ਅੰਮ੍ਰਿਤਸਰ-‘‘ ਅੰਮ੍ਰਿਤਸਰ ਜਿਲਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਗਈ ਖਾਨਗੀ ਤਕਸੀਮ ਪ੍ਰਾਜੈਕਟ ਨੂੰ ਜ਼ਿਲੇ ਭਰ ’ਚ ਕਿਸਾਨ ਪਰਿਵਾਰਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੇ ਸਰਕਾਰ ਪੂਰੇ ਰਾਜ ਵਿਚ ਇਸ ਸਕੀਮ ਨੂੰ ਲਾਗੂ ਕਰਦੀ ਹੈ ਤਾਂ ਇਹ ਮੌਜੂਦਾ ਸਰਕਾਰ ਦੀਆਂ ਕਈ ਪ੍ਰਾਪਤੀਆਂ ਵਿਚੋਂ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੇ ਅਖਰਾਂ ਵਿਚ ਲਿਖੀ ਜਾਣ ਵਾਲੀ ਇਕ ਵੱਡੀ ਪ੍ਰਾਪਤੀ ਸਿੱਧ ਹੋਵੇਗੀ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਾਸਾਂਸੀ ਦੇ ਸੀਨੀਅਰ ਅਕਾਲੀ ਆਗੂ ਤੇ ਜਿਲ੍ਹਾ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਅਤੇ ਜਿਲਾ ਪ੍ਰੀਸ਼ਦ ਮੈਂਬਰ ਸਤਿੰਦਰਪਾਲ ਸਿੰਘ ਹੈਪੀ ਸੰਧੂ ਨੇ ਜ਼ਿਲੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਅੱਜ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ। ਉਨਾਂ ਦਸਿਆ ਕਿ ਉਨਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਪੱਤਰ ਰਾਹੀਂ ਉਕਤ ਸਕੀਮ ਨੂੰ ਸੰਜੀਦਗੀ ਨਾਲ ਪੂਰੇ ਰਾਜ ਵਿਚ ਅਪਣਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਪਰਿਵਾਰਕ ਜ਼ਮੀਨਾਂ ਦੀ ਵੰਡ ਨੂੰ ਲੈ ਕੇ ਕਿਸਾਨ ਪਰਿਵਾਰਾਂ ਵਿਚ ਲਗਾਤਾਰ ਚਲ ਰਹੇ ਪਰਿਵਾਰਕ ਝਗੜਿਆਂ ਨੂੰ ਜਿਥੇ ਠੱਲ੍ਹ ਪਈ ਹੈ ਉਥੇ ਉਕਤ ਸਕੀਮ ਨੇ ਜ਼ਮੀਨਾਂ ਦੀਆਂ ਇੰਤਕਾਲਾਂ ਮੌਕੇ ਭ੍ਰਿਸ਼ਟਾਚਾਰ ਲਈਂ ਕੋਈ ਜਗਾ ਨਹੀਂ ਰਹਿਣ ਦਿੱਤੀ ਹੈ। ਉਨਾਂ ਇਹ ਵੀ ਦਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਸੀਮਤ ਸਾਧਨਾਂ ਦੇ ਬਾਵਜੂਦ ਸਿਓਂਕ ’ਤੇ ਕਾਬੂ ਪਾਉਣ ਲਈ ਸਿਓਂਕ ਦੀਆਂ ਵਰਮੀਆਂ ਨਸ਼ਟ ਕਰਨ, ਬਾਲ ਮਜ਼ਦੂਰੀ ਵਿਚ ਫਸੇ ਬਚਿਆਂ ਨੂੰ ਮੁਕਤ ਕਰਨ, ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨਾਂ ਦਾ ਤਤਕਾਲ ਹੱਲ ਕੱਢਣ ਲਈ ਹਰ ਸਮੇਂ ਤਤਪਰ ਰਹਿਣ, ਨਰੇਗਾ ਸਕੀਮ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ, ਜ਼ਮੀਨਾਂ ਦੀਆਂ ਰਜਿਸਟਰੀਆਂ ਮੌਕੇ ਪਾਰਦਰਸ਼ਤਾ ਲਿਆਉਣ ਨੂੰ ਯਕੀਨੀ ਬਣਾਉਣ, ਸਾਫ ਸੁਥਰਾ ਵਾਤਾਵਰਨ ਦੇਣ, ਨਸ਼ਿਆਂ ਦਾ ਵਿਰੋਧ ਕਰਦਿਆਂ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੀ ਕਾਰਵਾੲਂੀ ਨੂੰ ਲੋਕਾਂ ਵਲੋਂ ਸਲਾਹਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਭਰੂਣ ਹਤਿਆ ਦਾ ਵਿਆਪਕ ਵਿਰੋਧ ਕਰਨ ਤੋਂ ਇਲਾਵਾ ਅਣਚਾਹੇ ਬਚੇ, ਬਚੀਆਂ ਦੀ ਜਾਨ ਬਚਾਉਣ ਲਈ ਰੈਡ ਕਰਾਸ ਸੰਸਥਾ ਰਾਹੀਂ ਚਲਾਈ ਜਾ ਰਹੀ ਪੰਘੂੜਾ ਸਕੀਮ ਦੀ ਕਾਮਯਾਬੀ ਨੇ ਡੀ ਸੀ ਸ. ਪੰਨੂੰ ਨੂੰ ਇਕ ਕੁਸ਼ਲ ਪ੍ਰਬੰਧਕ ਹੋਣ ਦਾ ਫਤਵਾ ਦਿੱਤਾ ਹੈ। ਉਹਨਾਂ ਕਿਹਾ ਕਿ ਪੰਘੂੜਾ ਸਕੀਮ ਨੇ ਕਈ ਦਰਜਨਾਂ ਨੰਨ੍ਹੀ ਬਚੀਆਂ ਦੀ ਕੇਵਲ ਜਾਨਾਂ ਹੀ ਨਹੀਂ ਬਚਾਈਆਂ ਸਗੋਂ ਉਨਾਂ ਨੂੰ ਸੁਰਖਿਅਤ ਹੱਥਾਂ ਵਿਚ ਪਹੁੰਚਾਉਣ ’ਚ ਵੀ ਵੱਡਾ ਯੋਗਦਾਨ ਪਾਇਆ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਲੋਕ ਹਿੱਤਾਂ ਲਈ ਲਾਭਕਾਰੀ ਅਤੇ ਸੁਧਾਰਵਾਦੀ ਸਕੀਮਾਂ ਭਾਵੇਂ ਉਹ ਕੇਂਦਰ ਸਰਕਾਰ ਦੀਆਂ ਹਨ ਜਾਂ ਰਾਜ ਸਰਕਾਰ ਦੀਆਂ ਜਿਲੇ ਵਿਚ ਲਾਗੂ ਕਰਨ ਅਤੇ ਇਨ੍ਹਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਦਿਖਾਈ ਗਈ ਪਹਿਲ ਕਦਮੀਂ ਲਈ ਜਿਲਾ ਮੁੱਖੀ ਡੀ ਸੀ ਸ. ਕਾਹਨ ਸਿੰਘ ਪੰਨੂੰ ਦਾ ਯੋਗਦਾਨ ਨਾ ਕੇਵਲ ਸ਼ਲਾਘਾਯੋਗ ਹਨ ਸਗੋਂ ਉਹ ਰਾਜ ਸਰਕਾਰ ਵਲੋਂ ਵਿਸ਼ੇਸ਼ ਸਨਮਾਨ ਦਾ ਹੱਕਦਾਰ ਵੀ ਹਨ। ਪ੍ਰੋ. ਸਰਚਾਂਦ ਸਿੰਘ ਨੇ ਇਹ ਵੀ ਦੱਸਿਆ ਕਿ ਇਕ ਵਿਸ਼ੇਸ਼ ਸਮਾਗਮ ਦੌਰਾਨ ਸ. ਪਨੂੰ ਨੂੰ ਸਨਮਾਨਿਤ ਕੀਤਾ ਜਾਵੇਗਾ।