
ਲੁਧਿਆਣਾ, 15 ਮਾਰਚ (ਨਿੱਝਰ) : ਰਾਸ਼ਟਰੀ ਫੁੱਟਬਾਲ ਲੀਗ ਦੇ 16ਵੇਂ ਗੇੜ ਦੇ ਇਕ ਅਹਿਮ ਮੁਕਾਬਲੇ ਵਿਚ ਮੇਜਬਾਨ ਜੇ.ਸੀ.ਟੀ. ਫਗਵਾੜਾ ਨੇ ਮੋਹਨ ਬਗਾਨ ਕੋਲਕਾਤਾ ਨੂੰ ਗੋਲ ਬਰਾਬਰੀ ਤੇ ਰੋਕਿਆ। ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੇ ਗਏ ਇਸ ਮੈਚ ਵਿਖੇ ਪਹਿਲੇ ਅੱਧ ਵਿਚ ਮਹਿਮਾਨ ਟੀਮ ਅਤੇ ਦੂਸਰੇ ਅੱਧ ਵਿਚ ਮੇਜਬਾਨਾਂ ਦਾ ਪੱਲੜਾ ਭਾਰੂ ਰਿਹਾ। ਜੇ.ਸੀ.ਟੀ. ਦੀ ਕਿਸਮਤ ਨੇ ਅੱਜ ਪੂਰਾ ਸਾਥ ਦਿੱਤਾ ਨਹੀਂ ਹੈ। ਜੇ.ਸੀ. ਟੀ. ਇਹ ਮੈਚ ਹਾਰ ਵੀ ਸਕਦੀ ਸੀ। ਦੂਸਰੇ ਅੱਧ ਦੇ 60ਵੇਂ ਮਿੰਟ ਵਿਚ ਗੋਲ ਪੋਮਟਾ ਨੇੜੇ ਬਲਜੀਤ ਸਿੰਘ ਦਾ ਬਾਲ ਨੂੰ ਹੱਥ ਲੱਗਣ ਕਾਰਨ ਮੋਹਨ ਬਗਾਨ ਨੂੰ ਪਨੈਲਟੀ ਕਿਕ ਮਿਲੀ ਜਿਸ ਨੂੰ ਜੋਸ ਬਰੇਟੋ ਨੇ ਬਾਹਰ ਮਾਰ ਦਿੱਤਾ। ਮੈਚ ਦੇ ਆਖਰੀ ਪੜਾ ਵਿਚ ਬਰੇਟੋ ਦੀ ਲਗਾਈ ਹਿੱਟ ਜਸਵਿੰਦਰ ਸਿੰਘ ਦੇ ਸਿਰ ਨਾਲ ਟਕਰਾ ਕੇ ਬਾਹਰ ਚਲੀ ਗਈ। ਇਸ ਮੈਚ ਦੀ ਸਮਾਪਤੀ ਨਾਲ ਮੋਹਨ ਬਗਾਨ 25 ਅੰਕਾਂ ਨਾਲ ਚੌਥੇ ਸਥਾਨ ਤੇ, ਜੇ.ਸੀ.ਟੀ. 19 ਅੰਕਾਂ ਨਾਲ ਅੱਠਵੇਂ ਸਥਾਨ ਤੇ ਪੁੱਜ ਗਈ ਹੈ। ਜੇ.ਸੀ.ਟੀ. ਦੇ ਜਸਵਿੰਦਰ ਸਿੰਘ ਨੂੰ ਮੈਨ ਆਫ਼ ਦੀ ਮੈਚ ਵਲੋਂ 5 ਹਜ਼ਾਰ ਰੁਪਏ ਨਾਲ ਸਨਮਾਨਿਆ । ਅੱਜ ਦੇ ਮੈਚ ਦੌਰਾਨ ਸਾਬਕਾ ਕੌਮਾਂਤਰੀ ਫੁੱਟਬਾਲ ਸਿਤਾਰੇ ਗੁਰਮੇਲ ਸਿੰਘ ਗਿੱਲ ਨਾਰਵੇ ਮੁੱਖ ਮਹਿਮਾਨ ਵਜੋਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਅਰਜਨਾ ਐਵਾਰਡੀ ਇੰਦਰ ਸਿੰਘ, ਕੌਮਾਂਤਰੀ ਫੁੱਟਬਾਲ, ਗਿਆਨ ਸਿੰਘ, ਜੇ.ਐਸ.ਪਰਮਾਰ, ਤੇਜਾ ਸਿੰਘ ਧਾਲੀਵਾਲ, ਸ਼ਿਵਤਾਰ ਸਿੰਘ ਬਾਜਵਾ ਆਦਿ ਹੋਰ ਉਘੀਆਂ ਸ਼ਖਸ਼ੀਅਤਾਂ ਸਨ।