Punjab News

July 15, 2010

ਜੀ-20 ਸਿਖਰ ਸੰਮੇਲਨ ਅਤੇ ਸਿੱਖਾਂ ਦੀ ਪ੍ਰਾਪਤੀ– ਗੁਰਸੇਵਕ ਸਿੰਘ ਧੌਲਾ, ਮੋਬਾ

IMG_9635ਟੋਰਾਂਟੋ ਵਿਚ ਹੋਏ ਜੀ-20 ਸਿਖਰ ਸੰਮੇਲਨ ਸਮੇਂ ਲੋਕਾਂ ਵਲੋਂ ਵਿਕਾਸਸ਼ੀਲ ਦੇਸ਼ਾਂ ਦੇ ਆਗੂਆਂ ਦਾ ਕੀਤਾ ਗਿਆ ਵਿਰੋਧ ਉਹਨਾਂ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦੇਵੇਗਾ ਕਿ ਆਖਰ ਲੋਕ ਹਿੱਤਾਂ ਦੀ ਪ੍ਰਵਾਹ ਕੀਤੇ ਬਿਨਾਂ ਪੱਛਮੀ ਨੀਤੀਆਂ ਸੌਖੀ ਤਰ•ਾਂ ਲਾਗੂ ਨਹੀਂ ਹੋ ਸਕਣੀਆਂ। ਇਹ ਸਿਖਰ ਸੰਮੇਲਨ ਅਜਿਹਾ ਮੌਕਾ ਹੁੰਦਾ ਹੈ ਜਿਸ ਵਿਚ ਇਸ ਧਰਤੀ ਦੇ ਵੱਡੇ ਫੈਸਲਿਆਂ ਨੂੰ ਅੰਤਿਮ ਰੂਪ ਦੇਣਾ ਹੁੰਦਾ ਹੈ। ਅਜਿਹੇ ਸਮੇਂ ਆਮ ਲੋਕਾਂ ਵੱਲੋਂ ਸਿਖਰ ਸੰਮੇਲਨ ਵਿਚ ਪੁੱਜੇ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਸਾਹਮਣੇ ਰੋਸ ਪ੍ਰਦਰਸ਼ਨ ਕਰਨੇ ਇਸ ਗੱਲ ਦਾ ਸੂਚਕ ਹਨ ਕਿ ਲੋਕ ਆਪਣੇ ਉਤੇ ਧੱਕੇ ਨਾਲ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦੇ।
 ਜੀ-20 ਅਤੇ ਜੀ-8 ਸਿਖਰ ਸੰਮੇਲਨ ਵਿਚ ਪੁੱਜਣ ਤੋਂ ਪਹਿਲਾਂ ਕਨੇਡਾ ਦੇ ਸਿੱਖਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰ. ਮਨਮੋਹਨ ਸਿੰਘ ਨੂੰ ਅਪੀਲ ਕੀਤੀ ਸੀ ਕਿ ਸੰਮੇਲਨ ਤੋਂ ਪਹਿਲਾਂ ਉਹਨਾਂ ਦੇ ਕੁਝ ਪੱਖ ਸੁਣ ਲਏ ਜਾਣ ਤਾਂ ਕਿ ਭਾਰਤ ਵਿਚ ਘੱਟ ਗਿਣਤੀ ਲੋਕਾਂ ਨਾਲ ਹੋ ਰਹੀਆਂ ਬੇਇਨਸਾਫੀਆਂ ਬਾਰੇ ਦੇਸ਼ ਦੇ ਪ੍ਰਮੁੱਖ ਆਗੂਆਂ ਨੂੰ ਚਾਨਣ ਹੋ ਸਕੇ। ਭਾਰਤੀ ਪ੍ਰਧਾਨ ਮੰਤਰੀ ਨੇ ਸਗੋਂ ਆਪਣੇ ਲੋਕਾਂ ਦੀ ਗੱਲ ਸੁਣਨ ਦੀ ਥਾਂ ਇਕ ਗੈਰ-ਜ਼ਿੰਮੇਵਾਰਾਨਾ ਬਿਆਨ ਵਿਚ ਕਿਹਾ ਕਿ ‘ਸਿੱਖ ਅੱਤਵਾਦ ਨੇ ਦੋ ਦਹਾਕਿਆਂ ਤੱਕ ਭਾਰਤ ਨੂੰ ਪ੍ਰੇਸ਼ਾਨ ਕਰੀ ਰੱਖਿਆ ਹੈ ਇਸ ਲਈ ਕਨੇਡਾ ਸਰਕਾਰ ਨੂੰ ਇਹਨਾਂ ’ਤੇ ਗਹਿਰੀ ਨਿਗ•ਾ ਰੱਖਣੀ ਚਾਹੀਦੀ ਹੈ। ਦੁਨੀਆਂ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੋਵੇ ਜਦ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਹੀ ਦੇਸ਼ ਦੇ ਲੋਕਾਂ ਪ੍ਰਤੀ ਅਜਿਹਾ ਬਿਆਨ ਦਿੱਤਾ ਹੋਵੇ। ਸ. ਮਨਮੋਹਨ ਸਿੰਘ ਨੇ ਇਹ ਵੀ ਆਖਿਆ ਕਿ ਸਿੱਖਾਂ ਦੀ ਕਾਲੀ ਸੂਚੀ ਖਤਮ ਨਹੀਂ ਕੀਤੀ ਜਾਵੇਗੀ। ਅਸਲ ਵਿਚ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਬਿਆਨ ਅਚਾਨਕ ਹੀ ਨਿਕਲਿਆ ਕੋਈ ਵਾਕ ਨਹੀਂ, ਸਗੋਂ ਪੱਛਮੀ ਮੁਲਕਾਂ ਦੀ ਲੋਕਰਾਜੀ ਨੀਤੀਆਂ ਨੂੰ ਦਬਾਅ ਕੇ ਗੈਰਮਾਨਵਵਾਦੀ ਨੀਤੀਆਂ ਨੂੰ ਲਾਗੂ ਕਰਨ ਦੀ ਅੰਦਰੂਨੀ ਆਵਾਜ਼ ਹੈ।
 ਇਸ ਸਿਖਰ ਸੰਮੇਲਨ ਸਮੇਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਭਾਰਤੀ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦੀਆਂ ਸਿਫਤਾਂ ਦੇ ਪੁਲ ਬੰਨ ਦਿੱਤੇ। ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਦੇ ਗੁਣ ਗਾਉਣ ਦਾ ਕਾਰਨ ਵੀ ਸਪੱਸ਼ਟ ਹੈ ਕਿ ਉਹ ਭਾਰਤ ਵਿਚ ਪੱਛਮੀ ਨੀਤੀਆਂ ਨੂੰ ਬੜੀ ਚੰਗੀ ਤਰ•ਾਂ ਲਾਗੂ ਕਰਨ ਵਿਚ ਵਿਕਾਸਸ਼ੀਲ ਦੇਸ਼ਾਂ ਦਾ ਸਹਾਈ ਹੋ ਰਿਹਾ ਹੈ। ਜੀ-20 ਸਿਖਰ ਸੰਮੇਲਨ ਮੌਕੇ ਬਰਤਾਨੀਆ ਅਤੇ ਫਰਾਂਸ ਵੱਲੋਂ ਭਾਰਤ ਨੂੰ ਸੁਰੱਖਿਆ ਕੌਂਸਲ ਵਿਚ ਸਥਾਈ ਸੀਟ ਦੇਣ ਦੀ ਹਮਾਇਤ ਕਰਨੀ ਵੀ ਆਮ ਲੋਕਾਂ ਦੇ ਹੱਕਾਂ ਦੀ ਅਣਦੇਖੀ ਕਰਨ ਵਾਲਿਆਂ ਦੀ ਹਮਾਇਤ ਕਰਨ ਦੇ ਬਰਾਬਰ ਹੀ ਗਿਣੀ ਜਾਵੇਗੀ। ਭਾਰਤੀ ਪ੍ਰਧਾਨ ਮੰਤਰੀ ਨੇ ਸਿਖਰ ਸੰਮੇਲਨ ਤੋਂ ਬਾਅਦ ਮੀਡੀਆ ਨੂੰ ਜੋ ਜਾਣਕਾਰੀ ਦਿੱਤੀ ਉਹ ਸਭ ਤੋਂ ਵੱਧ ਧਿਆਨਦੇਣਯੋਗ ਹੈ। ਸ. ਮਨਮੋਹਨ ਸਿੰਘ ਨੇ ਇਸ ਮੌਕੇ ਆਖਿਆ ਕਿ ‘‘ਮੈਂ ਸਿੱਖ ਹਾਂ, ਭਾਰਤ ਦੀਆਂ ਫੌਜਾਂ ਦਾ ਮੁਖੀ ਇਕ ਸਿੱਖ ਰਿਹਾ ਹੈ ਭਾਰਤ ਦੇ ਕਈ ਰਾਜਪਾਲ ਅਤੇ ਰਾਜਦੂਤ ਸਿੱਖ ਹਨ’’ ਉਹਨਾਂ ਦੇ ਇਸ ਕਥਨ ਦਾ ਭਾਵ ਇਹ ਸੀ ਕਿ ਭਾਰਤ ਵਿਚ ਸਿੱਖ ਮੌਜਾਂ ਮਾਣ ਰਹੇ ਹਨ ਇਸ ਲਈ ਟਰਾਂਟੋ ਵਿਚ ਸਿੱਖਾਂ ਦਾ ਰੋਸ ਮੁਜ਼ਾਹਰਾ ਅਤੇ ਹੋਰ ਸਿੱਖ ਮੰਗਾਂ ਕੋਈ ਮੁੱਦਾ ਨਹੀਂ ਹਨ। ਆਪਣੇ ਹੀ ਲੋਕਾਂ ਦੀਆਂ ਮੰਗਾਂ ਨੂੰ ਬੁਰੀ ਤਰ•ਾਂ ਨਕਾਰ ਦੇਣਾ ਕੀ ਲੋਕਤੰਤਰ ਹੈ?
 ਜਦੋਂ ਸ. ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ ਤਾਂ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨੇ ਇਕ ਸਿੱਖ ਦੇ ਪ੍ਰਧਾਨ ਮੰਤਰੀ ਬਣ ਜਾਣ ਦੀਆਂ ਖੁਸ਼ੀਆਂ ਮਨਾਈਆਂ ਸਨ। ਕੌਮ ਦੇ ਸੂਝਵਾਨਾਂ ਨੇ ਉਸ ਸਮੇਂ ਹੀ ਇਹ ਅੰਦਾਜ਼ਾ ਲਾ ਲਿਆ ਸੀ ਕਿ ਹੁਣ ਇਕ ਸਿੱਖ ਪਾਸੋਂ ਹੀ ਕੌਮ ਪ੍ਰਤੀ ਮਾੜੇ ਫੈਸਲਿਆਂ ’ਤੇ ਦਸਤਖ਼ਤ ਕਰਵਾ ਲਏ ਜਾਣਗੇ, ਭਾਰਤੀ ਹੁਕਮਰਾਨਾਂ ਨੇ 1984 ਵਿਚ ਗਿਆਨੀ ਜ਼ੈਲ ਸਿੰਘ ਤੋਂ ਫਿਰ ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐਸ. ਗਿੱਲ ਅਤੇ ਬੇਅੰਤ ਸਿੰਘ (ਮੁੱਖ ਮੰਤਰੀ) ਰਾਹੀਂ ਸਿੱਖ ਨੌਜਵਾਨਾਂ ਦਾ ਘਾਣ ਕਰਵਾ ਕੇ ਪਹਿਲਾਂ ਹੀ ਅਜਿਹੇ ਸਫਲ ਤਜ਼ਰਬੇ ਕਰ ਲਏ ਹੋਏ ਸਨ। ਸੂਝਵਾਨ ਸਿੱਖ ਸਮਝਦੇ ਸਨ ਕਿ ਸ. ਮਨਮੋਹਨ ਸਿੰਘ ਦੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਨਾਲ ਸਿੱਖਾਂ ਨੂੰ ਲਾਭ ਦੀ ਥਾਂ ਸਗੋਂ ਵਧੇਰੇ ਨੁਕਸਾਨ ਹੋਣ ਦੇ ਸ਼ੰਕੇ ਹਨ। ਸ. ਮਨਮੋਹਨ ਸਿੰਘ ਦੇ ਪ੍ਰਸੰਸ਼ਕਾਂ ਨੇ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਨਾਲ ਸਿੱਖ ਦਿੱਖ ਦੀ ਵੱਖਰੀ ਪਹਿਚਾਣ ਨੂੰ ਦੁਨੀਆਂ ਭਰ ਵਿਚ ਮਸ਼ਹੂਰ ਕਰਨ ਵਜੋਂ ਲਿਆ ਸੀ। ਹੁਣ ਜਦੋਂ ਜੀ-20 ਸਿਖਰ ਸੰਮੇਲਨ ਸਮੇਂ ਸੱਚ ਸਭ ਦੇ ਸਾਹਮਣੇ ਹੈ ਤਾਂ ਅਜੇ ਵੀ ਸਾਡੀ ਕੌਮ ਨੂੰ ਚਾਹੀਦਾ ਹੈ ਕਿ ਉਹ ਡੂੰਘੇ ਵਿਚਾਰ ਕੀਤੇ ਬਿਨਾਂ ਕਿਸੇ ਕੌਮੀ ਮਾਮਲੇ ਵਿਚ ਜਨਤਕ ਤੌਰ ’ਤੇ ਟਿੱਪਣੀਆਂ ਨਾ ਕਰਿਆ ਕਰਨ। ਕਈ ਵਾਰ ਕਿਸੇ ਦੀ ਸਰਹੁਤਾ ਕਰਨ ਤੋਂ ਬਾਅਦ (ਸੱਚ ਸਾਹਮਣੇ ਆਉਣ ਤੋਂ ਬਾਅਦ) ਉਸੇ ਜੀਭ ਨਾਲ ਫਿਰ ਮੁਖਾਲਫਿਤ ਕਰਨੀ ਮੁਸ਼ਕਲ ਹੋ ਜਾਂਦੀ ਹੈ।
 ਸ੍ਰ. ਮਨਮੋਹਨ ਸਿੰਘ ਦਾ ਸਿੱਖੀ ਪਿਆਰ ਦੇਖ ਲੈਣ ਤੋਂ ਬਾਅਦ ਜੀ-20 ਸਿਖਰ ਸੰਮੇਲਨ ਤੋਂ ਇਕ ਚੰਗੀ ਸਿੱਖਿਆ ਵੀ ਮਿਲਦੀ ਹੈ। ਭਾਰਤੀ ਪ੍ਰਧਾਨ ਮੰਤਰੀ ਦੇ ਸਿੱਖਾਂ ਪ੍ਰਤੀ ਬਿਆਨ ਦਾ ਜਦੋਂ ਦੁਨੀਆਂ ਭਰ ਵਿਚ ਭਾਰੀ ਵਿਰੋਧ ਹੋਇਆ ਤਾਂ ਭਾਰਤੀ ਹੁਕਮਰਾਨਾਂ ਨੂੰ ਆਪਣੀ ਗਲਤੀ ਦਾ ਤੁਰੰਤ ਅਹਿਸਾਸ ਹੋ ਗਿਆ। ਸਿੱਖਾਂ ਦੀ ਇਕਜੁਟਤਾ ਦੇਖ ਕੇ ਸਿੱਖਾਂ ਦੇ ਗੁੱਸੇ ਨੂੰ ਠੰਡਾ ਕਰਨ ਲਈ ਸ. ਮਨਮੋਹਨ ਸਿੰਘ ਨੇ ਤੁਰੰਤ ਦਿੱਲੀ ਸਿੱਖ ਕਤਲੇਆਮ ਦੀ ਮਾਫੀ ਮੰਗ ਲਈ ਅਤੇ ਭਾਰਤੀ ਵਿਦੇਸ਼ ਸਕੱਤਰ ਨਿਰੂਪਮਾ ਰਾਹੀ ਨੇ ਕਿਹਾ ਕਿ ‘ਭਾਰਤ ਸਿੱਖਾਂ ਦੀ ਕਾਲੀ ਸੂਚੀ ’ਤੇ ਮੁੜ ਨਜ਼ਰਸਾਨੀ ਕਰ ਸਕਦਾ ਹੈ’। ਪ੍ਰਧਾਨ ਮੰਤਰੀ ਨੂੰ ਇਹ ਸਪੱਸ਼ਟ ਕਰਨਾ ਪਿਆ ਕਿ ‘ਸਿੱਖ ਸ਼ਾਂਤੀ ਪਸੰਦ ਲੋਕ ਹਨ, ਪਰ ਕੁਝ ਕੁ ਲੋਕਾਂ ਨੇ ਹੀ ਅੱਤਵਾਦ ਦਾ ਰਾਹ ਫੜਿਆ ਹੈ’। ਭਾਵੇਂ ਸੰਕੋਚਵੇਂ ਸ਼ਬਦਾਂ ਵਿਚ ਹੀ ਸਹੀ ਪਰ ਸਿੱਖਾਂ ਦੀ ਏਕਤਾ ਨੇ ਦੁਨੀਆਂ ਦੀ ਵੱਡੀ ਤਾਕਤ ਦੇ ਵਿਚਾਰਾਂ ਨੂੰ ‘‘ਪੁੱਠੇ ਪੈਰੀਂ’’ ਕਰ ਦਿੱਤਾ। ਇਹ ਸਿੱਖਾਂ ਦੀ ਵੱਡੀ ਪ੍ਰਾਪਤੀ ਹੈ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO