Punjab News

July 22, 2010

ਲੁਧਿਆਣਾ ਤੋਂ ਆਈ. ਐਸ. ਆਈ. ਦਾ ਏਜੰਟ ਗ੍ਰਿਫ਼ਤਾਰ- ਭਾਰੀ ਗਿਣਤੀ ’ਚ ਅਹਿਮ ਦਸਤਾਵੇਜ਼ ਬਰਾਮਦ

ਲੁਧਿਆਣਾ, 23 ਜੁਲਾਈ -ਲੁਧਿਆਣਾ ਪੁਲਿਸ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐਸ. ਆਈ ਦੇ ਇਕ ਏਜੰਟ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਭਾਰੀ ਗਿਣਤੀ ਵਿਚ ਗੁਪਤ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਸ੍ਰੀ ਹਰਸ਼ ਬਾਂਸਲ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਏ. ਸੀ. ਪੀ. ਸ: ਪਰਮਜੀਤ ਸਿੰਘ ਪੰਨੂ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਦੇ ਐਸ. ਐਚ. ਓ. ਸ: ਮਨਜਿੰਦਰ ਸਿੰਘ ਨੇ ਅਮਲ ਵਿਚ ਲਿਆਂਦੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਨਿਜ਼ਾਮਬਖਸ਼ ਪੁੱਤਰ ਅੱਲਾ ਦਿੱਤਾ ਵਾਸੀ ਚੱਕ ਨੰਬਰ 114/10 ਆਰ, ਤਹਿਸੀਲ ਜਹਾਨਵੀਆ ਜ਼ਿਲ੍ਹਾ ਖਾਨੇਵਾਲ, ਮੁਲਤਾਨ ਪਾਕਿਸਤਾਨ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਿਛਲੇ ਪੰਜ ਸਾਲ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿ ਕੇ ਜਸੂਸੀ ਕਰ ਰਿਹਾ ਸੀ। ਇਹ ਕਥਿਤ ਦੋਸ਼ੀ ਦੁਬਈ ਸਥਿਤ ਖੁਫ਼ੀਆ ਏਜੰਸੀ ਦੇ ਅਫ਼ਸਰਾਂ ਨੂੰ ਫੌਜੀ ਟਿਕਾਣਿਆਂ ਅਤੇ ਹੋਰ ਅਹਿਮ ਥਾਵਾਂ ਸਬੰਧੀ ਜਾਣਕਾਰੀ ਭੇਜਦਾ ਸੀ ਅਤੇ ਦੁਬਈ ਤੋਂ ਇਹ ਜਾਣਕਾਰੀ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਪਾਸ ਪਹੁੰਚਾਈ ਜਾਂਦੀ ਸੀ। ਸ੍ਰੀ ਬਾਂਸਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਿਜ਼ਾਮਬਖਸ਼ ਦੇਸ਼ ਵਿਰੋਧੀ ਅਨਸਰਾਂ ਨਾਲ ਮਿਲਿਆ ਹੋਇਆ ਹੈ, ਜਿਸ ਕਰਕੇ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਇਸ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਬੀਤੀ ਰਾਤ ਕਥਿਤ ਦੋਸ਼ੀ ਰੇਲਵੇ ਸਟੇਸ਼ਨ ਦੇ ਆਸ-ਪਾਸ ਸ਼ੱਕੀ ਹਾਲਾਤਾਂ ਵਿਚ ਘੁੰਮ ਰਿਹਾ ਸੀ ਅਤੇ ਪੁਲਿਸ ਨੇ ਇਸਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਨਿਜ਼ਾਮਬਖਸ਼ ਲੁਧਿਆਣਾ ਦੇ ਆਦਰਸ਼ ਨਗਰ ਇਲਾਕੇ ਵਿਚ ਕਿਰਾਏ ਦੇ ਮਕਾਨ ’ਤੇ ਰਹਿ ਰਿਹਾ ਸੀ ਅਤੇ ਇਥੇ ਇਸਨੇ ਆਪਣਾ ਨਾਮ ਸੰਦੀਪ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸ਼ਾਹਕੋਟ ਦੱਸਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸੇ ਪਤੇ ’ਤੇ ਹੀ ਉਸਨੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਆਪਣਾ ਡਰਾਈਵਿੰਗ ਲਾਇਸੰਸ ਅਤੇ ਹੋਰ ਸ਼ਨਾਖਤੀ ਕਾਰਡ ਬਣਾਏ ਹੋਏ ਸਨ। ਕਥਿਤ ਦੋਸ਼ੀ ਇਥੇ ਪੀ. ਓ. ਪੀ ਦੀ ਠੇਕੇਦਾਰੀ ਕਰਦਾ ਸੀ। ਸ੍ਰੀ ਬਾਂਸਲ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਇਹ ਪਾਕਿਸਤਾਨ ਤੋਂ ਢਾਕਾ, ਢਾਕਾ ਤੋਂ ਕਾਠਮੰਡੂ ਅਤੇ ਕਾਠਮੰਡੂ ਤੋਂ ਭਾਰਤ ਵਿਚ ਦਾਖਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਬਖਸ਼ ਦੀਆਂ ਚਾਰ ਭੈਣਾਂ ਅਤੇ ਇਕ ਭਰਾ ਹੈ ਜੋ ਕਿ ਪਾਕਿਸਤਾਨ ਵਿਚ ਹੀ ਰਹਿੰਦੇ ਹਨ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO