ਅੰਮ੍ਰਿਤਸਰ 2 ਸਤੰਬਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਬੂਧਾਬੀ ਦੇ ਆਰਮਡ ਫੋਰਸਿਜ਼ ਕਲੱਬ ਅਤੇ ਹੋਟਲ ’ਚ ਨੌਕਰੀ ਕਰ ਰਹੇ ਸਾਬਤ-ਸੂਰਤ ਸਿੱਖ ਨੌਜਵਾਨ ਸ. ਹਰਸ਼ਦੀਪ ਸਿੰਘ ਨੂੰ ਕੇਸ ਕਟਾਉਣ ਲਈ ਮਜ਼ਬੂਰ ਕੀਤੇ ਜਾਣ ਅਤੇ ਉਸ ਵਲੋਂ ਕੇਸ ਨਾ ਕਟਾਉਣ ਦੀ ਸੂਰਤ ’ਚ ਨੌਕਰੀ ਤੋਂ ਕੱਢ ਦਿੱਤੇ ਜਾਣ ਦੀ ਕਾਰਵਾਈ ਦਾ ਸਖ਼ਤ ਨੋਟਿਸ ਲੈਂਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਇਕ ਪੱਤਰ ਲਿਖ ਕੇ ਸਿੱਖ ਨੌਜਵਾਨ ਦੇ ਮਸਲੇ ’ਚ ਸ਼ੀਘਰ ਦਖ਼ਲ ਦੇਣ ਅਤੇ ਅਜਿਹੇ ਮਜ਼ਹਬੀ ਵਿਤਕਰੇ ਰੋਕਣ ਦੀ ਮੰਗ ਕੀਤੀ ਹੈ।
ਜਥੇਦਾਰ ਅਵਤਾਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਚ ਕਿਹਾ ਕਿ ਧਰਮ ਦੇ ਅਧਾਰ ’ਤੇ ਸਾਬਤ-ਸੂਰਤ ਸਿੱਖਾਂ ਨੂੰ ਵਿਦੇਸ਼ਾਂ ਵਿਚ ਅਜਿਹੀਆਂ ਕਈ ਪ੍ਰਕਾਰ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਜਿਥੇ ਉਨ੍ਹਾਂ ਨੂੰ ਆਪਣੇ ਧਰਮ ’ਚ ਪ੍ਰਪੱਕ ਰਹਿੰਦਿਆਂ ਨੌਕਰੀ ਤੋਂ ਕੱਢੇ ਜਾਣ ਦਾ ਜ਼ੋਖਮ ਵੀ ਝੱਲਣਾ ਪੈਂਦਾ ਹੈ।
ਮਜ਼ਹਬ ਦੇ ਅਧਾਰ ’ਤੇ ਅਜਿਹੇ ਵਿਤਕਰੇ ਦੇ ਸ਼ਿਕਾਰ ਮਨੁੱਖ ਨੂੰ ਜਿਥੇ ਭਾਰੀ ਮਾਨਸਿਕ ਪੀੜਾ ਅਤੇ ਆਰਥਿਕ ਤੰਗਦਸਤੀ ਝੱਲਣੀ ਪੈਂਦੀ ਹੈ, ਉਥੇ ਇਹ ਮਨੁੱਖੀ ਹੱਕਾਂ ਦੀ ਵੀ ਘੋਰ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸ. ਹਰਸ਼ਦੀਪ ਸਿੰਘ ਅਜਿਹੇ ਹੀ ਵਿਤਕਰੇ ਦਾ ਸ਼ਿਕਾਰ ਹੋਇਆ ਹੈ, ਭਾਰਤ ਸਰਕਾਰ ਨੂੰ ਫੌਰੀ ਦਖਲ ਦਿੰਦਿਆਂ ਉਸ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਕਤ ਜ਼ਿਕਰ ਕੰਪਨੀ ਨੇ ਸ. ਹਰਸ਼ਦੀਪ ਸਿੰਘ ਨੂੰ ਸਰਵਿਸ ਦੇਣ ਵੇਲੇ ਉਸ ਦੇ ਦਸਤਾਵੇਜ਼ਾਂ ਦੇ ਨਾਲ ਉਸ ਦਾ ਸਾਬਤ-ਸੂਰਤ ਚੇਹਰਾ ਵੇਖ ਕੇ ਹੀ ਸਰਵਿਸ ਦਿੱਤੀ ਹੋਵੇਗੀ ਅਤੇ ਹੁਣ ਸਰਵਿਸ ਦੇਣ ਉਪਰੰਤ ਅਜਿਹਾ ਵਿਹਾਰ ਕਰਨਾ ਬਹੁਤ ਹੀ ਦੁਖਦਾਈ ਤੇ ਨਿੰਦਣਯੋਗ ਹੈ।