਈ ਹਮਲਿਆਂ ਵਿਚ ਸ਼ਮੂਲੀਅਤ ਦਾ ਗੁਨਾਹ ਕਬੂਲ ਚੁੱਕੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਡੇਵਿਡ ਕੋਲਮਨ ਹੈਡਲੀ ਤੋਂ ਭਾਰਤ ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਟੀਮ ਦੀ ਪੁੱਛ-ਪੜਤਾਲ ਖਤਮ ਹੋ ਚੁੱਕੀ ਹੈ ਅਤੇ ਅਮਰੀਕੀ ਨਿਆਂ ਮੰਤਰਾਲੇ ਮੁਤਾਬਕ ਇਸ ਦੌਰਾਨ ਭਾਰਤੀ ਟੀਮ ਵੱਲੋਂ ਸਵਾਲ  ਪੁੱਛਣ ’ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਗਾਈ ਗਈ।ਭਾਰਤ ਤੇ ਅਮਰੀਕਾ ਵਿਚਾਲੇ ਕਈ ਗੇੜਾਂ ਦੀ ਗੱਲਬਾਤ ਮਗਰੋਂ ਐਨ.ਆਈ.ਏ. ਦੇ ਚਾਰ ਮੈਂਬਰੀ ਦਲ ਨੂੰ ਹੈਡਲੀ ਤੋਂ ਪੁੱਛ-ਪੜਤਾਲ ਦਾ ਮੌਕਾ ਦਿੱਤਾ ਗਿਆ ਸੀ। ਲੋਕਨਾਥ ਬਹੇਰਾ ਦੀ ਅਗਵਾਈ ਵਿਚ ਐਨ.ਆਈ.ਏ. ਦੀ ਚਾਰ ਮੈਂਬਰੀ ਟੀਮ ਹੈਡਲੀ ਤੋਂ 26 ਨਵੰਬਰ, 2008 ਵਿਚ ਹੋਏ ਮੁੰਬਈ ਹਮਲਿਆਂ ਵਿਚ ਉਸ ਦੀ ਭੂਮਿਕਾ, ਸਮੁੱਚੀ ਸਾਜ਼ਿਸ਼ ਤੇ ਇਸ ਹਮਲੇ ਵਿਚ ਸ਼ਾਮਲ ਸਾਰੇ ਲੋਕਾਂ ਬਾਰੇ ਪੁੱਛ-ਪੜਤਾਲ ਕਰਕੇ ਦੇਸ਼ ਰਵਾਨਾ ਹੋ ਗਈ ਹੈ।ਅਮਰੀਕੀ ਨਿਆਂ ਮੰਤਰਾਲੇ ਦੇ ਬਿਆਨ ਮੁਤਾਬਕ, ‘‘ਹੈਡਲੀ ਤੇ ਉਸ ਦੇ ਵਕੀਲ ਨੇ ਭਾਰਤੀ ਜਾਂਚ ਟੀਮ ਨਾਲ ਮੁਲਾਕਾਤ ਉਪਰ ਰਜ਼ਾਮੰਦੀ ਦਿੱਤੀ ਸੀ ਅਤੇ ਹੈਡਲੀ ਨੇ 7 ਦਿਨਾਂ ਤਕ ਚੱਲੀ ਪੁੱਛ-ਪੜਤਾਲ ਦੌਰਾਨ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਭਾਰਤੀ ਟੀਮ ਵੱਲੋਂ ਸਵਾਲ ਪੁੱਛਣ ’ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਗਾਈ ਗਈ ਸੀ।’’ਬਿਆਨ ਮੁਤਾਬਕ ਭਾਰਤ ਤੇ ਅਮਰੀਕਾ ਵੱਲੋਂ ਕੀਤੀ ਗਈ ਮਾਮਲੇ ਦੀ ਜਾਂਚ ‘ਗੁਪਤ’ ਰੱਖਣ ਲਈ ਦੋਵੇਂ ਦੇਸ਼ ਹੈਡਲੀ ਤੋਂ ਪੁੱਛ-ਪੜਤਾਲ ਦੌਰਾਨ ਸਾਹਮਣੇ ਆਈਆਂ ਗੱਲਾਂ ਨੂੰ ਜਨਤਕ ਨਾ ਕਰਨ ’ਤੇ ਰਾਜ਼ੀ ਹੋਏ ਹਨ।ਹੈਡਲੀ ਤੋਂ ਸਿੱਧੀ ਪੁੱਛ-ਪੜਤਾਲ ਕਰਨ ਲਈ ਐਨ.ਆਈ.ਏ. ਦੀ ਟੀਮ ਪਿਛਲੀ 31 ਮਈ ਨੂੰ ਅਮਰੀਕਾ ਰਵਾਨਾ ਹੋਈ ਸੀ ਤੇ ਉਸ ਨੇ ਤਿੰਨ ਜੂਨ ਨੂੰ ਪੁੱਛ-ਪੜਤਾਲ ਸ਼ੁਰੂ ਕੀਤੀ ਸੀ। ਹੈਡਲੀ ਇਸ ਸਮੇਂ ਸ਼ਿਕਾਗੋ ਦੇ ਮੈਟਰੋਪੋਲਿਟਨ ਕੋਰੈਕਸ਼ਨ ਸੈਂਟਰ ਵਿਚ ਹੈ।ਅਮਰੀਕਾ ਵਿਚ ਤਾਇਨਾਤ ਭਾਰਤੀ ਸਫੀਰ ਮੀਰਾ ਸ਼ੰਕਰ ਨੇ ਦੱਸਿਆ ਕਿ ਜਾਂਚ ਟੀਮ ਨੇ ਹੈਡਲੀ ਤੋਂ ਪੁੱਛ-ਪੜਤਾਲ ਪੂਰੀ ਕਰ ਲਈ ਹੈ ਤੇ ਉਹ ਦੇਸ਼ ਲਈ ਰਵਾਨਾ ਹੋ ਗਈ ਹੈ।ਉਨ੍ਹਾਂ ਕਿਹਾ, ‘‘ਭਾਰਤ ਸਰਕਾਰ ਦੀ ਨਜ਼ਰ ਵਿਚ ਹੈਡਲੀ ਤੋਂ ਹੋਈ ਪੁੱਛ-ਪੜਤਾਲ ਮੁੰਬਈ ਹਮਲੇ ਦੇ ਗੰਭੀਰ ਅਪਰਾਧ ਦੀ ਪੂਰੀ ਜਾਂਚ ਪੱਖੋਂ ਬਹੁਤ ਅਹਿਮ ਹੈ। ਪੁੱਛ-ਪੜਤਾਲ ਵਿਚ ਅਮਰੀਕੀ ਪ੍ਰਸ਼ਾਸਨ ਦਾ ਸਹਿਯੋਗ ਕਾਬਿਲ-ਏ-ਤਾਰੀਫ਼ ਰਿਹਾ।’’ ਅਮਰੀਕੀ ਨਿਆਂ ਮੰਤਰਾਲੇ ਮੁਤਾਬਕ, ‘‘ਕੌਮਾਂਤਰੀ ਅਤਿਵਾਦ ਨਾਲ ਮੁਕਾਬਲੇ ਲਈ ਭਾਰਤ ਤੇ ਅਮਰੀਕਾ ਦਰਮਿਆਨ ਸਹਿਯੋਗ ਅਤੇ ਹੋਰ ਭਾਈਵਾਲੀ ਤਹਿਤ ਭਾਰਤੀ ਅਧਿਕਾਰੀਆਂ ਨੂੰ ਡੇਵਿਡ ਹੈਡਲੀ ਤੋਂ ਸਿੱਧੀ ਪੁੱਛ-ਪੜਤਾਲ ਕਰਨ ਦਾ ਮੌਕਾ ਦਿੱਤਾ ਗਿਆ ਹੈ।’’ਇਸ ਦੌਰਾਨ ਨਵੀਂ ਦਿੱਲੀ ਸਥਿਤ ਅਮਰੀਕੀ ਸਫਾਰਤਖਾਨੇ ਵੱਲੋਂ ਜਾਰੀ ਵੱਖਰੇ ਬਿਆਨ ਵਿਚ ਭਾਰਤ ਵਿਚ ਤਾਇਨਾਤ ਅਮਰੀਕਾ ਦੇ ਰਾਜਦੂਤ ਟਿਮੋਥੀ ਰੋਏਮਰ ਨੇ ਹੈਡਲੀ ਤੋਂ ਪੁੱਛ-ਪੜਤਾਲ ਪ੍ਰਕਿਰਿਆ ਵਿਚ ਭਾਰਤੀ ਟੀਮ ਦੇ ਮੈਂਬਰਾਂ ਤੇ ਅਮਰੀਕੀ ਸੁਰੱਖਿਆ ਅਧਿਕਾਰੀਆਂ ਦਰਮਿਆਨ ਸਹਿਯੋਗ ਦੀ ਪ੍ਰਸੰਸਾ ਕੀਤੀ।ਰੋਏਮਰ ਨੇ ਕਿਹਾ, ਹੈਡਲੀ ਤੋਂ ਪੁੱਛ-ਪੜਤਾਲ ਸੁਰੱਖਿਆ ਸਹਿਯੋਗ ਪੱਖੋਂ ਇਤਿਹਾਸਕ ਹੈ। ਇਹ ਰਣਨੀਤਕ ਭਾਈਵਾਲੀ ਅਹਿਮ, ਠੋਸ ਤੇ ਬੇਹੱਦ ਕਾਮਯਾਬ ਰਹੀ।’’ਉਨ੍ਹਾਂ ਕਿਹਾ, ‘‘ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਅਮਰੀਕਾ ਸਰਕਾਰ ਨੇ ਜਿੱਥੇ ਭਾਰਤੀ ਟੀਮ ਨੂੰ ਹੈਡਲੀ ਤੋਂ ਪੁੱਛ-ਪੜਤਾਲ ਦਾ ਮੌਕਾ ਦੇਣ ਲਈ ਉੱਚ ਪੱਧਰ ’ਤੇ ਲਗਾਤਾਰ ਕੰਮ ਕੀਤਾ ਸੀ, ਉੱਥੇ ਨਾਲ ਹੀ ਆਪਸੀ ਸਬੰਧਾਂ ਤੇ ਅਤਿਵਾਦ ਖ਼ਿਲਾਫ਼ ਜੰਗ  ਦੇ ਸਿਲਸਿਲੇ ਵਿਚ ਜਾਣਕਾਰੀ ਦੇ ਲੈਣ-ਦੇਣ ਲਈ ਪਹਿਲਾਂ ਤੋਂ ਹੀ ਬਣੇ ਸਹਿਯੋਗ ਨੂੰ ਹੋਰ ਵਧਾਉਣ ਪ੍ਰਤੀ ਵੀ ਸਕਾਰਾਤਮਕ ਕੋਸ਼ਿਸ਼ ਕੀਤੀ। ਮੈਨੂੰ ਅੱਜ ਇਸ ਦੀ ਪੁਸ਼ਟੀ ਕਰਦਿਆਂ ਮਾਣ ਹੋ ਰਿਹਾ ਹੈ ਕਿ ਇਹ ਕੋਸ਼ਿਸ਼ ਕਾਮਯਾਬ ਰਹੀ।’’ਸ੍ਰੀ ਰੋਏਮਰ ਨੇ ਕਿਹਾ, ‘‘ਜਿਵੇਂ ਰਾਸ਼ਟਰਪਤੀ ਬਰਾਕਾ ਓਬਾਮਾ ਨੇ ਪਿੱਛੇ ਜਿਹੇ ਹੋਈ ਭਾਰਤ-ਅਮਰੀਕਾ ਰਣਨੀਤਕ ਗੱਲਬਾਤ ਵਿਚ ਜ਼ਿਕਰ ਕੀਤਾ ਸੀ, ਦੋਵੇਂ ਮੁਲਕ ਕੌਮਾਂਤਰੀ ਖਤਰਿਆਂ ਨਾਲ ਨਜਿੱਠਣ ਲਈ ਵਧੀਆ ਢੰਗ ਨਾਲ ਆਪਸੀ ਸਹਿਯੋਗ ਕਰ ਰਹੇ ਹਨ।’’ ਹੈਡਲੀ ਤੋਂ ਹੋਈ ਪੁੱਛ-ਪੜਤਾਲ ਵਿਚ ਸਾਹਮਣੇ ਆਈ ਜਾਣਕਾਰੀ ਨਾਲ ਲਸ਼ਕਰ ਦੀਆਂ ਭਾਰਤ ਵਿਚ ਹਮਲੇ ਕਰਨ ਦੀਆਂ ਸਾਜ਼ਿਸ਼ਾਂ ’ਤੇ ਹੋਰ ਰੋਸ਼ਨੀ ਪੈ ਸਕਦੀ ਹੈ।ਇਸ ਦੌਰਾਨ ਜਾਂਚ ਨਾਲ ਜੁੜੇ ਸੂਤਰਾਂ ਮੁਤਾਬਕ ਹੈਡਲੀ ਤੋਂ ਪੁੱਛ-ਪੜਤਾਲ ਦੇ ਵੇਰਵਿਆਂ ਬਾਰੇ ਮੀਡੀਆ ’ਚ ਆ ਰਹੀਆਂ ਖ਼ਬਰਾਂ ’ਚ ਕੋਈ ਦਮ ਨਹੀਂ ਹੈ।ਕੁਝ ਰਿਪੋਰਟਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੁੱਛ-ਪੜਤਾਲ ਦੌਰਾਨ ਹੈਡਲੀ ਨੇ ਜਾਂਚ ਟੀਮ ਨਾਲ ਕੋਈ ਸਹਿਯੋਗ ਨਹੀਂ ਕੀਤਾ। ਹੈਡਲੀ ਦੇ ਵਕੀਲ ਜੌਹਨ ਥੀਸ ਨੇ ਪੁੱਛ-ਪੜਤਾਲ ਦੇ ਵੇਰਵਿਆਂ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ, ‘‘ਮਾਮਲਾ ਗੰਭੀਰ ਤੇ ਗੁੰਝਲਦਾਰ ਹੈ। ਮੈਂ ਇਸ ਪੁੱਛ-ਪੜਤਾਲ ਬਾਰੇ ਕੁਝ ਵੀ ਨਹੀਂ ਕਹਿ ਸਕਦਾ।’’



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO