Punjab News

April 15, 2010

ਰਾਜ ਨਹੀਂ-ਸੇਵਾ ਦਾ ਸ. ਜਸਬੀਰ ਸਿੰਘ ਬੀਰ ਦੇ ਅਸਤੀਫੇ ਨੇ ਕੀਤਾ ਫਰਦਾਫਾਸ਼-ਉਜਾਗਰ ਸਿੰਘ

SUJAGA~1
          
           ਵਰਤਮਾਨ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਗੁੱਡ ਗਵਰਨੈਂਸ, ਪਾਰਦਰਸ਼ਤਾ ਅਤੇ ਰਾਜ ਨਹੀਂ-ਸੇਵਾ, ਨੂੰ ਮੁੱਖ ਮੁੱਦਾ ਬਣਾ ਕੇ ਰਾਜ ਪ੍ਰਬੰਧ ਚਲਾ ਰਹੀ ਸੀ।ਉਹਨਾਂ ਦੇ ਇਸ ਪ੍ਰਬੰਧ ਨੂੰ ਉਸ ਸਮੇਂ ਗਹਿਰਾ ਧੱਕਾ ਲੱਗਾ ਜਦੋਂ ਦੇਸ਼ ਦੀ ਪ੍ਰੀਮਿਅਰ ਸੇਵਾ ਆਈ.ਏ.ਐਸ ਦੇ ਇਕ ਸੀਨੀਅਰ ਅਫਸਰ ਸ. ਜਸਬੀਰ ਸਿੰਘ ਬੀਰ ਨੇ ਇਹ ਕਹਿ ਕੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਕਿ ਉਹਨਾਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਕਰਕੇ ਮਾਨਸਿਕ ਤੌਰ ਤੇ ਹੈਰਾਨ ਪਰੇਸ਼ਾਨ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਵੀ ਦੋ-ਤਿੰਨ ਘਟਨਾਵਾਂ ਅਜਿਹੀਆਂ ਹੋਈਆਂ ਜਿਹਨਾਂ ਨੇ ਸਰਕਾਰ ਦੀ ਪਾਰਦਰਸ਼ਤਾ ਤੇ ਰਾਜ ਨਹੀਂ-ਸੇਵਾ ਦੀ ਨੀਤੀ ਨੂੰ ਗ੍ਰਹਿਣ ਲਗਾ ਦਿੱਤਾ ਸੀ, ਜਿਹਨਾਂ ਵਿਚੋਂ ਲੁਧਿਆਣਾ ਦੇ ਯੂਥ ਲੀਡਰਾਂ ਵੱਲੋਂ ਇਕ ਤਹਿਸੀਲਦਾਰ ਨੂੰ ਸਰੇਆਮ ਕੁੱਟਣਾ, ਫਿਰੋਜ਼ਪੁਰ ਵਿਖੇ ਇਕ ਜੱਜ ਨੂੰ ਅਕਾਲੀ ਲੀਡਰ ਵੱਲੋਂ ਕਚਿਹਰੀ ਵਿੱਚ ਧਮਕਾਉਣਾ ਅਤੇ ਭਾਜਪਾ ਦੇ ਵਰਕਰਾਂ ਨੂੰ ਬਠਿੰਡਾ ਵਿਖੇ ਅਕਾਲੀ ਦਲ ਦੇ ਲੀਡਰ ਵੱਲੋਂ ਕੁੱਟਾਪਾ ਚਾੜਨਾ ਵਰਣਨਯੋਗ ਹਨ।  
 ਸ. ਜਸਬੀਰ ਸਿੰਘ ਬੀਰ ਇਕ ਇਮਾਨਦਾਰ, ਮਿਹਨਤੀ, ਦਲੇਰ, ਸਿਰੜੀ ਅਤੇ ਇਨਸਾਈਅਤ ਦੇ ਮੁਜਸਮਾ ਵਜੋਂ ਜਾਣੇ ਜਾਂਦੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਸਿੱਖਾਂ ਨੂੰ ਵਰਤਮਾਨ ਸਿੱਖੀ ਸਰੂਪ ਦੇਣ ਵਾਲੇ ਪਵਿੱਤਰ ਸਥਾਨ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਨਮ ਲੈਣ ਵਾਲੇ ਸ. ਜਸਬੀਰ ਸਿੰਘ ਬੀਰ ਨੇ ਇਕ ਆਮ ਸਧਾਰਣ ਪਰਿਵਾਰ ਵਿੱਚ ਆਪਣਾ ਜੀਵਨ ਬਤੀਤ ਕੀਤਾ।ਉਹਨਾਂ ਨੂੰ ਪਰਿਵਾਰ ਦੀ ਆਰਥਿਕ ਹਾਲਤ ਕਮਜੋਰ ਹੋਣ ਕਰਕੇ ਕਿਤਾਬਾਂ-ਕਾਪੀਆਂ ਵੀ ਆਪਣੇ ਦੋਸਤਾਂ ਤੋਂ ਉਧਾਰ ਲੈ ਕੇ ਪੜ੍ਹਨੀਆਂ ਪੈਂਦੀਆਂ ਸਨ। ਉਹਨਾਂ ਨ੍ਵੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੋਕਾਂ ਦੇ ਘਰਾਂ ਵਿੱਚ ਅਖ਼ਬਾਰਾਂ ਸੁੱਟਣ ਦਾ ਕੰਮ ਵੀ ਕਰਨਾ ਪਿਆ। ਆਪਣੀ ਲਿਆਕਤ, ਮਿਹਨਤ ਅਤੇ ਸਿਰੜੀ ਇਰਾਦੇ ਕਰਕੇ ਆਰਥਿਕ ਮਜਬੂਰੀਆਂ ਦੇ ਬਾਵਜੂਦ ਵੀ ਉਹ ਪੰਜਾਬ ਸਿਵਲ ਸਕੱਤਰੇਤ ਵਿੱਚ ਸਟੈਨੋ ਦੇ ਤੌਰ ਤੇ ਭਰਤੀ ਹੋ ਗਏ। ਆਪਣੇ ਪਿਤਾ ਦੀ ਪਰਿਵਾਰ ਦੇ ਗੁਜ਼ਾਰੇ ਵਿੱਚ ਮਦਦ ਕਰਨ ਲਈ ਉਹਨਾਂ ਨੂੰ ਕਈ ਤਰ੍ਹਾਂ ਦੇ ਬੇਲਣ ਵੇਲਣੇ ਪਏ। ਗਿਆਨੀ ਜੈਲ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਸ. ਬੀਰ ਨੂੰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮਿਹਨਤੀ ਸੁਭਾਅ ਤੇ ਇਮਾਨਦਾਰੀ ਦੀ ਰੁਚੀ ਨੇ ਉਹਨਾਂ ਨੂੰ ਗਿਆਨੀ ਜੀ ਦੇ ਨਜ਼ਦੀਕਿਆਂ ਵਿੱਚ ਸ਼ਾਮਲ ਕਰ ਦਿੱਤਾ। ਸ. ਬੀਰ ਹਰ ਕੰਮ ਨੂੰ ਮੈਰਿਟ ਤੇ ਕਰਨ ਤੇ ਕਰਵਾਉਣ ਦੇ ਆਦੀ ਹਨ। ਉਹ ਕਿਸੇ ਵਿਅਕਤੀ ਦਾ ਹੱਕ ਮਾਰਨ ਦੇ ਹੱਕ ਵਿੱਚ ਨਹੀਂ ਬਲਕਿ ਉਹ ਲੋਕਾਂ ਦੇ ਹੱਕਾ ਦੀ ਰਖਵਾਲੀ ਕਰਦੇ ਹਨ। ਉਹ ਗਿਆਨੀ ਜੀ ਨੂੰ ਵੀ ਉਹਨਾਂ ਦੀ ਕਾਰਜ਼ਸ਼ੈਲੀ ਵਿੱਚ ਟੋਕ ਦਿੰਦੇ ਸਨ। ਇਕ ਵਾਰ ਗਿਆਨੀ ਜੈਲ ਸਿੰਘ ਨੇ ਆਪਣੀਆਂ ਸਿਆਸੀ ਮਜਬੂਰੀਆਂ ਕਰਕੇ ਸ. ਬੀਰ ਦੇ ਰੋਕਣ ਦੇ ਬਾਵਜੂਦ ਵੀ ਕੋਈ ਗਲਤ ਹੁਕਮ ਕਰ ਦਿੱਤਾ ਤਾਂ ਸ. ਬੀਰ ਨੇ ਗਿਆਨੀ ਜੀ ਦੇ ਦਫ਼ਤਰ ਵਿਖੇ ਨੌਕਰੀ ਤੇ ਜਾਣਾ ਬੰਦ ਕਰ ਦਿੱਤਾ। ਅਖੀਰ 15 ਦਿਨਾਂ ਬਾਅਦ ਗਿਆਨੀ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਮਨਾਇਆ ਅਤੇ ਫਿਰ ਸ. ਬੀਰ ਨੂੰ ਪੀ.ਸੀ.ਐਸ. ਨਾਮਜਦ ਕਰ ਦਿੱਤਾ। ਫਿਰ ਅਸਲ ਮਾਅਨਿਆਂ ਵਿੱਚ ਸ. ਬੀਰ ਦਾ ਲੋਕ ਸੇਵਾ ਦਾ ਕੰਮ ਸ਼ੁਰੂ ਹੋਇਆ। ਫਿਰ 1989 ਵਿੱਚ ਪੀ.ਸੀ.ਐਸ. ਤੋਂ ਆਈ.ਏ.ਐਸ.ਬਣ ਗਏ।ਜਿਹੜੇ ਵੀ ਅਹੁਦੇ ਤੇ ਸ. ਬੀਰ ਰਹੇ ਉਹਨਾਂ ਨੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ।ਅੰਮ੍ਰਿਤਸਰ ਅਤੇ ਜਲੰਧਰ ਵਿਖੇ ਨਗਰ ਨਿਗਮਾਂ ਦੇ ਬਤੌਰ ਕਮਿਸ਼ਨਰ ਕੀਤੇ ਕੰਮਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਪਟਿਆਲਾ ਡਵੀਜ਼ਨ ਰਹਿ ਕੇ ਜੋ ਉਹਨਾਂ ਨੇ ਨਾਮਣਾਂ ਖੱਟਿਆ ਉਸ ਲਈ ਪਟਿਆਲਾ ਦੇ ਲੋਕ ਹਮੇਸ਼ਾਂ ਉਹਨਾਂ ਦੇ ਰਿਣੀ ਰਹਿਣਗੇ। ਪਟਿਆਲਾ ਵਿਖੇ ਬਾਰਾਂਦਰੀ ਦੀ ਨੁਹਾਰ ਬਦਲ ਕੇ ਇਕ ਮਹੱਤਵਪੂਰਨ ਕੰਮ ਕੀਤਾ। ਬਾਰਾਂਦਰੀ ਵਿੱਚ ਸਥਾਪਤ ਹੈਰੀਟੇਜ਼ ਹੋਟਲ ਵੱਲੋਂ ਬਾਰਾਂਦਰੀ ਦੇ ਵਿਚਕਾਰ ਜਾਂਦੇ ਰਸਤੇ ਤੇ ਕਬਜ਼ਾ ਕਰਨ ਨੂੰ ਉਹਨਾਂ ਨੇ ਪਟਿਆਲਾ ਦੇ ਸ਼ਹਿਰੀਆਂ ਦੇ ਹਿੱਤਾਂ ਨੂੰ ਕਬਜ਼ਾ ਕਰਨਾ ਸਮਝਿਆ ਅਤੇ ਲੋਕਾਂ ਨੂੰ ਲਾਮਵੰਦ ਕਰਕੇ ਇਸ ਰਸਤੇ ਨੂੰ ਖੁਲ੍ਹਵਾਉਣ ਦੀ ਬੇਹਦ ਕੋਸ਼ਿਸ਼ ਕੀਤੀ ਜਿਹੜੀ ਕਿ ਉਹਨਾਂ ਦੀ ਬਦਲੀ ਦਾ ਕਾਰਨ ਬਣੀ।ਉਹਨਾਂ ਦੀ ਬਦਲੀ ਦਾ ਦੂਜਾ ਸਭ ਤੋਂ ਵੱਡਾ ਕਾਰਨ ਡਵੀਜ਼ਨਲ ਕਮਿਸ਼ਨਰ ਹੁੰਦਿਆਂ ਵਰਤਮਾਨ ਮੁੱਖ ਮੰਤਰੀ ਦੀ ਇਕ ਟਰਾਂਸਪੋਰਟ ਕੰਪਨੀ ਵੱਲੋਂ ਕਥਿਤ ਤੌਰ ਤੇ ਮੁਹਾਲੀ ਦੇ ਤਿੰਨ ਫੇਜ਼ ਵਿੱਚ ਰਿਹਾਇਸ਼ੀ ਵਸੋਂ ਦੇ ਸਾਹਮਣੇ ਬੱਸਾਂ ਖੜਾਉਣਾ ਤੇ ਡਰਾਈਵਰਾਂ-ਕੰਡਕਟਰਾਂ ਵੱਲੋਂ ਪਬਲਿਕ ਪਲੇਸ ਤੇ ਬੈਠ ਕੇ ਸ਼ਰਾਬਾਂ ਪੀਣੀਆਂ, ਨੂੰ ਲੋਕਾਂ ਵੱਲੋਂ ਆਵਾਜ਼ ਉਠਾਉਣ ਤੇ ਉਹਨਾਂ ਨੇ ਹੁਕਮ ਕਰ ਦਿੱਤੇ ਕਿ ਇਹ ਬੱਸਾਂ ਇੱਥੇ ਨਹੀਂ ਖੜਨਗੀਆਂ। ਭਾਵੇਂ ਉਹਨਾਂ ਦੇ ਇਹਨਾਂ ਹੁਕਮਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲਾਗੂ ਨਹੀਂ ਕੀਤਾ।ਸ. ਬੀਰ ਨੇ ਮੁੱਖ ਮੰਤਰੀ ਨੂੰ ਮਿਲ ਕੇ ਸ਼ਪਸ਼ੱਟ ਕੀਤਾ ਕਿ ਲੋਕ ਹਿੱਤ ਵਿੱਚ ਬੱਸਾਂ ਦਾ ਇੱਥੇ ਖੜਨਾ ਜਾਇਜ਼ ਨਹੀਂ।ਇਸ ਸਬੰਧੀ ਮੁੱਖ ਸਕੱਤਰ ਨੂੰ ਵੀ ਸਾਰੀ ਜਾਣਕਾਰੀ ਦਿੱਤੀ ਗਈ।ਸਰਕਾਰ ਇਹਨਾਂ ਹੁਕਮਾਂ ਤੇ ਖਫਾ ਹੋ ਗਈ। ਇਸ ਲਈ ਤੁਰੰਤ ਉਹਨਾਂ ਦੀ ਬਦਲੀ ਕਰਕੇ ਇਕ ਬਹੁਤ ਛੋਟੀ ਪੋਸਟ ਡਾਇਰੈਕਟਰ ਸੱਭਿਆਚਾਰਕ ਮਾਮਲੇ ਨਿਯੁਕਤ ਕਰ ਦਿੱਤਾ ਗਿਆ ਜਿੱਥੇ ਜਦੋਂ ਉਹ ਆਪਣੇ ਅਹੁਦੇ ਦਾ ਕਾਰਜ਼ਭਾਰ ਲੈਣ ਲਈ ਗਏ ਤਾਂ ਪ੍ਰਿੰਸੀਪਲ ਸਕੱਤਰ ਨੇ ਉਹਨਾਂ ਨੂੰ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ ਕਿਉਂਕਿ ਉਹ ਸ. ਬੀਰ ਵੱਲੋ ਬਾਰਾਂਦਰੀ ਦਾ ਰਸਤਾ ਖੁਲ੍ਹਵਾਉਣ ਲਈ ਕੀਤੇ ਗਏ ਕੰਮਾਂ ਤੋਂ ਖਫਾ ਸੀ। ਇਸ ਤੋਂ ਬਾਅਦ ਉਹਨਾਂ ਨੂੰ ਸਕੱਤਰ ਜਨਰਲ ਐਡਮਨੀਸਟ੍ਰੇਸ਼ਨ ਲਗਾ ਦਿੱਤਾ ਗਿਆ।ਇਹ ਅਹੁਦਾ ਵੀ ਸਿਰਫ ਸਿਵਲ ਸਕੱਤਰ ਦੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਤੱਕ ਹੀ ਸੀਮਤ ਸੀ।
 ਸ. ਜਸਬੀਰ ਸਿੰਘ ਬੀਰ ਨੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਰਹਿੰਦੀਆਂ ਸੱਤਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਅਧਿਕਾਰੀਆਂ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਤੇ ਖੁਦ ਮੋਨੀਟਰਿੰਗ ਕਰਦੇ ਰਹੇ। ਉਹ ਲੋਕਾਂ ਨੂੰ ਉਹਨਾਂ ਦੇ ਸੇਵਕ ਦੇ ਤੌਰ ਤੇ ਮਿਲਦੇ ਰਹੇ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਦਫ਼ਤਰਾਂ ਵਿੱਚ ਸਮਾਂ ਨਿਸ਼ਚਿਤ ਕਰ ਦਿੱਤਾ। ਸ. ਬੀਰ ਆਪਣੇ ਸਰਵਿਸ ਦੇ ਸਾਰੇ ਕੈਰੀਅਰ ਵਿੱਚ ਬਤੌਰ ਅਫਸਰ ਨਹੀਂ ਸਗੋਂ ਇਕ ਨਮਰ ਸੇਵਕ ਦੇ ਤੌਰ ਤੇ ਕੰਮ ਕਰਦੇ ਰਹੇ। ਇੱਥੇ ਦੁੱਖ ਦੀ ਗੱਲ ਇਹ ਹੈ ਕਿ ਰਾਜ ਨਹੀਂ ਸੇਵਾ ਦਾ ਗੁਰ ਮੰਤਰ ਸਰਕਾਰ ਨੇ ਸ. ਬੀਰ ਦੀ ਕਾਰਜ਼ਸ਼ੈਲੀ ਤੋਂ ਚੋਰੀ ਕਰਕੇ ਆਪਣਾ ਬਣਾ ਲਿਆ। ਇਹੀ ਗੁਰਮੰਤਰ ਸ. ਜਸਬੀਰ ਸਿੰਘ ਬੀਰ ਦੇ ਗਲੇ ਦੀ ਹੱਡੀ ਬਣ ਗਿਆ।ਅਫਸਰ ਜਿਹਨਾਂ ਵਿੱਚ ਡਿਪਟੀ ਕਮਿਸ਼ਨਰ ਤੇ ਡਵੀਜ਼ਨਲ ਕਮਿਸ਼ਨਰ ਸ਼ਾਮਲ ਸਨ ਉਹ ਆਪਣੇ ਰਿਹਾਇਸ਼ੀ ਘਰਾਂ ਵਿੱਚ ਕੈਂਪ ਆਫਿਸ ਬਣਾ ਕੇ ਆਪਣੇ ਘਰ ਦਾ ਬਿਜਲੀ ਦਾ ਸਾਰਾ ਖਰਕੈਂਪ ਆਫਿਸ ਦੇ ਨਾ ਪਾ ਕੇ 25-25 ਹਜ਼ਾਰ ਦੇ ਬਿਲ ਭਰਦੇ ਰਹੇ ਜਿਸ ਨੂੰ ਵੀ ਸ. ਬੀਰ ਵੱਲੋਂ ਬੰਦ ਕਰਵਾ ਦਿੱਤਾ ਗਿਆ।ਸ. ਬੀਰ ਦੀ ਇਮਾਨਦਾਰੀ ਅਤੇ ਨਿਰਪੱਖਤਾ ਦੀ ਇਕ ਉਦਾਰਣ ਦੇਣੀ ਚਾਹਾਂਗਾ ਕਿਉਂਕਿ ਮੈਂ ਉਹਨਾਂ ਨਾਲ ਬਤੋਰ ਲੋਕ ਸੰਪਰਕ ਅਫਸਰ ਕਾਫੀ ਲੰਮਾ ਸਮਾਂ ਕੰਮ ਕੀਤਾ ਹੈ।ਇਕ ਵਾਰ ਜਦੋਂ ਉਹ ਸਕੱਤਰ ਪਰਸੋਨਲ ਸਨ ਤਾਂ ਸਰਕਾਰ ਵੱਲੋ ਜਬਾਨੀ ਹਦਾਇਤਾਂ ਆਈਆਂ ਕਿ ਇਕ ਸੀਨੀਅਰ ਆਈ.ਪੀ.ਐਸ. ਅਧਿਕਾਰੀ ਦੇ ਰਿਹਾਇਸ਼ੀ ਘਰ ਦੇ ਲੱਖਾਂ ਰੁਪਏ ਦੇ ਕਿਰਾਏ ਮੁਆਫ ਕਰਨ ਦਾ ਕੇਸ ਬਣਾ ਕੇ ਭੇਜਿਆ ਜਾਵੇ ਸ. ਬੀਰ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜੇ ਅਜਿਹੇ ਕਿਰਾਏ ਮੁਆਫ ਕਰਨੇ ਹਨ ਤਾਂ ਸਾਰੇ ਅਧਿਕਾਰੀਆਂ ਦੇ ਕੀਤੇ ਜਾਣ ਕਿਸੇ ਇਕ ਚੋਣਵੇਂ ਅਧਿਕਾਰੀ ਦਾ ਨਹੀਂ।ਸਰਕਾਰ ਦੀ ਨਾਰਾਜ਼ਗੀ ਵੱਧਦੀ ਗਈ। ਉਹਨਾਂ ਨੂੰ ਬਿਨਾਂ ਵਜ੍ਹਾ ਜਲੀਲ ਕਰਨਾ ਸ਼ੁਰੂ ਕਰ ਦਿੱਤਾ।ਇਕ ਵਾਰ ਸਰਕਟ ਹਾਊਸ ਪਟਿਆਲਾ ਵਿਖੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਅਧਿਕਾਰੀਆਂ ਅਤੇ ਅਕਾਲੀ ਦਲ ਦੇ ਲੀਡਰਾਂ ਲਈ ਇਕ ਡਿਨਰ ਦਾ ਆਯੋਜਨ ਕੀਤਾ।ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦੀ ਕਾਰ ਨੂੰ ਤਾਂ ਸਰਕਟ ਹਾਊਸ ਵਿੱਚ ਜਾਣ ਦਿੱਤਾ ਗਿਆ ਪ੍ਰੰਤੂ ਸ. ਜਸਬੀਰ ਸਿੰਘ ਬੀਰ ਦੀ ਗੱਡੀ ਨੂੰ ਗੇਟ ਤੇ ਰੋਕ ਕੇ ਉਹਨਾਂ ਨੂੰ ਪੈਦਲ ਹੀ ਅੰਦਰ ਜਾਣ ਲਈ ਕਿਹਾ ਗਿਆ।ਸ. ਜਸਬੀਰ ਸਿੰਘ ਬੀਰ ਦੀ ਮਾਨਸਿਕਤਾ ਦਾ ਪਤਾ ਉਹਨਾਂ ਵੱਲੋਂ ਦਿੱਤੇ ਗਏ ਪਰੋਟੈਸਟ ਅਸਤੀਫੇ ਦੇ ਨੋਟਿਸ ਤੋਂ ਸਾਫ ਹੋ ਜਾਂਦਾ ਹੈ। ਉਹਨਾਂ ਆਪਣੇ ਨੋਟਿਸ ਵਿੱਚ ਕਿਹਾ ਹੈ ਕਿ ਉਹਨਾਂ ਨੂੰ ਲੋਕ ਹਿੱਤ ਵਿੱਚ ਨਿਭਾਈ ਡਿਊਟੀ ਕਾਰਨ ਅਪਮਾਨਿਤ ਹੋਣਾ ਪਿਆ ਹੈ ਅਤੇ ਉਹ ਵਰਤਮਾਨ ਪ੍ਰਸ਼ਾਸ਼ਨਿਕ ਪ੍ਰਣਾਲੀ ਵਿੱਚ ਹੋਰ ਰਹਿ ਕੇ ਦਰਦ ਸਹਿਣ ਦੀ ਹਾਲਤ ਵਿੱਚ ਨਹੀਂ ਹਨ।ਉਹਨਾਂ ਅੱਗੋ ਨੋਟਿਸ ਵਿੱਚ ਕਿਹਾ ਕਿ ਉਹ ਆਪਣੀ ਸਿਵਲ ਸੇਵਾ ਦੇ ਢਲਦੇ ਸੂਰਜ ਦੇ ਬਾਕੀ ਰਹਿੰਦੇ ਕੁੱਝ ਆਖਰੀ ਪਲਾਂ ਦੌਰਾਨ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਰਹੇ ਹਨ ਪ੍ਰੰਤੂ ਤਸੱਲੀ ਹੈ ਕਿ ਇਹ ਸੇਵਾ ਮੁਕਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਨਾ ਦੇ ਦਿਵਸ ਤੇ ਉਹਨਾਂ ਵੱਲੋਂ ਵਿਖਾਏ ਰਾਹ ਤੇ ਚਲਦਿਆਂ ਇਹ ਫੈਸਲਾ ਕੀਤਾ ਹੈ। ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਆਪਣੀ ਸੇਵਾਵਾਂ ਦੇ ਆਖਰੀ ਪੜ੍ਹਾਵਾਂ ਦੇ ਮੌਜੂਦਾ ਸਰਕਾਰ ਦੇ ਸ਼ਾਸ਼ਨ ਦੌਰਾਨ ਕੋਈ ਅਜਿਹੀ ਘੜੀ ਆਵੇਗੀ ਕਿ ਜਦੋਂ ਉਹ ਇੰਨੇ ਮਜਬੂਰ, ਲਾਚਾਰ ਅਤੇ ਬੇਬਸ ਹੋ ਜਾਣਗੇ। ਇਸ ਲਈ ਉਹ ਸਮੇਂ ਤੋ ਪਹਿਲਾਂ ਸੇਵਾ ਮੁਕਤੀ ਲੈ ਰਹੇ ਹਨ। ਅਸਲ ਗੱਲ ਤਾਂ ਇਹ ਹੈ ਕਿ ਸ. ਬੀਰ ਵੱਲੋ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਨਿਭਾਈ ਡਿਊਟੀ ਹੀ ਉਹਨਾਂ ਦੇ ਰਾਹ ਦਾ ਰੋੜਾ ਬਣੀ।ਇੱਥੇ ਹੋਰ ਉਦਾਹਰਣ ਸ. ਬੀਰ ਦੀ ਕਾਰਜ਼ਕੁਸ਼ਲਤਾ ਦੀ ਦੇਣਾ ਚਾਹੁੰਦਾ ਹਾਂ ਕਿ ਜਦੋਂ ਉਹਨਾਂ ਨੂੰ ਚੰਡੀਗੜ੍ਹ ਪ੍ਰਸਾਸ਼ਨ ਵਿੱਚ ਬਤੌਰ ਐਮ.ਡੀ. ਸਿਟਕੋ ਲਗਾਇਆ ਗਿਆ ਤਾਂ ਹੋਟਲ ਮਾਉਂਟਵਿਊ ਕਰੋੜਾ ਰੁਪਏ ਦੇ ਘਾਟੇ ਵਿੱਚ ਚੱਲ ਰਿਹਾ ਸੀ। ਰਾਜਪਾਲ ਪੰਜਾਬ ਇਸ ਹੋਟਲ ਨੂੰ ਘਾਟੇ ਕਰਕੇ ਬੰਦ ਕਰਨਾ ਚਾਹੁੰਦੇ ਸਨ। ਸ. ਬੀਰ ਨੇ ਇਸ ਹੋਟਲ ਦੇ ਸੁਧਾਰ ਲਈ ਛੇ ਮਹੀਨੇ ਦਾ ਸਮਾਂ ਮੰਗਿਆ ਜਿਸ ਸਮੇਂ ਦੌਰਾਨ ਹੋਟਲ ਨੂੰ ਆਪਣੀ ਪ੍ਰਬੰਧਕੀ ਇਮਾਨਦਾਰੀ ਅਤੇ ਕਾਰਜ਼ਕੁਸ਼ਲਤਾ ਨਾਲ 150 ਕਰੋੜ ਰੁਪਏ ਦੇ ਮੁਨਾਫੇ ਵਿੱਚ ਲੈ ਆਂਦਾ।ਇਸ ਤੋਂ ਖੁਸ਼ ਹੋ ਕੇ ਉਸ ਸਮੇਂ ਦੇ ਰਾਜਪਾਲ ਸ਼੍ਰੀ ਰੌਡਰਿਕਸ ਨੇ ਚੰਡੀਗੜ੍ਹ ਪ੍ਰਸਾਸ਼ਨ ਦੇ ਅਧਿਕਾਰੀਆਂ ਦੀ ਮੀਟਿੰਗ ਵਿੱਚ ਸ. ਬੀਰ ਦੀ ਪ੍ਰੰਸ਼ਸ਼ਾ ਕਰਦਿਆਂ ਕਿ ਉਹ ਇਕ ਜਨਰਲ ਹੋਣ ਦੇ ਨਾਤੇ ਸ. ਬੀਰ ਵੱਲੋਂ ਕੀਤੇ ਗਏ ਕੰਮ ਦੇ ਸਤਿਕਾਰ ਵਜੋਂ ਉਹਨਾਂ ਨੂੰ ਸੈਲਯੂਟ ਕਰਦੇ ਹਨ ਅਤੇ ਉਹਨਾਂ ਪ੍ਰੈਕਟੀਕਲ ਤੌਰ ਤੇ ਮੀਟਿੰਗ ਵਿੱਚ ਆਪਣੀ ਸੀਟ ਤੋਂ ਖੜੇ ਹੋ ਕੇ ਸ. ਬੀਰ ਨੂੰ ਸੈਲਯੂਟ ਕੀਤਾ।ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਵੋ ਕਿ ਅਜਿਹੇ ਇਮਾਨਦਾਰ ਅਧਿਕਾਰੀ ਨਾਲ ਜੇਕਰ ਸਰਕਾਰ ਅਜਿਹਾ ਸਲੂਕ ਕਰ ਰਹੀ ਹੈ ਤਾਂ ਇਮਾਨਦਾਰ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਮਨੋਬਲ ਗਿਰ ਜਾਵੇਗਾ ਤੇ ਪ੍ਰਸ਼ਾਸ਼ਨ ਵਿੱਚ ਹੋਰ ਕਮਜ਼ੋਰੀ ਆਵੇਗੀ।
 ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਅੰਤਰ ਰਾਸ਼ਟਰੀ ਕਬੱਡੀ ਮੈਚ ਕਰਵਾ ਕੇ ਜਿਹੜਾ ਨਾਮਣਾਂ ਖੱਟਿਆ ਸੀ ਸ. ਬੀਰ ਦੇ ਅਸਤੀਫੇ ਨੇ ਉਸ ਨੂੰ ਗ੍ਰਹਿਣ ਲਗਾ ਦਿੱਤਾ ਹੈ। ਜੇਕਰ ਵਰਤਮਾਨ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਚਲਦੀਆਂ ਰਹੀਆਂ ਤਾਂ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਰਹੇਗਾ ਜਿਸ ਦੇ ਨਤੀਜੇ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਭੁਗਤਣੇ ਪੈਣਗੇ। ਸਰਕਾਰ ਚਲਾ ਰਹੇ ਉਪ ਮੁੱਖ ਮੰਤਰੀ ਨੂੰ ਆਪਣੇ ਤੌਰ ਤਰੀਕੇ ਬਦਲਣੇ ਪੈਣਗੇ ਨਹੀਂ ਤਾਂ ਲੋਕਾਂ ਦਾ ਲੋਕਤੰਤਰ ਵਿਚੋਂ ਵਿਸ਼ਵਾਸ਼ ਉਠ ਜਾਵੇਗਾ



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO