ਲੁਧਿਆਣਾ,25 ਜੂਨ-‘ਮਾਸਟਰ ਤਾਰਾ ਸਿੰਘ ਵਰਗੇ ਮਹਾਨ ਸਿੱਖ ਆਗੂਆਂ ਨੂੰ ਸ਼ੋਹਰਤ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਤੋਂ ਬਾਅਦ ਉਨ੍ਹਾਂ ਨੂੰ ਨੀਵਾਂ ਦਿਖਾਉਣ ਜਿਹੀਆਂ ਕਾਰਵਾਈਆਂ ਦੀ ਜਾਂਚ ਹੋਣੀ ਚਾਹੀਦੀ ਹੈ। ਇਕੱਲੇ ਮਾਸਟਰ ਤਾਰਾ ਸਿੰਘ ਹੀ ਨਹੀਂ ਸੰਤ ਫਤਿਹ ਸਿੰਘ ਤੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੀ ਅਜਿਹੀਆਂ ਸਾਜਿਸ਼ਾਂ ਦਾ ਸ਼ਿਕਾਰ ਹੋਏ ਹਨ। ਇਹ ਮੰਗ ਅੱਜ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਰੱਖੀ। ਉਹ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਮਾਸਟਰ ਤਾਰਾ ਸਿੰਘ ਦੇ 126ਵੇਂ ਜਨਮ ਦਿਨ ਮੌਕੇ ਹੋਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਨ ਆਏ ਸਨ।ਉਨ੍ਹਾਂ ਆਖਿਆ ਕਿ ਅਫ਼ਸੋਸ ਇਸ ਗਲ ਦਾ ਹੈ ਕਿ ਜਿਸ ਸ਼ਖਸ ਦੁਆਲੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ 40 ਸਾਲ ਘੁੰਮੀ ਤੇ ਜਿਸ ਦੀ ਭਾਸ਼ਾਈ ਅਧਾਰ ’ਤੇ ਪੰਜਾਬੀ ਸੂਬੇ ਦੀ ਮੰਗ ਕਰਨ ਬਦਲੇ ਅਜ਼ਾਦੀ ਤੋਂ ਬਾਅਦ ਪਹਿਲੀ ਗ੍ਰਿਫ਼ਤਾਰੀ ਹੋਈ ਹੋਵੇ, ਉਸ ਦੇ ਰੋਲ ਨੂੰ ਗਲਤ ਰੰਗਤ ਦੇਣਾ ਸਿੱਖ ਕੌਮ ਨੂੰ ਵਾਰ-ਵਾਰ ਚੁਭਦਾ ਹੈ। ਸ੍ਰੀ ਢੀਂਡਸਾ ਨੇ ਆਖਿਆ ਕਿ ਪੰਥ ਰਤਨ ਦੀ ਉਪਾਧੀ ਦੇਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਦੀ ਸ਼ਖਸੀਅਤ ਬਾਰੇ ਭਰਮ ਭੁਲੇਖੇ ਖੜ੍ਹੇ ਕਰਨੇ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹਨ। ਉਨ੍ਹਾਂ ਬੀਬਾ ਕਿਰਨਜੋਤ ਕੌਰ ਦੀ ਕਿਸੇ ਯੂਨੀਵਰਸਿਟੀ ਵਿੱਚ ਮਾਸਟਰ ਤਾਰਾ ਸਿੰਘ ’ਤੇ ਚੇਅਰ ਸਥਾਪਿਤ ਕਰਨ ਦੀ ਮੰਗ ਨੂੰ ਮੁੱਖ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਨਾਲ ਵਿਚਾਰਨ ਦਾ ਭਰੋਸਾ ਦਿੱਤਾ।ਮਾਸਟਰ ਤਾਰਾ ਸਿੰਘ ਦੀ ਦੋਹਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਕਿਰਨਜੋਤ ਕੌਰ ਨੇ ਆਪਣੇ ਨਾਨਾ ਜੀ ਨੂੰ ਯਾਦ ਕਰਦਿਆਂ ਆਖਿਆ ਕਿ ਸਹਿਜਧਾਰੀ ਪਰਿਵਾਰ ਵਿੱਚ ਪੈਦਾ ਹੋ ਕੇ ਵੀ ਸਿੱਖ ਕੌਮ ਲਈ ਕੁਰਬਾਨੀਆਂ ਦੇਣ ਵਾਲੀ ਇਸ ਸ਼ਖਸੀਅਤ ਬਾਰੇ ਗਰਮ ਖਿਆਲੀਆਂ ਵੱਲੋਂ ਕੀਤੇ ਜਾਂਦੇ ਪ੍ਰਚਾਰ ਕਿ ਮਾਸਟਰ ਤਾਰਾ ਸਿੰਘ ਨੇ ਪੰਜਾਬ ਨੂੰ ਸੁਤੰਤਰ ਸਟੇਟ ਹੋਣ ਵਿੱਚ ਅੜਿੱਕਾ ਡਾਹਿਆ, ਤੋਂ ਪਰਿਵਾਰ ਦੇ ਦਿਲਾਂ ਨੂੰ ਬੜੀ ਠੇਸ ਪੁਜੱਦੀ ਹੈ। ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਇਸ ਮੌਕੇ ਆਖਿਆ ਕਿ ਮਾਸਟਰ ਤਾਰਾ ਸਿੰਘ ਵੀ ਦਿੱਲੀ ਦੇ ਧੋਖੇ ਦਾ ਸ਼ਿਕਾਰ ਹੋਏ। ਉਨ੍ਹਾਂ ਮਾਸਟਰ ਤਾਰਾ ਸਿੰਘ ਬਾਰੇ ਬਣੀਆਂ ਗਲਤ ਧਾਰਨਾਵਾਂ ਨੂੰ ਗਲਤ ਕਰਾਰ ਦਿੰਦਿਆਂ ਆਖਿਆ ਕਿ ਜੇ ਉਹ ਉਸ ਮੌਕੇ ਭਾਸ਼ਾਈ ਅਧਾਰ ’ਤੇ ਪੰਜਾਬੀ ਸੂਬੇ ਦੀ ਮੰਗ ਨਾ ਕਰਦੇ ਤਾਂ ਸਾਨੂੰ ਆਪਣਾ ਸੂਬਾ ਕਦੇ ਵੀ ਨਸੀਬ ਨਹੀਂ ਸੀ ਹੋਣਾ।ਲੋਕ ਸੰਪਰਕ ਮੰਤਰੀ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਸੀ ਕਿ ਮਾਸਟਰ ਤਾਰਾ ਸਿੰਘ ਦਾ ਇੱਕ ਸਧਾਰਨ ਵਿਅਕਤੀ ਤੋਂ ਕੌਮ ਨੂੰ ਅਗਵਾਈ ਦੇਣ ਵਾਲੀ ਸ਼ਖਸੀਅਤ ਤੱਕ ਦਾ ਸਫ਼ਰ ਬੜਾ ਪ੍ਰੇਰਣਾਸ੍ਰੋਤ ਤੇ ਕਠਿਨਾਈਆਂ ਭਰਿਆ ਰਿਹਾ ਹੈ। ਸੂਬਾਈ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਮੌਕੇ ਆਖਿਆ ਕਿ ਮਾਸਟਰ ਤਾਰਾ ਸਿੰਘ ਵਰਗੀ ਅਕਾਲੀ ਦਲ ਦੀ ਪੁਰਾਣੀ ਲੀਡਰਸ਼ਿੱਪ ਦੇ ਗੁਣ ਨਵੀਂ ਲੀਡਰਸ਼ਿੱਪ ਤੇ ਪੁਰਾਣੀ ਲੀਡਰਸ਼ਿੱਪ ਵਿਚਾਲੇ ਪਏ ਖੱਪੇ ਨੂੰ ਪੂਰਨ ਲਈ ਅਪਨਾਉਣੇ ਚਾਹੀਦੇ ਹਨ।ਸਮਾਗਮ ਦੇ ਕਰਤਾ ਧਰਤਾ ਜੇਲ੍ਹ ਤੇ ਸੈਰ-ਸਪਾਟਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਆਖਿਆ ਕਿ ਮਾਸਟਰ ਤਾਰਾ ਸਿੰਘ ਨੇ ਅੱਧੀ ਸਦੀ ਪੰਥ ਨੂੰ ਅਗਵਾਈ ਦਿੱਤੀ। ਉਨ੍ਹਾਂ ਦੀ ਦੇਣ ਨੂੰ ਘਟਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ । ਉਨ੍ਹਾਂ ਜਨਮ ਦਿਨ ਸਮਾਗਮ ਵਿੱਚ ਪੁੱਜਣ ਵਾਲੇ ਆਗੂਆਂ ਦਾ ਧੰਨਵਾਦ ਵੀ ਕੀਤਾ।ਹੋਰਨਾਂ ਆਗੂਆਂ ਵਿੱਚ ਜ਼ਿਲਾ ਅਕਾਲੀ ਜਥੇ ਦੇ ਪ੍ਰਧਾਨ ਸੰਤਾ ਸਿੰਘ ਉਮੈਦਪੁਰ, ਪੰਜਾਬ ਯੋਜਨਾ ਬੋਰਡ ਦੇ ਉੱਪ ਚੇਅਰਮੈਨ ਪ੍ਰੋ. ਰਜਿੰਦਰ ਭੰਡਾਰੀ ਅਤੇ ਭਾਜਪਾ ਦੇ ਜ਼ਿਲਾ ਪ੍ਰਧਾਨ ਰਾਜੀਵ ਕਤਨਾ ਨੇ ਵੀ ਸੰਬੋਧਨ ਕੀਤਾ।