Punjab News

July 16, 2010

ਹੜ੍ਹ ਪੀੜਤਾਂ ਦੀ ਸਹਾਇਤਾ ਲਈ ਧਾਰਮਿਕ ਤੇ ਸਮਾਜਿਕ ਸੰਗਠਨ ਅੱਗੇ ਆਉਣ-ਸਤਨਾਮ ਸਿੰਘ ਮਾਣਕ

flood-control-houseਧਰਤੀ ’ਤੇ ਮਨੁੱਖ ਦਾ ਜੀਵਨ ਹਮੇਸ਼ਾ ਸੰਘਰਸ਼ਪੂਰਨ ਹੀ ਰਿਹਾ ਹੈ। ਇਸ ਨੂੰ ਆਪਣੇ ਜੀਵਨ ਦੀ ਤੋਰ ਨੂੰ ਬਣਾਈ ਰੱਖਣ ਲਈ ਨਿਰੰਤਰ ਕੁਦਰਤੀ ਅਤੇ ਗ਼ੈਰ-ਕੁਦਰਤੀ ਆਫ਼ਤਾਂ ਨਾਲ ਜੂਝਣਾ ਪੈਂਦਾ ਰਿਹਾ ਹੈ। ਜਦੋਂ ਵੱਡੀਆਂ-ਵੱਡੀਆਂ ਆਫ਼ਤਾਂ ਆਪਣਾ ਵਿਰਾਟ ਰੂਪ ਦਿਖਾਉਂਦੀਆਂ ਹਨ ਤਾਂ ਮਨੁੱਖ ਦੇ ਬਣਾਏ ਹੋਏ ਆਲ੍ਹਣੇ ਤੀਲਾ-ਤੀਲਾ ਹੋ ਕੇ ਇਧਰ-ਉਧਰ ਬਿਖਰ ਜਾਂਦੇ ਹਨ। ਭਾਰੀ ਜਾਨੀ ਤੇ ਮਾਲੀ ਨੁਕਸਾਨਾਂ ਨੂੰ ਦੇਖ ਕੇ ਰੂਹ ਕੰਬ ਉ¤ਠਦੀ ਹੈ। ਅਜਿਹੇ ਸਮਿਆਂ ’ਤੇ ਕਈ ਵਾਰ ਇਨਸਾਨ ਹੌਸਲਾ ਵੀ ਛੱਡ ਬੈਠਦਾ ਹੈ। ਉਸ ਨੂੰ ਲਗਦਾ ਹੈ ਕਿ ਹੁਣ ਸਭ ਕੁਝ ਖ਼ਤਮ ਹੋ ਗਿਆ ਹੈ। ਜ਼ਿੰਦਗੀ ਦੀ ਤੋਰ ਨੂੰ ਮੁੜ ਲੀਹ ’ਤੇ ਲਿਆਉਣਾ ਹੁਣ ਅਸੰਭਵ ਹੋ ਜਾਏਗਾ। ਪਰ ਅਜਿਹੇ ਸਮੇਂ ਵਿਚ ਮਨੁੱਖ ਜਦੋਂ ਪਿੱਛੇ ਪਰਤ ਕੇ ਆਪਣੇ ਅਤੀਤ ਵੱਲ ਇਕ ਝਾਤੀ ਮਾਰਦਾ ਹੈ, ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੇ ਪੂਰਵਜ ਹਜ਼ਾਰਾਂ ਸਾਲਾਂ ਤੋਂ ਇਹੋ ਜਿਹੀਆਂ ਆਫ਼ਤਾਂ ਦਾ ਮੁਕਾਬਲਾ ਕਰਦੇ ਆਏ ਹਨ ਅਤੇ ਵਾਰ-ਵਾਰ ਚੁਣੌਤੀਆ ਦੇ ਹਾਣੀ ਬਣ ਕੇ ਆਪਣੀ ਉ¤ਖੜੀ ਜੀਵਨ ਤੋਰ ਨੂੰ ਮੁੜ ਬਹਾਲ ਕਰਨ ਵਿਚ ਸਫਲ ਹੁੰਦੇ ਰਹੇ ਹਨ। ਮਨੁੱਖ ਦੀ ਇਹੀ ਸੋਝੀ ਉਸ ਨੂੰ ਹਰ ਸੰਕਟ ਵਿਚੋਂ ਉਭਰਨ ਦੀ ਪ੍ਰੇਰਨਾ ਦਿੰਦੀ ਹੈ। ਹਰ ਵਿਨਾਸ਼ ਤੋਂ ਬਾਅਦ ਉਸ ਅੰਦਰ ਵਿਕਾਸ ਦੀ ਇੱਛਾ ਪੈਦਾ ਹੁੰਦੀ ਹੈ। ਇਸੇ ਕਾਰਨ ਉਹ ਤੀਲਾ-ਤੀਲਾ ਇਕੱਠਾ ਕਰਕੇ ਆਪਣਾ ਰੈਣ-ਬਸੇਰਾ ਮੁੜ ਬਣਾਉਣਾ ਸ਼ੁਰੂ ਕਰ ਦਿੰਦਾ ਹੈ।ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਰਿਆਣੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਇਹੋ ਜਿਹੀਆਂ ਸਥਿਤੀਆਂ ਵਿਚੋਂ ਹੀ ਗੁਜ਼ਰਦੇ ਆ ਰਹੇ ਹਨ। ਪਹਿਲਾਂ ਤਾਂ ਇਹ ਨਜ਼ਰ ਆ ਰਿਹਾ ਸੀ ਕਿ ਬਰਸਾਤ ਇਸ ਵਾਰ ਵੀ ਉ¤ਤਰੀ ਭਾਰਤ ਨੂੰ ਧੋਖਾ ਦੇ ਜਾਏਗੀ। ਲੋਕਾਂ ਨੂੰ ਖੇਤੀ ਅਤੇ ਜੀਵਨ ਦੀਆਂ ਹੋਰ ਲੋੜਾਂ ਲਈ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਜਿਵੇਂ-ਜਿਵੇਂ ਮੌਨਸੂਨ ਲੇਟ ਹੁੰਦੀ ਜਾ ਰਹੀ ਸੀ, ਇਸ ਤਰ੍ਹਾਂ ਦੀਆਂ ਕਿਆਸ-ਅਰਾਈਆਂ ਵਧਦੀਆਂ ਜਾ ਰਹੀਆਂ ਸਨ। ਗਰਮੀ ਲੋਕਾਂ ਦੇ ਪਿੰਡੇ ਲੂਹ ਰਹੀ ਸੀ ਅਤੇ ਪੀਣ ਵਾਲੇ ਪਾਣੀ ਦੀ ਕਮੀ ਕਾਰਨ ਥਾਂ-ਥਾਂ ’ਤੇ ਲੜਾਈਆਂ ਵੀ ਹੋ ਰਹੀਆਂ ਸਨ। ਪਰ ਜਦੋਂ ਉ¤ਤਰੀ ਭਾਰਤ ਵਿਚ ਬਾਰਸ਼ਾਂ ਹੋਣੀਆਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਉਖਾੜ ਦਿੱਤਾ। ਲੋਕ ਇਕ ਮੁਸੀਬਤ ਵਿਚੋਂ ਨਿਕਲ ਕੇ ਦੂਜੀ ਮੁਸੀਬਤ ਵਿਚ ਘਿਰ ਗਏ। ਹਰਿਆਣੇ ਦੇ ਪੰਜਾਬ ਨਾਲ ਲਗਦੇ ਇਲਾਕਿਆਂ ਸਿਰਸਾ, ਕੁਰੂਕਸ਼ੇਤਰ ਅਤੇ ਫਤਿਆਬਾਦ ਆਦਿ ਵਿਚ ਵੱਡੀ ਤਬਾਹੀ ਹੋਈ। ਇਸੇ ਤਰ੍ਹਾਂ ਪੰਜਾਬ ਦੇ ਰੂਪਨਗਰ, ਪਟਿਆਲਾ, ਸੰਗਰੂਰ, ਐਸ. ਏ. ਐਸ. ਨਗਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਮੋਗਾ ਅਤੇ ਮਾਨਸਾ ਆਦਿ ਜ਼ਿਲ੍ਹਿਆਂ ਵਿਚ ਹੜ੍ਹਾਂ ਨੇ ਭਾਰੀ ਤਬਾਹੀ ਲਿਆਂਦੀ। ਇਹ ਗੱਲ ਸਹੀ ਹੈ ਕਿ ਜਦੋਂ ਅਚਾਨਕ ਕਿਸੇ ਖਿੱਤੇ ਵਿਚ ਭਾਰੀ ਬਾਰਸ਼ਾਂ ਹੋ ਜਾਂਦੀਆਂ ਹਨ ਤਾਂ ਹੜ੍ਹਾਂ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ ਅਤੇ ਬੇਮੁਹਾਰੇ ਹੜ੍ਹ ਦੇ ਪਾਣੀਆਂ ਨੂੰ ਸੰਭਾਲਣਾ ਪੂਰੀ ਤਰ੍ਹਾਂ ਸੰਭਵ ਨਹੀਂ ਹੁੰਦਾ। ਪਰ ਜੇਕਰ ਸਰਕਾਰਾਂ ਨੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਸੰਭਾਵੀ ਆਫ਼ਤਾਂ ਸਬੰਧੀ ਮੁਢਲੀਆਂ ਤਿਆਰੀਆਂ ਕੀਤੀਆਂ ਹੋਣ ਤਾਂ ਨੁਕਸਾਨ ਵਿਚ ਕਾਫੀ ਹੱਦ ਤੱਕ ਕਮੀ ਹੋ ਸਕਦੀ ਹੈ। ਪੰਜਾਬ ਵਿਚ ਸੈਂਕੜੇ ਬਰਸਾਤੀ ਨਦੀਆਂ-ਨਾਲੇ ਹਨ, ਜਿਨ੍ਹਾਂ ਦੇ ਸਿੰਚਾਈ ਤੇ ਡਰੇਨੇਜ਼ ਵਿਭਾਗ ਕੋਲ ਬਾਕਾਇਦਾ ਨਕਸ਼ੇ ਵੀ ਹਨ। ਹਰ ਸਾਲ ਬਰਸਾਤ ਤੋਂ ਪਹਿਲਾਂ ਇਨ੍ਹਾਂ ਨਦੀਆਂ-ਨਾਲਿਆਂ ਦੀ ਸਫ਼ਾਈ ਅਤੇ ਖੁਦਾਈ ਦੀ ਲੋੜ ਹੁੰਦੀ ਹੈ। ਪਰ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਬੇਰੁਖ਼ੀ ਅਤੇ ਇਨ੍ਹਾਂ ਵਿਭਾਗਾਂ ਵਿਚ ਫੈਲੇ ਭ੍ਰਿਸ਼ਟਾਚਾਰ ਕਾਰਨ ਇਨ੍ਹਾਂ ਨਦੀਆਂ-ਨਾਲਿਆਂ ਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਸ ਤੋਂ ਇਲਾਵਾ ਕਿਸਾਨਾਂ ਅਤੇ ਹੋਰ ਆਮ ਸ਼ਹਿਰੀਆਂ ਦਾ ਲਾਲਚ ਵੀ ਹੜ੍ਹਾਂ ਦੀ ਮੁਸੀਬਤ ਨੂੰ ਕਈ ਗੁਣਾ ਵਧਾ ਦਿੰਦਾ ਹੈ। ਪੰਜਾਬ ਵਿਚ ਬਹੁਤੀਆਂ ਥਾਵਾਂ ’ਤੇ ਕਿਸਾਨ ਬਰਸਾਤੀ ਨਦੀਆਂ-ਨਾਲਿਆਂ ਤੇ ਚੋਆਂ ਦੇ ਆਲੇ-ਦੁਆਲੇ ਦੀਆਂ ਜ਼ਮੀਨਾਂ ਨੂੰ ਆਪਣੀਆਂ ਜ਼ਮੀਨਾਂ ਵਿਚ ਮਿਲਾ ਕੇ ਉਨ੍ਹਾਂ ’ਤੇ ਕਾਸ਼ਤ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸੇ ਤਰ੍ਹਾਂ ਬਹੁਤੀਆਂ ਥਾਵਾਂ ’ਤੇ ਆਮ ਲੋਕ ਬਰਸਾਤੀ ਨਦੀਆਂ-ਨਾਲਿਆਂ ਦੇ ਵਹਾਅ ਵਾਲੀਆਂ ਥਾਵਾਂ ਨੂੰ ਪੱਧਰੀਆਂ ਕਰਕੇ ਉਥੇ ਨਾਜਾਇਜ਼ ਉਸਾਰੀਆਂ ਕਰ ਲੈਂਦੇ ਹਨ। ਵਿਭਾਗਾਂ ਦੇ ਸੰਬੰਧਿਤ ਅਧਿਕਾਰੀ ਇਹੋ ਜਿਹੀਆਂ ਸਰਗਰਮੀਆਂ ਸਬੰਧੀ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਹਨ। ਭ੍ਰਿਸ਼ਟਾਚਾਰ ਅਤੇ ਸਿਆਸੀ ਦਖ਼ਲ ਕਾਰਨ ਅਜਿਹਾ ਵੀ ਹੋ ਰਿਹਾ ਹੈ ਕਿ ਬਰਸਾਤੀ ਨਦੀਆਂ-ਨਾਲਿਆਂ ਅਤੇ ਚੋਆਂ ਦੇ ਵਹਾਅ ਵਾਲੇ ਖੇਤਰ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਕਾਸ਼ਤ ਕਰਨ ਲਈ ਬਾਕਾਇਦਾ ਅਲਾਟ ਕਰ ਦਿੱਤੇ ਜਾਂਦੇ ਹਨ। ਅਸੀਂ ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਿਮਾਲੀਆ ਪਰਬਤ ਦੇ ਪੈਰਾਂ ਵਿਚ ਸਥਿਤ ਹੈ। ਜਦੋਂ ਪਹਾੜਾਂ ਵਿਚ ਅਤੇ ਮੈਦਾਨਾਂ ਵਿਚ ਭਾਰੀ ਬਾਰਸ਼ ਹੁੰਦੀ ਹੈ ਤਾਂ ਤੇਜ਼ੀ ਨਾਲ ਪਾਣੀ ਪਹਾੜਾਂ ਤੋਂ ਹੇਠਾਂ ਵੱਲ ਨੂੰ ਵਗਦਾ ਹੈ। ਅਜਿਹੀ ਸਥਿਤੀ ਵਿਚ ਜੇਕਰ ਬਰਸਾਤੀ ਨਦੀਆਂ-ਨਾਲੇ ਅਤੇ ਚੋਅ ਇਸ ਪਾਣੀ ਦਾ ਅੱਗੇ ਨਿਕਾਸ ਕਰਨ ਲਈ ਮੌਜੂਦ ਹੀ ਨਹੀਂ ਹੋਣਗੇ ਤਾਂ ਹੜ੍ਹ ਲਾਜ਼ਮੀ ਤੌਰ ’ਤੇ ਵੱਡੀ ਤਬਾਹੀ ਲਿਆਉਣਗੇ। ਸੋ, ਪੰਜਾਬ ਅਤੇ ਹਰਿਆਣਾ ਵਿਚ ਇਨ੍ਹਾਂ ਹਕੀਕਤਾਂ ਨੂੰ ਮੁੱਖ ਰੱਖਦਿਆਂ ਹੜ੍ਹਾਂ ਤੋਂ ਬਚਾਅ ਲਈ ਬਾਕਾਇਦਾ ਯੋਜਨਾਬੰਦੀ ਕਰਕੇ ਉਸ ਨੂੰ ਅਮਲ ਵਿਚ ਲਿਆਉਣ ਦੀ ਲੋੜ ਹੈ। ਇਹ ਕੰਮ ¦ਮਾ ਸਮਾਂ ਮੰਗਦਾ ਹੈ। ਪੰਜਾਬ ਦੇ ਉ¤ਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਇਸ ਦਿਸ਼ਾ ਵਿਚ ਪਹਿਲ ਕਰਦਿਆਂ ਜਿਥੇ ਨਦੀਆਂ-ਨਾਲਿਆਂ ਅਤੇ ਚੋਆਂ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਦੇ ਆਦੇਸ਼ ਦਿੱਤੇ ਹਨ, ਉਥੇ ਨਦੀਆਂ-ਨਾਲਿਆਂ ਦੀ ਸਫ਼ਾਈ ਅਤੇ ਖੁਦਾਈ ਲਈ 22 ਕਰੋੜ ਦੀ ਰਕਮ ਵੀ ਜਾਰੀ ਕਰਨ ਦਾ ਐਲਾਨ ਕੀਤਾ ਹੈ। ਜੇਕਰ ਗੰਭੀਰਤਾ ਨਾਲ ਇਸ ਦਿਸ਼ਾ ਵਿਚ ਕਾਰਵਾਈ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ ਵਿਚ ਇਸ ਦਾ ਚੋਖਾ ਲਾਭ ਮਿਲ ਸਕਦਾ ਹੈ। ਪਰ ਇਸ ਸਮੇਂ ਫੌਰੀ ਲੋੜ ਹੜ੍ਹ ਪੀੜਤ ਲੋਕਾਂ ਨੂੰ ਰਾਹਤ ਦੇਣ ਅਤੇ ਉਨ੍ਹਾਂ ਦੇ ਡੰਗਰਾਂ ਲਈ ਚਾਰੇ ਦਾ ਪ੍ਰਬੰਧ ਕਰਨ ਦੀ ਹੈ।ਪੰਜਾਬੀ ਲੋਕਾਂ ਦੀ ਇਹ ਪਰੰਪਰਾ ਰਹੀ ਹੈ ਕਿ ਸੰਕਟ ਵੇਲੇ ਉਹ ਸਭ ਤਰ੍ਹਾਂ ਦੇ ਮੱਤਭੇਦ ਭੁੱਲ ਕੇ ਇਕ-ਦੂਜੇ ਦੀ ਮਦਦ ’ਤੇ ਉਤਰ ਆਉਂਦੇ ਰਹੇ ਹਨ। ਅੱਜ ਦੀ ਤਰ੍ਹਾਂ ਹੀ 1985 ਵਿਚ ਅਤੇ 1988 ਵਿਚ ਰਾਜ ਵਿਚ ਬੜੇ ਭਿਆਨਕ ਹੜ੍ਹ ਆਏ ਸਨ। ਉਸ ਵੇਲੇ ਸਰਕਾਰ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਖ਼ੁਦ ਪਹਿਲਕਦਮੀ ਕਰਦਿਆਂ ਆਟਾ, ਦਾਲਾਂ, ਕੱਪੜੇ, ਬਰਤਨ, ਦਵਾਈਆਂ, ਤਰਪਾਲਾਂ, ਹਰਾ ਚਾਰਾ ਅਤੇ ਹੋਰ ਸਮੱਗਰੀ ਇਕੱਠੀ ਕਰਕੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਵਿਚ ਪਹੁੰਚਾਈ ਸੀ। ਹੁਣ ਵੀ ਪੰਜਾਬ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਸਵੈ-ਸੇਵੀ ਸੰਗਠਨਾਂ ਨੂੰ ਫੌਰੀ ਤੌਰ ’ਤੇ ਪਹਿਲਕਦਮੀ ਕਰਨੀ ਚਾਹੀਦੀ ਹੈ ਅਤੇ ਆਪਣੇ ਨੇੜੇ ਲਗਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਵੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਹੜ੍ਹ ਪੀੜਤ ਲੋਕਾਂ ਨੂੰ ਕਿਨ੍ਹਾਂ-ਕਿਨ੍ਹਾਂ ਵਸਤਾਂ ਦੀ ਜ਼ਰੂਰਤ ਹੈ। ਇਸ ਉੁਪਰੰਤ ਸਮਾਜਿਕ ਸੰਗਠਨਾਂ ਨੂੰ ਆਪੋ-ਆਪਣੇ ਇਲਾਕਿਆਂ ਵਿਚੋਂ ਲੋੜੀਂਦੀ ਰਾਹਤ ਸਮੱਗਰੀ ਇਕੱਠੀ ਕਰਕੇ ਹੜ੍ਹ ਪੀੜਤ ਇਲਾਕਿਆਂ ਵਿਚ ਭੇਜਣ ਦਾ ਜਿੰਨੀ ਜਲਦੀ ਸੰਭਵ ਹੋਵੇ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਚੰਗੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਲੋਕਾਂ ਨੇ ਆਪਣੇ ਨੇਤਾਵਾਂ ਦੇ ਆਦੇਸ਼ਾਂ ’ਤੇ ਕੁਝ ਥਾਵਾਂ ’ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਨੇ ਵੀ ਪੰਜਾਬ ਅਤੇ ਹਰਿਆਣੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਸਮੱਗਰੀ ਇਕੱਤਰ ਕਰਕੇ ਭੇਜਣ ਦਾ ਐਲਾਨ ਕੀਤਾ ਹੈ। ਪਰ ਪੰਜਾਬ ਅਤੇ ਹਰਿਆਣੇ ਦੇ ਸਥਾਨਿਕ ਲੋਕ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਭੂਗੋਲਿਕ ਨੇੜਤਾ ਕਾਰਨ ਫੌਰੀ ਤੌਰ ’ਤੇ ਰਾਹਤ ਸਮੱਗਰੀ ਪਹੁੰਚਾ ਸਕਦੇ ਹਨ। ਸਮਾਜ ਦੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੂੰ ਭਰਾਤਰੀ ਭਾਵ ਦਿਖਾਉਂਦਿਆਂ ਤੁਰੰਤ ਹਰਕਤ ਵਿਚ ਆਉਣਾ ਚਾਹੀਦਾ ਹੈ ਅਤੇ ਰਾਹਤ ਸਮੱਗਰੀ ਇਕੱਠੀ ਕਰਕੇ ਹੜ੍ਹ ਪੀੜਤ ਲੋਕਾਂ ਤੱਕ ਪਹੁੰਚਦੀ ਕਰਨੀ ਚਾਹੀਦੀ ਹੈ।
ਸੰਕਟ ਵਿਚ ਘਿਰੇ ਲੋਕਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਧਾਰਮਿਕ ਕਾਰਜ ਹੁੰਦਾ ਹੈ। ਸਿੱਖ ਧਰਮ ਵਿਚ ਤਾਂ ਇਹ ਕਿਹਾ ਗਿਆ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ। ਲੋੜਵੰਦ ਲੋਕਾਂ ਦੀ ਮਦਦ ਕਰਨ ਨਾਲ ਰੂਹ ਨੂੰ ਜੋ ਤਸਕੀਨ ਅਤੇ ਸ਼ਾਂਤੀ ਮਿਲਦੀ ਹੈ, ਉਸ ਦਾ ਅਨੁਭਵ ਸੱਚੇ ਦਿਲੋਂ ਸੇਵਾ ਕਰਨ ਵਾਲੇ ਹੀ ਹਾਸਲ ਕਰ ਸਕਦੇ ਹਨ। 1985 ਅਤੇ 1988 ਦੇ ਹੜ੍ਹਾਂ ਸਮੇਂ ਸਮੂਹ ਪੰਜਾਬੀਆਂ ਨੇ ਵੱਡੀ ਪੱਧਰ ’ਤੇ ਇਕਮੁਠਤਾ ਅਤੇ ਦ੍ਰਿੜ੍ਹਤਾ ਦਿਖਾਈ ਸੀ, ਜਿਸ ਕਾਰਨ ਹੜ੍ਹਾਂ ਨਾਲ ਬੁਰੀ ਤਰ੍ਹਾਂ ਬਿਖਰੀ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਵਿਚ ਚੋਖੀ ਮਦਦ ਮਿਲੀ ਸੀ। ਇਸ ਸਮੇਂ ਜਿਥੇ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਨੂੰ ਆਪਣੇ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ, ਉਥੇ ਆਮ ਲੋਕਾਂ ਨੂੰ ਵੀ ਇਨ੍ਹਾਂ ਕਾਰਜਾਂ ਵਿਚ ਵੱਧ ਤੋਂ ਵੱਧ ਹਿੱਸਾ ਪਾਉਣਾ ਚਾਹੀਦਾ ਹੈ।
ਅਸੀਂ ਆਸ ਕਰਦੇ ਹਾਂ ਕਿ ਆਪਣੀਆਂ ਪੁਰਾਣੀਆਂ ਨਰੋਈਆਂ ਪੰ੍ਰਪਰਾਵਾਂ ਨੂੰ ਕਾਇਮ ਰੱਖਦਿਆਂ ਪੰਜਾਬ ਦੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਗਠਨ ਰਾਹਤ ਕਾਰਜਾਂ ਵਿਚ ਹਿੱਸਾ ਪਾਉਣ ਲਈ ਪੂਰੇ ਉਤਸ਼ਾਹ ਅਤੇ ਦ੍ਰਿੜ੍ਹਤਾ ਨਾਲ ਅੱਗੇ ਆਉਣਗੇ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO