ਜਗਰਾਉਂ (ਸੁਖਦੇਵ ਗਰਗ) : ਬੀਤੇ ਡੇਢ ਸਾਲ ’ਚ ਅਨੇਕਾਂ ਵਾਰ ਸ਼ਹਿਰ ਦੇ ਵਿਕਾਸ ਅਤੇ ਸੁਧਾਰ ਸਬੰਧੀ ਨਗਰ ਕੌਂਸਲ ਪ੍ਰਧਾਨ ਸਮੇਤ ਵੱਖ ਵੱਖ ਅਧਿਕਾਰੀਆਂ ਨੂੰ ਵੱਖ ਵੱਖ ਸਮਿਆਂ ਤੇ ਵਫ਼ਦਾਂ ਰਾਹੀਂ, ਮਿਲਣ ਦੇ ਬਾਵਜੂਦ ਕੋਈ ਪ੍ਰਗਤੀ ਨਾ ਹੋਣ ਦੇ ਸਿੱਟੇ ਵਜੋਂ ਗੁੱਸੇ ਅਤੇ ਰੋਹ ’ਚ ਭਰੇ ਨਗਰ ਸੁਧਾਰ ਸਭਾ ਦੇ ਵਰਕਰਾਂ ਨੇ ਅੱਜ ਨਗਰ ਕੌਂਸਲ ਦਫ਼ਤਰ ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਸਭਾ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਵਰਕਰਾਂ ਨੇ ਪਹਿਲਾਂ ਰੋਸ ਧਰਨਾ ਦਿੱਤਾ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਆਗੂ ਕੰਵਲਜੀਤ ਖੰਨਾ, ਮਾਸਟਰ ਮਲਕੀਤ ਸਿੰਘ, ਮਾਸਟਰ ਹਰਬੰਸ ਸਿੰਘ ਅਖਾੜਾ, ਮਾਸਟਰ ਅਵਤਾਰ ਸਿੰਘ ਗਿੱਲ, ਹਰਕੋਮਲ ਬਰਿਆਰ, ਪੂਰਨ ਕਾਉਂਕੇ ਆਦਿ ਆਗੂਆਂ ਨੇ ਕਿਹਾ ਕਿ ਨਗਰ ਪ੍ਰਧਾਨ ਨੂੰ ਮੰਗਾਂ ਮੰਨਣ ਅਤੇ ਦਿੱਤੇ ਸੁਝਾਵਾਂ ਤੇ ਅਮਲ ਕਰਨ ਦੀ ਥਾਂ ਹਰ ਵਾਰ ਲਾਰੇ ਲਾ ਕੇ, ਮੋਮੋਠਾਣੀਆ ਮਾਰ ਕੇ ਸਮਾਂ ਬਰਬਾਦ ਕਰ ਰਿਹਾ ਹੈ। ਉਨਾਂ ਕਿਹਾ ਕਿ ਕਰੋੜਾਂ ਰੁਪਏ ਸ਼ਹਿਰ ਦੇ ਵਿਕਾਸ ਅਤੇ ਸੁਧਾਰ ਲਈ ਖਰਚ ਕਰਨ ਦੇ ਦਮਗਜੇ ਮਾਰੇ ਜਾ ਰਹੇ ਹਨ, ਚੰਗੀਆਂ ਭਲੀਆਂ ਸੜਕਾਂ ਤੋੜ ਕੇ ਇੰਟਰ ਲਾਕਿੰਗ ਟਾਇਲਾਂ ਲਗਾਈਆਂ ਜਾ ਰਹੀਆਂ ਹਨ ਪਰ ਸ਼ਹਿਰ ਦੀਆਂ ਮੁੱਖ ਸੜਕਾਂ ਲਾਜਪਤ ਰਾਏ ਰੋਡ, ਰੇਲਵੇ ਰੋਡ, ਕਾਲਜ ਰੋਡ, ਅਨਾਰਕਲੀ ਬਜ਼ਾਰ, ਸਬਜ਼ੀ ਮੰਡੀ ਰੋਡ ਦੀ ਮੁੜ ਉਸਾਰੀ ਅਤੇ ਸ਼ਹਿਰ ’ਚੋਂ ਪਾਣੀ ਦੇ ਨਿਕਾਸ ਵੱਲ ਕੋਈ ਧਿਆਨ ਨਹੀਂ ਹੈ। ਆਗੂਆਂ ਨੇ ਕਿਹਾ ਕਿ ਡਿਸਪੋਜ਼ਲ ਰੋਡ ਅਤੇ ਜੀਵਨ ਨਗਰ ’ਚੋਂ ਪਾਣੀ ਦੇ ਨਿਕਾਸ ਲਈ ਬਣਾਏ ਨਾਲਿਆਂ ਦਾ ਲੈਵਲ ਗਲਤ ਹੈ। ਬਾਰਸ਼ਾਂ ’ਚ ਸ਼ਹਿਰ ਝੀਲ ਬਣ ਜਾਂਦਾ ਹੈ, ਸ਼ਹਿਰ ਦੀਆਂ ਮੁੱਖ ਸੜਕਾਂ ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ ਸਿੱਟੇ ਵਜੋਂ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਮੁੱਖ ਸੜਕਾਂ ਤੋਂ ਲੰਘਣਾ ਮੁਸ਼ਕਿਲ ਹੈ। ਆਗੂਆਂ ਨੇ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣ, ਸ਼ਹਿਰ ’ਚੋਂ ਅਵਾਰਾ ਪਸ਼ੂਆਂ ਨੂੰ ਹਟਾਉਣ, ਰੋਸ਼ਨੀ ਅਤੇ ਸਫਾਈ ਪ੍ਰਬੰਧ ਠੀਕ ਕਰਨ, ਪਿਸ਼ਾਬ ਘਰ ਸੁਵਿਧਾ ਕੇਂਦਰ ਵੱਖ ਵੱਖ ਥਾਂਵਾਂ ਤੇ ਬਣਾਉਣ ਸਬੰਧੀ ਵਾਅਦੇ ਕਰਨ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਦੀ ਹੈਰਾਨੀਜਨਕ ਅਤੇ ਤਰਸਯੋਗ ਹਾਲਤ ਇਹ ਹੈ ਕਿ ਕਰੋੜਾਂ ਰੁਪਏ ਨਾਲ ਉਸਾਰੇ ਗਏ ਸ਼ਹੀਦ ਭਗਤ ਸਿੰਘ ਕਮਿਉਨਿਟੀ ਸੈਂਟਰ ਨੂੰ ਠੇਕੇ ਤੇ ਦੇ ਕੇ ਖਹਿੜਾ ਛੁਡਾਇਆ ਜਾ ਰਿਹਾ ਹੈ। ਸ਼ਹਿਰ ’ਚ ਥਾਂ ਥਾਂ ਕੂੜੇ ਦੇ ਢੇਰ ਹਨ, ਨਾਲਿਆਂ ਸੀਵਰੇਜ ਬੰਦ ਪਿਆ ਹੈ। ਦਲਿਤ ਮੁਹੱਲਿਆ ’ਚ ਸੈਨੀਟੇਸ਼ਨ ਨਾ ਮਾਤਰ ਹੈ। ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਆਪਸੀ ਧੜੇਬੰਦੀ ਦਾ ਤਿੱਖੇ ਰੂਪ ਦਾ ਸ਼ਿਕਾਰ ਹੈ, ਸਿੱਟੇ ਵਜੋਂ ਡੇਢ ਸਾਲ ਤੋਂ ਸਮੁੱਚੇ ਨਗਰ ਨਿਵਾਸੀ ਅਤਿਅੰਤ ਪਰੇਸ਼ਾਨੀ ਦੀ ਹਾਲਤ ’ਚ ਹਨ। ਆਗੂਆਂ ਨੇ ਨਗਰ ਕੌਂਸਲ ਪ੍ਰਧਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਇਨਾਂ ਮੰਗਾਂ ਦੀ ਤੁਰੰਤ ਨਿਪਟਾਰਾ ਨਾ ਕੀਤਾ ਗਿਆ ਤਾਂ ਸਭਾ ਸੰਘਰਸ਼ ਹੋਰ ਤੇਜ਼ ਕਰੇਗੀ। ਇਸ ਸਮੇਂ ਨਗਰ ਕੌਂਸਲ ਪ੍ਰਧਾਨ ਦੇ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕਰਕੇ ਕਾਰਜ ਸਾਧਕ ਅਫਸਰ ਨੂੰ ਸੱਤਵੀਂ ਵੇਰ ਮੰਗ ਪੱਤਰ ਦਿੱਤਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਿਲਾ ਕਨਵੀਨਰ ਇੰਦਰਜੀਤ ਸਿੰਘ ਧਾਲੀਵਾਲ, ਨਾਇਬ ਸਿੰਘ, ਸੁਖਦੇਵ ਸਿੰਘ ਕਲਸੀ, ਖਪਤਕਾਰ ਕੌਮੀ ਜਾਗੂਰਿਕ ਫੋਰਮ ਜਗਰਾਉਂ ਦੇ ਪ੍ਰਧਾਨ ਪਰਮਿੰਦਰ ਸਿੰਘ ਧਾਲੀਵਾਲ, ਰਮਨ ਦੇਵ ਜੈਨ, ਹਰਮਿੰਦਰ ਸਿੰਘ ਸਵੱਦੀ ਪ੍ਰਧਾਨ ਨੰਬਰਦਾਰਾਂ ਯੂਨੀਅਨ, ਜਨਰਲ ਸਕੱਤਰ ਜਗਦੇਵ ਸਿੰਘ ਗੁਰੂਸਰ, ਜੀਵਨ ਨਗਰ ਦੇ ਨਿਰਮਲ ਸਿੰਘ ਧਾਲੀਵਾਲ, ਕਮਲਜੀਤ ਕੌਰ ਧਾਲੀਵਾਲ ਪ੍ਰਧਾਨ ਇਸਤਰੀ ਸਭਾ ਜਗਰਾਉਂ, ਜਸਵੀਰ ਕੌਰ ਮੀਤ ਪ੍ਰਧਾਨ, ਸ਼ਿੰਦਰ ਕੌਰ ਮੀਤ ਪ੍ਰਧਾਨ, ਨੀਨਾ, ਪ੍ਰਕਾਸ਼ ਕੌਰ, ਹਰਵਿੰਦਰ ਕੌਰ, ਬੂਟਾ, ਵਿੱਕੀ, ਕੁਲਜਿੰਦਰ ਸਿੰਘ, ਕਾਕਾ ਵਿਸਕੀ, ਜਗਦੀਪ ਸਿੰਘ ਆਦਿ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਆਗੂ ਹਾਜ਼ਰ ਸਨ।