ਹੁਸ਼ਿਆਰਪੁਰ-ਜ਼ਿਲ੍ਹੇ ਦੇ ਪਿੰਡ ਕਿਤਣਾ ਵਿਚ ਇਕ ਭਰਾ ਨੇ ਆਪਣੇ ਖ਼ਾਨਦਾਨ ਦੀ ਅਣਖ ਖਾਤਰ ਆਪਣੀ ਭੈਣ ਦੀ ਹੱਤਿਆ ਕਰ ਦਿੱਤੀ। ਦੋਸ਼ੀ ਨੂੰ ਆਪਣੀ ਭੈਣ ਦੇ ਚਾਲ-ਚਲਣ ’ਤੇ ਸ਼ੱਕ ਸੀ। ਐਸ. ਐਸ. ਪੀ ਰਾਕੇਸ਼ ਅਗਰਵਾਲ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਦੋ ਜੁਲਾਈ ਨੂੰ ਪਿੰਡ ਕਿ¤ਤਣਾ ਵਾਸੀ ਸੁਰਿੰਦਰ ਸਿੰਘ ਨੇ ਮਾਹਿਲਪੁਰ ਥਾਣੇ ਵਿਚ ਇਕ ਲਿਖਤੀ ਦਰਖਾਸਤ ਦਿੱਤੀ ਕਿ ਉਸ ਦੀ ਲੜਕੀ ਕੰਚਨ (16), 29 ਜੂਨ ਨੂੰ ਰਾਤ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖਾਣੇ ਵਿਚ ਕੋਈ ਨਸ਼ੀਲੀ ਦਵਾਈ ਦੇ ਕੇ ਘਰੋਂ ਚਲੀ ਗਈ। ਉਸ ਦੀ ਭਾਲ ਲਈ ਆਲੇ-ਦੁਆਲੇ ਦੇ ਸਾਰੇ ਥਾਣਿਆਂ ਨੂੰ ਚੁਕੰਨਾ ਕਰ ਦਿੱਤਾ ਗਿਆ ਸੀ। 4 ਜੁਲਾਈ ਨੂੰ ਥਾਣਾ ਰਾਵਲਪਿੰਡੀ ਦੇ ਹਲਕੇ ਵਿਚੋਂ ਨਿਕਲਦੀ ਪਾਂਸ਼ਟਾ ਨਹਿਰ ਵਿਚੋਂ ਇਕ ਅਣਪਛਾਤੀ ਲੜਕੀ ਦੀ ਲਾਸ਼ ਮਿਲੀ। ਰਾਵਲਪਿੰਡੀ ਪੁਲਿਸ ਨੇ ਇਸ ਦੀ ਇਤਲਾਹ ਮਾਹਿਲਪੁਰ ਪੁਲਿਸ ਨੂੰ ਦਿੱਤੀ, ਜਿਸ ਨੇ ਕੰਚਨ ਦੇ ਭਰਾ ਮਨੀ ਪ੍ਰਤਾਪ ਕੌਸ਼ਲ ਨੂੰ ਸ਼ਨਾਖ਼ਤ ਲਈ ਲਿਆਂਦਾ ਪਰ ਉਸ ਨੇ ਇਸ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ। ਸ਼ੱਕ ਪੈਣ ’ਤੇ ਪੁਲਿਸ ਨੇ ਜਦੋਂ ਸਖ਼ਤੀ ਨਾਲ ਉਸ ਤੋਂ ਪੁੱਛ-ਗਿੱਛ ਕੀਤੀ ਤਾਂ ਉਹ ਮੰਨ ਗਿਆ ਕਿ ਉਸ ਨੇ ਹੀ ਆਪਣੀ ਭੈਣ ਦੀ ਹੱਤਿਆ ਕਰਕੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਪੱਤਰਕਾਰਾਂ ਦੇ ਸਾਹਮਣੇ ਪੇਸ਼ ਕੀਤੇ 20 ਸਾਲਾ ਮਨੀ ਪ੍ਰਤਾਪ ਨੇ ਦੱਸਿਆ ਕਿ ਉਸ ਦੀ ਭੈਣ ਦਾ ਚਾਲ ਚਲਣ ਠੀਕ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਨੇ ਕੰਚਨ ਨੂੰ ਕਈ ਵਾਰ ਸਮਝਾਇਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਈ, ਜਿਸ ਕਰਕੇ ਆਪਣੀ ਅਤੇ ਪਰਿਵਾਰ ਦੀ ਇੱਜ਼ਤ ਖਾਤਰ ਉਸ ਨੇ ਕੰਚਨ ਨੂੰ ਜਾਨੋਂ ਮਾਰਨ ਦਾ ਮਨ ਬਣਾ ਲਿਆ। ਮਨੀ ਪ੍ਰਤਾਪ ਨੇ ਦੱਸਿਆ ਕਿ 29 ਜੂਨ ਨੂੰ ਉਸ ਨੇ ਰਾਤ ਦੇ ਖਾਣੇ ਵਿਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ ਅਤੇ ਆਪ ਬਾਹਰ ਚਲਾ ਗਿਆ। ਦੇਰ ਰਾਤ ਜਦੋਂ ਵਾਪਸ ਆਇਆ ਤਾਂ ਪਰਿਵਾਰ ਸੁੱਤਾ ਪਿਆ ਸੀ। ਕਰੀਬ ਇਕ ਵਜੇ ਉਸ ਨੇ ਬਿਜਲੀ ਦਾ ਤਾਰ ਨਾਲ ਵਿਹੜੇ ਵਿਚ ਸੁੱਤੀ ਆਪਣੀ ਭੈਣ ਦਾ ਗਲ਼ਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਅਤੇ ਲਾਸ਼ ਨੂੰ ਚਾਦਰ ਵਿਚ ਲਪੇਟ ਕੇ ਸਾਈਕਲ ’ਤੇ ਜਾ ਕੇ ਨਹਿਰ ਵਿਚ ਸੁੱਟ ਆਇਆ। ਉਸ ਨੇ ਦੱਸਿਆ ਕਿ ਉਸ ਦੀ ਮਾਂ ਹੁਣ ਇਸ ਦੁਨੀਆ ਵਿਚ ਨਹੀਂ ਜਦੋਂ ਕਿ ਉਸ ਦਾ ਪਿਤਾ ਸ਼ਰਾਬੀ ਹੈ। ਐਸ.ਐਸ.ਪੀ ਨੇ ਦੱਸਿਆ ਕਿ ਡੀ.ਐਸ.ਪੀ ਗੜ੍ਹਸ਼ੰਕਰ ਹਰਪ੍ਰੀਤ ਸਿੰਘ ਮੰਡੇਰ ਅਤੇ ਐਸ.ਐਚ.ਓ ਮਾਹਿਲਪੁਰ ਪ੍ਰੇਮ ਕੁਮਾਰ ਨੇ ਇਸ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਉਣ ਵਿਚ ਪੂਰਾ ਜ਼ੋਰ ਲਗਾਇਆ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ਼ ਦਫ਼ਾ 302 ਅਤੇ 201 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।