ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਪੂਰਥਲਾ ਜ਼ਿਲ੍ਹੇ ਦੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨੂੰ ਮੱਦੇਨਜ਼ਰ ਇਸ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਨੂੰ ਸਿਧਾਂਤਕ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਹੈ।ਇਹ ਫੈਸਲਾ ਇੱਥੇ ਸੁਲਤਾਨਪੁਰ ਲੋਧੀ ਵਿਕਾਸ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ ਜਿਸ ਵਿਚ ਮੁੱਖ ਮੰਤਰੀ ਨੇ ਮਾਲ ਵਿਭਾਗ ਨੂੰ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਦਰਜਾ ਦੇਣ ਲਈ ਛੇਤੀ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਨੂੰ ਕਿਹਾ। ਉਨ੍ਹਾਂ ਨੇ ਪੰਜਾਬ ਪਾਵਰਕਾਮ ਦੇ ਚੇਅਰਮੈਨ ਨੂੰ ਵੀ ਇਸ ਸ਼ਹਿਰ ਨੂੰ ਨਿਰਵਿਘਨ 24 ਘੰਟੇ ਬਿਜਲੀ ਸਪਲਾਈ ਦੇਣ ਦੇ ਹੁਕਮ ਜਾਰੀ ਕੀਤੇ।ਸੁਲਤਾਨਪੁਰ ਲੋਧੀ ਅਤੇ ਇਸ ਦੇ ਆਲੇ-ਦੁਆਲੇ ਚਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦੇ ਹੋਏ ਸ੍ਰੀ ਬਾਦਲ ਨੇ ਸਕੱਤਰ ਪੀ.ਡਬਲਯੂ.ਡੀ. (ਬੀ.ਐਡ. ਆਰ.) ਨੂੰ ਕਿਹਾ ਕਿ ਸ਼ਹਿਰ ਵਿਚ ਪੈਂਦੀਆਂ ਸਾਰੀਆਂ ਸੜਕਾਂ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ। ਉਨ੍ਹਾਂ ਨੇ ਪੰਜਾਬ ਰਾਜ ਬੁਨਿਆਦੀ ਢਾਂਚਾ ਵਿਕਾਸ ਬੋਰਡ ਨੂੰ ਸ਼ਹਿਰ ਵਿਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ 2 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਮ.ਡੀ. ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਸੀਵਰੇਜ ਅਤੇ ਪੀਣ ਵਾਲੇ ਪਾਣੀ ਸਬੰਧੀ ਸਾਰੇ ਕਾਰਜ 31 ਮਾਰਚ 2011 ਤਕ ਮੁਕੰਮਲ ਕਰ ਲਏ ਜਾਣਗੇ। ਸ੍ਰੀ ਬਾਦਲ ਨੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਨੂੰ ਪੀਣ ਵਾਲੇ ਪਾਣੀ ਅਤੇ ਸੀਵਰੇਜ ਸਬੰਧੀ ਸਾਰੇ ਵਿਕਾਸ ਕੰਮ ਮੁਕੰਮਲ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ। ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਵੱਲੋਂ ਉਠਾਈਆਂ ਕੁਝ ਮੰਗਾਂ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਚ 25 ਲੱਖ ਰੁਪਏ ਦੀ ਲਾਗਤ ਨਾਲ ਫਾਇਰ ਬ੍ਰਿਗੇਡ ਅਤੇ ਹੜ੍ਹ ਰੋਕੂ ਕਾਰਜਾਂ ਲਈ 5.83 ਕਰੋੜ ਰੁਪਏ ਜਾਰੀ ਕਰਨ ਲਈ ਵੀ ਕਮਿ(ਮਾਲ) ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਮਾਲ ਵਿਭਾਗ ਨੂੰ ਸ਼ਹਿਰ ਵਿਚ ਤਹਿਸੀਲ ਕੰਪਲੈਕਸ ਦੀ ਮੁਰੰਮਤ ਵਾਸਤੇ 50 ਲੱਖ ਰੁਪਏ ਤੁਰੰਤ ਜਾਰੀ ਕਰਨ ਲਈ ਹਦਾਇਤ ਕੀਤੀ।
ਮੀਟਿੰਗ ਵਿਚ ਮੁੱਖ ਮੰਤਰੀ ਨੇ ਮੰਡੀ ਬੋਰਡ ਨੂੰ ਕਿਹਾ ਕਿ ਸੁਲਤਾਨਪੁਰ ਲੋਧੀ ਵਿਚ ਉਸਾਰੀ ਜਾ ਰਹੀ ਨਵੀਂ ਦਾਣਾ ਮੰਡੀ ਵਿਚ ਪਲੈਟਫਾਰਮ ਅਤੇ ਗੱਡੀਆਂ ਲਈ ਪਾਰਕਿੰਗ ਦਾ ਕੰਮ ਮੌਜੂਦਾ ਖਰੀਫ ਸੀਜ਼ਨ ਵਿਚ ਝੋਨੇ ਦੀ ਖਰੀਦ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇ।ਇਸੇ ਤਰ੍ਹਾਂ ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਨੂੰ ਭਰੋਸਾ ਦੁਆਇਆ ਕਿ ਯਾਤਰੀਆਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਸ਼ਹਿਰ ਦੇ ਬੱਸ ਅੱਡੇ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਉਨ੍ਹਾਂ ਨੇ ਮੁੱਖ ਵਣਪਾਲ ਨੂੰ ਸ਼ਹਿਰ ਦੇ 5 ਕਿਲੋ ਮੀਟਰ ਦੇ ਘੇਰੇ ਅੰਦਰ ਸਾਰੀਆਂ ਮੁੱਖ ਸੜਕਾਂ ਦੇ ਆਲੇ-ਦੁਆਲੇ ਬਾਰਸ਼ਾਂ ਦੌਰਾਨ ਬੂਟੇ ਲਗਾਉਣ ਲਈ ਹੁਕਮ ਜਾਰੀ ਕੀਤੇ। ਮੁੱਖ ਮੰਤਰੀ ਨੇ ਸਕੱਤਰ ਪੀ. ਡਬਲਯੂ.ਡੀ. (ਬੀ.ਐਂਡ.ਆਰ.) ਨੂੰ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਨੂੰ ਜੋੜਦੇ ਬੇਬੇ ਨਾਨਕੀ ਮਾਰਗ ਨੂੰ 18 ਫੁੱਟ ਤੋਂ 33 ਫੁੱਟ ਚੌੜੀਆਂ ਕਰਨ ਲਈ ਲਈ ਇਕ ਤਜਵੀਜ਼ ਲਿਆਉਣ ਲਈ ਕਿਹਾ।ਮੀਟਿੰਗ ਵਿਚ ਪ੍ਰਮੁੱਖ ਸਕੱਤਰ, ਸ੍ਰੀ ਡੀ.ਐਸ.ਗੁਰੂ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਐਨ.ਐਸ. ਸਾਂਗਾ, ਸਕੱਤਰ ਪੀ.ਡਬਲਿਊ.ਡੀ. (ਬੀ.ਐੱਡ. ਆਰ.) ਸ੍ਰੀ ਕੁਲਬੀਰ ਸਿੰਘ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਮ.ਡੀ. ਸ੍ਰੀ ਸਤਪਾਲ ਅੰਗਰੂਲਾ, ਐਡੀਸ਼ਨਲ ਸਕੱਤਰ ਸਥਾਨਕ ਸਰਕਾਰ ਕਵਿਤਾ ਚੌਹਾਨ ਅਤੇ ਸਕੱਤਰ ਮੰਡੀ ਬੋਰਡ ਸ੍ਰੀ ਕਰਮਜੀਤ ਸਿੰਘ ਸਰਾ ਸ਼ਾਮਲ ਸਨ।