Punjab News

April 8, 2010

ਸਰਨਾ ਵਿਸ਼ਵ ਸਿੱਖ ਸੰਮੇਲਨ : ਚਰਚਾ ਗਲੀ ਗਲੀ-ਡਾ. ਦਰਸ਼ਨ ਸਿੰਘ ਹਰਵਿੰਦਰ

 

Dr_Darshan_Singh_Harvinder

 

 

 

 

 

 

 

 

 

 

ਤਮਾਸ਼ਬੀਨਾਂ ਦੀਆਂ ਨਜ਼ਰਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਪੰਥ ਨੂੰ ‘ਦੁਵਿਧਾ’ ਵਿਚੋਂ ਕੱਢਣ ਲਈ ਹਿੰਦੋਸਤਾਨ ਦੀ ਰਾਜਧਾਨੀ ਦਿੱਲੀ ਵਿਚ ਇਸ ਹਫਤੇ ਕਰਵਾਈ ਜਾਣ ਵਾਲੀ ਵਿਸ਼ਵ ਸਿੱਖ ਕਨਵੈਨਸ਼ਨ ’ਤੇ ਟਿਕੀਆਂ ਹੋਈਆਂ ਹਨ।
ਅਕਾਲ ਤਖ਼ਤ ਦੀ ਮਰਿਆਦਾ, ਸਿੱਖੀ ਸਰੂਪ, ਸਿੱਧਾਂਤ ਦੀ ਬਹਾਲੀ, ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਦਰਪੇਸ਼ ਵੰਗਾਰਾਂ ’ਤੇ ਵਿਚਾਰ ਅਤੇ ਹੱਲ ਲੱਭਣ ਲਈ ਦਾਅਵਾ ਜਤਾਉਣ ਵਾਲੀ ਇਸ ਕਨਵੈਨਸ਼ਨ ਨੂੰ ਕਾਮਯਾਬ ਬਣਾਉਣ ਲਈ ਜਿਥੇ ਪ੍ਰਬੰਧਕ ਪੱਬਾਂ ਭਾਰ ਹਨ ਉਥੇ ਵਿਰੋਧੀਆਂ ਵੱਲੋਂ ਇਹਨੂੰ ਫਰੌਡ ਸਾਬਤ ਕਰਨ ਅਤੇ ਡੈਲੀਗੇਟਾਂ ਨੂੰ ਰੋਕਣ ਲਈ ਆਪੋ ਆਪਣੇ ਤਰੀਕੇ ਨਾਲ ‘ਸਿਰ ਧੜ ਦੀ ਬਾਜੀ’ ਲੱਗੀ ਹੋਣ ਕਾਰਨ ਇਹ ‘ਮੁੱਛ ਦਾ ਸੁਆਲ’ ਬਣੀ ਹੋਈ ਹੈ। ਚਰਚਾ ਹੈ ਕਿ ਕਿਸਮਤ ਦੇ ਧਨੀ ਸ ਸਰਨਾ ਇਸ ਇਮਤਿਹਾਨ ਵਿਚ ਵੀ ਪਾਸ ਹੋ ਜਾਣਗੇ।
ਪ੍ਰਸਿੱਧ ਪੰਜਾਬੀ ਕਵੀ ਸ਼ਾਹ ਮੁਹੰਮਦ ਦੀ ਵਾਰ ‘ਜੰਗਨਾਮਾ ਹਿੰਦ ਪੰਜਾਬ’ ਦੀਆਂ ਚਰਚਿਤ ਸਤਰਾਂ ‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਦਸ਼ਾਹੀ ਫੌਜਾਂ ਭਾਰੀਆਂ ਨੀ’ ਇਸ ਕਨਵੈਨਸ਼ਨ ’ਤੇ ਵੀ ਲਗਭਗ ਸਹੀ ਢੁਕਦੀਆਂ ਹਨ ਜਿਸਦੇ ਤਹਿਤ ਦਿੱਲੀ ਤਖ਼ਤ ਦੀ ਟੱਕਰ ਪੰਜਾਬ ਦੇ ਹਾਕਮਾਂ ਨਾਲ ਜਾਪਦੀ ਹੈ। ਦਿੱਲੀ ਦੇ ਦੋਨਾਂ ਤਖ਼ਤਾਂ (ਸਥਾਨਕ ਤੇ ਮਰਕਜ਼ੀ) ਤੋਂ ਮਿਲੀ ਸਰਪ੍ਰਸਤੀ ਦੇ ਨਸ਼ੇ ਦੇ ਲੁਤਫ਼ ਵਿਚ ਚੂਰ ਸ੍ਰ ਸਰਨਾ ਪੰਜਾਬ ਦੇ ਹਾਕਮਾਂ ਨੂੰ ਟਿੱਚ ਸਮਝਦਿਆਂ ਅਕਾਲ ਤਖ਼ਤ ਦੇ ਮੁੱਦੇ ’ਤੇ ਆਢਾ ਲੈਣ ਦੇ ਰੌਂਅ ਵਿਚ ਹਨ। ਇੰਝ ਅੰਮ੍ਰਿਤਸਰ ਦੀ ਬਜਾਏ ਪੰਜਾਬ ਤੋਂ ਬਾਹਰ ਦਿੱਲੀ ਵਿਚ ਕੀਤੀ ਜਾ ਰਹੀ ਅਜਿਹੀ ਕਨਵੈਨਸ਼ਨ ਅਕਾਲ ਤਖ਼ਤ ਦੀ ਓਟ ਵਿਚ ਪੰਜਾਬ ਵਿਚ ਚੱਲ ਰਹੀ ਹਾਕਮਾਂ ਦੀ ਸਰਦਾਰੀ ਲਈ ਇਹ ਸਿੱਧੀ ਵੰਗਾਰ ਵੀ ਹੈ।
ਹਾਲਾਂਕਿ ਸ੍ਰ ਸਰਨਾ ਨੇ ਦਾਅਵਾ ਕੀਤਾ ਹੈ ਕਿ ਇਸ ਵਿਸ਼ਵ ਸਿੱਖ ਕਨਵੈਨਸ਼ਨ ਵਿਚ ਸੰਸਾਰ ਭਰ ਦੀਆਂ ਜਥੇਬੰਦੀਆਂ ਸ਼ਿਰਕਤ ਕਰਨਗੀਆਂ, ਪਰ ਉਨ੍ਹਾਂ ਦੀ ਹੀ ਹੁਣ ਤਕ ਸੱਜੀ ਬਾਂਹ ਰਹੇ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਤੇ ਅਕਾਲੀ ਦਲ ਯੂ ਕੇ ਦੇ ਪ੍ਰਧਾਨ ਜਸਜੀਤ ਸਿੰਘ ਟੋਨੀ ਜਿਹੇ ਕਈ ਲੋਕਾਂ ਨੇ ਇਸ ਕਨਵੈਨਸ਼ਨ ਤੋਂ ਨਾ ਕੇਵਲ ਦੂਰੀਆਂ ਬਣਾ ਲਈਆਂ ਹਨ, ਸਗੋਂ ਇਸ ਕਨਵੈਨਸ਼ਨ ਦੀ ਕਰੈਡੇਬਿਲਟੀ ’ਤੇ ਹੀ ਸਵਾਲੀਆ ਨਿਸ਼ਾਨ ਲਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਇਹ ਕਨਵੈਨਸ਼ਨ ਪੰਥ ਦੇ ਮਸਲਿਆਂ ਨੂੰ ਹੱਲ ਕਰਨ ਦੀ ਥਾਂ, ਸਗੋਂ ਇਨ੍ਹਾਂ ਮਸਲਿਆਂ ਨੂੰ ਪੈਦਾ ਕਰਨ ਵਾਲਿਆਂ ਦੇ ਹੀ ਹੱਥ ਮਜਬੂਤ ਕਰੇਗੀ।
ਕਮਾਲ ਦੀ ਗੱਲ ਇਹ ਹੈ ਹੁਣ ਤਕ ਸਰਨਿਆਂ ਦੇ ਕਮਾਂਡਰ ਕਮ ਸਲਾਹਕਾਰ ਵਜੋਂ ਵਿਚਰਦੇ ਰਹੇ ਇਹਨਾਂ ਵਿਅਕਤੀਆਂ ਨੂੰ ਪੰਜਾਬ ਦੇ ਸਾਬਕਾ ਮੰਤਰੀ ਤੇ ਜਥੇਦਾਰ ਟੌਹੜਾ ਸਮੇਂ ਲੰਮਾਂ ਸਮਾਂ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਕਲਕੱਤਾ ਦੀ ਇਸ ਕਨਵੈਨਸ਼ਨ ਵਿਚ ਸ਼ਮੂਲੀਅਤ ਇਥੋਂ ਤਕ ਰੜਕਣ ਤੇ ਖੜਕਣ ਲਗ ਪਈ ਹੈ ਕਿ ਉਹਨਾਂ ਸ੍ਰ ਕਲਕੱਤਾ ਵਿਰੁੱਧ ਨੀਵੀਂ ਪੱਧਰ ਦੀ ਸ਼ਬਦਾਵਲੀ ਵਰਤਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਸਗੋਂ ਇਥੋਂ ਤਕ ਇਲਜ਼ਾਮੀ ਚਰਚਾ ਹੈ ਕਿ ਸਰਨਿਆਂ ਵੱਲੋਂ ਬਣਾਏ ਗਏ ਸਿੱਖ ਮਿਸ਼ਨ ਇੰਟਰਨੈਸ਼ਨਲ ਤੇ ਸ਼੍ਰੋਮਣੀ ਸਿੱਖ ਕੌਂਸਿਲ ਦੇ ਚੇਅਰਮੈਨ ਸ੍ਰ. ਕਲਕੱਤਾ ਨੂੰ ਜਥੇਦਾਰ ਅਵਤਾਰ ਸਿੰਘ ਮੱਕੜ ਤੇ ਸੁਖਬੀਰ ਸਿੰਘ ਬਾਦਲ ਨੇ ਹੀ ਭੇਜਿਆ ਹੋਵੇਗਾ ਤਾਂ ਕਿ ਉਹਨਾਂ ਕੋਲੋਂ ਇਸ ਕਨਵੈਨਸ਼ਨ ਦਾ ਭੋਗ ਪੁਆ ਦਿੱਤਾ ਜਾਵੇ।  ਇਹ ਉਹੀ ਕਲਕੱਤਾ ਹਨ ਜਿਨ੍ਹਾਂ ਬਾਦਲ ਟੌਹੜਾ ਏਕਤਾ ਵੇਲੇ ਸਰਨਾ ਨੂੰ ‘ਕਾਂਗਰਸ ਦਾ ਦਲਾਲ’ ਕਿਹਾ ਸੀ, ਪਰ ਬਾਅਦ ਵਿਚ ਉਹੀ ਸਰਨਾ ਪੰਥ ਹਿਤੈਸ਼ੀ ਹੋ ਗਏ।
ਇਨ੍ਹਾਂ ਵਿਰੋਧੀਆਂ ਦਾ ਤਰਕ ਹੈ ਕਿ ਗੁਰੂ ਦੀ ਗੋਲਕ ’ਚੋਂ ਕਰੋੜਾਂ ਰੁਪਏ ਖ਼ਰਚ ਕੇ ਕਰਵਾਈ ਜਾ ਰਹੀ ਇਸ ਕਨਵੈਨਸ਼ਨ ਦੇ ਏਜੰਡੇ ਤੋਂ ਅਜਿਹਾ ਅਹਿਸਾਸ ਨਹੀਂ ਹੁੰਦਾ ਕਿ ਪ੍ਰਬੰਧਕ ਸੱਚਮੁੱਚ ਹੀ ਸਿੱਖ ਮਸਲਿਆਂ ਨੂੰ ਹੱਲ ਕਰਵਾਉਣ ਲਈ ਗੰਭੀਰ ਹਨ।  ਮੌਜੂਦਾ ਏਜੰਡੇ ’ਤੇ ਅਧਾਰਿਤ ਕਨਵੈਨਸ਼ਨ ਦੇ ਪ੍ਰਬੰਧਕਾਂ ਦੀ ਫੋਕੀ ਸ਼ੋਹਰਤ ਤਾਂ ਸਿਖ਼ਰ ਛੋਹ ਲਏਗੀ ਪਰ ਸਿੱਖ ਜਗਤ ਨੂੰ ਕੋਈ ਲਾਭ ਨਹੀਂ ਹੋਣ ਲੱਗਾ ਸਗੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੀ ਇਸ ਲਾਲਸਾ ਦੀ ਭੇਂਟ ਕੌਮ ਦਾ  ਚੜ੍ਹ ਜਾਵੇਗਾ ਕਰੋੜਾਂ ਰੁਪਿਆ।
ਪਰ ਪੰਜਾਬ ਦੇ ਹਾਕਮਾਂ ਤੋਂ ਬੇਪਰਵਾਹ ਸ੍ਰ. ਸਰਨਾ ਜਿਨ੍ਹਾਂ ਦਾ ਧੜੱਲੇ ਨਾਲ ਸਾਥ ਦੇ ਰਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਮੋਢੇ ਨਾਲ ਮੋਢਾ ਡਾਹ ਕੇ ਇਸ ਕਨਵੈਨਸ਼ਨ ਨੂੰ ਸਫ਼ਲ ਬਣਾਉਣ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਦਾ ਦਾਅਵਾ ਹੈ ਕਿ ਅਕਾਲ ਤਖ਼ਤ ਦੇ ਸਿੱਧਾਂਤ ਨੂੰ ਢਹਿ ਢੇਰੀ ਨਹੀਂ ਹੋਣ ਦਿੱਤਾ ਜਾਵੇਗਾ ਤੇ ਸਿੱਖ ਕੌਮ ਵਿਚ ਪਈ ਨਿਰਾਸ਼ਤਾ ਨੂੰ ਦੂਰ ਕਰਨ ਲਈ ਹੀ ਇਹ ਕਨਵੈਨਸ਼ਨ ਕੀਤੀ ਜਾ ਰਹੀ ਹੈ ਜਿਸ ਵਿਚ ਉਹ ਜ਼ਰੂਰ ਪਹੁੰਚਣ ਜਿਨ੍ਹਾਂ ਨੂੰ ਸਿੱਖੀ ਪ੍ਰਤੀ ਤੜਫ਼ ਹੈ। ਸਿੱਖ ਭਾਈਚਾਰੇ ਬਾਰੇ ਲਏ ਜਾਣ ਵਾਲੇ ਫੈਸਲਿਆਂ ਵਿਚ ਅਕਾਲ ਤਖ਼ਤ ਦੀ ਭੂਮਿਕਾ ਅਹਿਮ ਹੁੰਦੀ ਹੈ ਤੇ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਇਕ ਰਬੜ ਦੀ ਮੋਹਰ ਨਹੀਂ ਬਣਨਾ ਚਾਹੀਦਾ ਸਗੋਂ ਆਤਮ ਨਿਰਭਰਤਾ ਨਾਲ ਫੈਸਲੇ ਲੈਣੇ ਚਾਹੀਦੇ ਹਨ। ਮੌਜੂਦਾ ਸਮੇਂ ਵਿਚ ਇਨ੍ਹਾਂ ਜਥੇਦਾਰਾਂ ਨੂੰ ਸਿਆਸੀ ਵਿਰੋਧੀਆਂ ਨੂੰ ਗੁਠੇ ਲਾਉਣ ਲਈ ਵਰਤਿਆ ਜਾ ਰਿਹਾ ਹੈ ਜਦਕਿ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਅਕਾਲ ਤਖ਼ਤ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ।
ਦਰਅਸਲ ਇਸ ਕਨਵੈਨਸ਼ਨ ਦੇ ਜਿਥੇ ਸਿੱਖ ਧਰਮ ਵਿਚਲੇ ਸਿਆਸੀ ਭੰਬਲਭੂਸੇ ਨੂੰ ਦੂਰ ਕਰਨ ਲਈ ਬੁਲਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਇਹ ਕੁਝ ਸਮੇਂ ਬਾਅਦ ਹੋਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਰਾਹੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ’ਤੇ ਕਾਬਜ਼ ਹੋਣ ਲਈ ਖੇਡੀ ਜਾ ਰਹੀ ਰਣਨੀਤੀ ਦਾ ਵੀ ਇਕ ਹਿੱਸਾ ਹੈ ਜਿਸਦੇ ਤਹਿਤ ਅਕਾਲੀ ਦਲ ਲੋਂਗੋਵਾਲ ਵੱਲੋਂ ਬਾਕਾਇਦਾ ਇਸ ਕਨਵੈਨਸ਼ਨ ਵਿਚ ਸ਼ਾਮਿਲ ਹੋਣ ਲਈ ਬਤੌਰ ਵਿਰੋਧੀ ਅਕਾਲੀ ਦਲ ਬਾਦਲ ਪਹਿਲ ਕੀਤੀ ਗਈ ਹੈ। ਇਸੇ  ਸਿਆਸਤ ਤਹਿਤ ਸਰਨਿਆਂ ਨੇ  ਇਕ ਚੁਸਤ ਤੇ ਸੁਘੜ ਸਿਆਸਤਦਾਨ ਵਾਂਗ ਇਸ ਸਿੱਖ ਕਨਵੈਨਸ਼ਨ ਦੀ ਪ੍ਰਧਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਜਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਕਰਵਾਉਣ ਲਈ ਵੀ ਨਿਉਂਦਾ ਭੇਜ ਕੇ ਗੇਂਦ ਬਾਦਲਾਂ ਦੇ ਪਾਲੇ ਵਿਚ ਸੁੱਟ ਦਿੱਤੀ ਹੈ।
ਇਉਂ ਲਗਦਾ ਹੈ ਕਿ ‘ਨਾ ਨੌ ਮਣ ਤੇਲ ਹੋਵੇ, ਤੇ ਨਾ ਰਾਧਾ ਨੱਚੇ’।

 


 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO