Punjab News

April 18, 2010

ਚੱਲ ਚੱਲੀਏ ਜਰਗ ਦੇ ਮੇਲੇ-ਦਰਸ਼ਨ ਸਿੰਘ ਕਿੰਗਰਾ, ਬੇਕਰਸਫੀਲਡ

kingra

ਮੇਲੇ ਸਮਾਜਿਕ ਮੇਲ-ਜੋਲ ਦਾ ਪ੍ਰਾਚੀਨ ਤੇ ਉ¤ਤਮ ਸਾਧਨ ਹਨ। ਇਹ ਪੰਜਾਬੀਆਂ ਦੇ ਮਨ ਪਰਚਾਵੇ ਦੇ ਵੱਡੇ ਸਾਧਨ ਹਨ। ਜੇ ਮੇਲੇ ਨਾ ਹੁੰਦੇ ਤਾਂ ਪੰਜਾਬੀ ਹੁਣ ਵਾਂਗ ਖੁੱਲ੍ਹ ਦਿਲੇ ਤੇ ਰੰਗੀਲੇ ਸੁਭਾਅ ਦੇ ਨਾ ਹੁੰਦੇ। ਪੰਜਾਬ ਵਿਚ ਮੇਲੇ ਲਾਉਣ ਦਾ ਰਿਵਾਜ ਸਭ ਤੋਂ ਪਹਿਲਾਂ ਨਾਥ ਜੋਗੀਆਂ ਨੇ ਪਾਇਆ। ਹੌਲੀ ਹੌਲੀ ਮੇਲੀਆਂ ਦੀ ਗਿਣਤੀ ਵਧਦੀ ਗਈ, ਲੋਕ ਦੋ ਚਾਰ ਦਿਨ ਯਾਰਾਂ ਬੇਲੀਆਂ ਨਾਲ ਰਲ ਮਿਲ ਕੇ, ਆਪਣੇ ਚਾਅ ਪੂਰੇ ਕਰਨ ਲੱਗੇ। ਇਨ੍ਹਾਂ ਮੇਲਿਆਂ ਵਿਚ ਹਰ ਪ੍ਰਕਾਰ ਦੇ ਬੰਦੇ ਇਕ ਥਾਂ ਇਕੱਠੇ ਹੋ ਕੇ ਆਨੰਦ ਮਾਨਣ ਲੱਗੇ। ਉਨ੍ਹਾਂ ਦੀ ਅਜਿਹੀ ਏਕਤਾ ਨੂੰ ਦੇਖ ਕੇ ਹੀ ਸਿਆਣਿਆਂ ਨੇ ਕਿਹਾ ਹੈ:
ਆਸ਼ਾ, ਇਸ਼ਟ, ਉਪਾਸ਼ਨਾ, ਖਾਨ ਪਾਨ, ਪਹਿਰਾਨ।
ਇਹ ਖਟ ਜਾਂ ਨਰ ਕੇ ਮਿਲੈ ਤਾਂ ਕਉਂ ਮਿਲਿਆ ਜਾਨ।
ਆਪਣੇ ਰੁਝੇਵਿਆਂ ਤੇ ਸੰਘਰਸ਼ ਭਰੇ ਜੀਵਨ ਵਿਚ ਰੰਗ ਤੇ ਰਸ ਭਰਨ ਲਈ ਪੰਜਾਬੀ ਸਾਰਾ ਸਾਲ ਮੇਲੇ ਤੇ ਉਤਸਵ ਮਨਾਉਂਦੇ ਰਹਿੰਦੇ ਹਨ। ਸਥਾਨ ਵਜੋਂ ਮੇਲੇ ਦੋ ਪ੍ਰਕਾਰ ਦੇ ਹੁੰਦੇ ਹਨ, ਸਥਾਨਕ ਤੇ ਪ੍ਰਦੇਸ਼ਕ। ਸਥਾਨਕ ਮੇਲੇ ਉਹ ਹਨ, ਜਿਹਨਾਂ ਦੀ ਮਹਾਨਤਾ ਕਿਸੇ ਖਾਸ ਸਥਾਨ ਦੇ ਸੀਮਤ ਦਾਇਰੇ ਤੱਕ ਹੀ ਹੈ, ਪ੍ਰੰਤੂ ਪ੍ਰਦੇਸ਼ਕ ਮੇਲੇ ਉਹ ਹਨ ਜਿਹੜੇ ਸਾਰੇ ਪੰਜਾਬ ਵਿਚ ਥਾਂ ਥਾਂ ਲੱਗਦੇ ਹਨ ਜਿਵੇਂ ਵਿਸਾਖੀ ਦਾ ਮੇਲਾ। ਪੰਜਾਬ ਵਿਚ ਕਈ ਪ੍ਰਕਾਰ ਦੇ ਮੇਲੇ ਲੱਗਦੇ ਹਨ, ਜਿਵੇਂ ਵਪਾਰਕ ਮੇਲੇ, ਧਾਰਮਿਕ ਮੇਲੇ, ਮੌਸਮੀ, ਰਾਜਨੀਤਿਕ ਤੇ ਵਿਦਿਅਕ ਮੇਲੇ। ਮੇਲਿਆਂ ਤੇ ਤਿਉਹਾਰਾਂ ਦਾ ਇਹ ਕਾਫਲਾ ਸਾਰਾ ਸਾਲ ਨਿਰੰਤਰ ਤੁਰਦਾ ਰਹਿੰਦਾ ਹੈ।
ਪੰਜਾਬ ਦਾ ਜਨ ਜੀਵਨ ਮੇਲਿਆਂ ਤੇ ਉਤਸਵਾਂ ਨਾਲ ਭਰਿਆ ਪਿਆ ਹੈ। ਇਹ ਮੇਲੇ ਪੰਜਾਬੀਆਂ ਦੇ ਜੀਵਨ ਵਿਚ ਖੇੜੇ ਤੇ ਖੁਸ਼ੀਆਂ ਵਰਤਾਉਂਦੇ ਹਨ:-
ਇਹ ਧਰਤੀ ਮੇਲੇ ਵੰਡਦੀ ਪਈ ਥਾਂ ਥਾਂ ਮੇਲੇ ਲਾ।
ਫਿਰ ਰੀਝਾਂ ਗਿੱਧੇ ਪੌਂਦੀਆਂ ਅਤੇ ਭੰਗੜੇ ਪਾਉਂਦੇ ਚਾ।
ਪੁਰਾਣੇ ਸਮਿਆਂ ਵਿਚ ਗੱਭਰੂ ਚਾਲੀ ਚਾਲੀ, ਪੰਜਾਹ ਪੰਜਾਹ ਕੋਹ ਤੋਂ, ਦੋ ਤਿੰਨ ਦਿਨ ਚੰਗੀ ਚੂਰੀ, ਪੰਜੀਰੀ ਜਾਂ ਮਿੱਠੀਆਂ ਰੋਟੀਆਂ ਲੜ ਬੰਨ੍ਹ ਕੇ ਆਪਣੇ ਹਾਣੀਆਂ ਦੀਆਂ ਢਾਣੀਆਂ ਬਣਾ ਕੇ, ਹੱਥਾਂ ਵਿਚ ਡਾਂਗਾਂ ਫੜੀ, ਬੱਕਰੇ ਬੁਲਾਉਂਦੇ ਤੇ ਬੋਲੀਆਂ ਪਾਉਂਦੇ ਮੇਲਾ ਦੇਖਣ ਜਾਂਦੇ:-
ਸਾਡੇ ਪਿੰਡ ਦੇ ਮੁੰਡੇ ਦੇਖ ਲਓ, ਜਿਉਂ ਹਾਰਾਂ ਦੀਆਂ ਲੜੀਆਂ।
ਕੱਠੇ ਹੋ ਕੇ ਜਾਂਦੇ ਮੇਲੇ ਨੂੰ, ਡਾਂਗਾਂ ਰੱਖਦੇ ਖੜੀਆਂ।
ਕਾਲੀ ਕੁੜੀ ਨਾਲ ਵਿਆਹ ਨਾ ਕਰਾਉਂਦੇ, ਵਿਆਹ ਕੇ ਲਿਆਉਂਦੇ ਪਰੀਆਂ
ਵੇਲਾ ਧਰਮ ਦੀਆਂ ਵਿਚ ਦਰਗਾਹੇ ਹਰੀਆਂ…
ਮੇਲੇ ਦੇ ਨੇੜੇ ਪਹੁੰਚ ਕੇ ਗੱਭਰੂਆਂ ਦੇ ਚਿਹਰੇ ਤੇ ਖੁਸ਼ੀ ਨਾਲ ਗਿੱਠ ਗਿੱਠ ਲਾਲੀਆਂ ਚੜ੍ਹ ਜਾਂਦੀਆਂ।
ਗੱਭਰੂ ਮੇਲਿਆਂ ਵਿਚ ਹੋਣ ਵਾਲੇ ਘੋਲਾਂ, ਕਬੱਡੀ, ਸੌਂਚੀ ਪੱਕੀ, ਰੱਸਾਕਸ਼ੀ ਤੇ ਹਲਟੀ ਫੇਰਨ ਦੇ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ । ਹਾਰ ਦੀ ਬਦਨਾਮੀ ਤੋਂ ਡਰਦੇ ਉਹ ਮੁਗਦਰਾਂ ਨੂੰ ਤੋਲ ਤੋਲ ਕੇ ਡੌਲੇ ਨਰੋਏ ਕਰਦੇ, ਦੋ ਦੋ ਮਣ ਦੀਆਂ ਅਹਿਰਣਾਂ ਦੇ ਬਾਲੇ ਕੱਢਦੇ, ਗੋਲੇ ਸੁੱਟ ਸੁੱਟ ਕੇ ਸਰੀਰ ਨੂੰ ਸਾਧਦੇ, ਭਾਰੀਆਂ ਭਾਰੀਆਂ ਮੂੰਗਲੀਆਂ ਨੂੰ ਫੇਰਦੇ ਤੇ ਤਿੰਨ ਤਿੰਨ ਮਣ ਪੱਕੇ ਦੀਆਂ ਬੋਰੀਆਂ ਨੂੰ ਪਿੱਠ ਉਤੋਂ ਦੀ ਉਲੱਦ ਉਲੱਦ ਕੇ ਕਸਰਤ ਕਰਦੇ। ਮਾਲਸ਼ਾਂ ਕਰ ਕਰ ਕੇ ਆਪਣੇ ਰਿਸ਼ਟ ਪੁਸ਼ਟ ਸਰੀਰਾਂ ਨੁੰ ਲਿਸ਼ਕਾਉਂਦੇ ਤੇ ਡੰਡ ਬੈਠਕਾਂ ਲਾ ਕੇ ਆਪਣੇ ਘੁੱਗੀਆਂ ਵਾਲੇ ਪੱਟਾਂ ਅਤੇ ਡੌਲਿਆਂ ਨੂੰ ਹੋਰ ਮਜ਼ਬੂਤ ਬਣਾਉਂਦੇ:-
ਲਿਸ਼ਕਦੇ ਨੇ ਪਿੰਡੇ, ਗੁੰਨੇ ਹੋੲੈ ਤੇਲ ਦੇ।
ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ।
ਗਿੱਧੇ, ਭੰਗੜੇ ਤੇ ਗਤਕੇਬਾਜ਼ੀ ਦੇ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਚੋਬਰ ਵੀ ਦਿਨ ਰਾਤ ਇਕ ਕਰ ਦਿੰਦੇ ਤੇ ਤਿਆਰੀ ਵਿਚ ਕੋਈ ਕਸਰ ਬਾਕੀ ਨਾ ਛੱਡਦੇ।
ਪੰਜਾਬ ਵਿਚ ਅਨੇਕਾਂ ਮੇਲੇ ਲੱਗਦੇ ਹਨ, ਜਿਹਨਾਂ ਵਿਚੋਂ ਜਰਗ ਦਾ ਮੇਲਾ, ਛਪਾਰ ਦਾ ਮੇਲਾ, ਜਗਰਾਵਾਂ ਦੀ ਰੌਸ਼ਨੀ ਤੇ ਮੁਕਤਸਰ ਦਾ ਮੇਲਾ ਪ੍ਰਮੁੱਖ ਹਨ। ਪੰਜਾਬ ਵਿਚ ਲੱਗਣ ਵਾਲੀਆਂ ਪਸ਼ੂਆਂ ਦੀਆਂ ਮੰਡੀਆਂ ਵਿਚੋਂ ਜਿਵੇਂ ਜੈਤੋ ਦੀ ਮੰਡੀ ਪ੍ਰਸਿੱਧ ਹੈ, ਇਸੇ ਤਰ੍ਹਾਂ ਹੀ ਮੇਲਿਆਂ ਵਿਚੋਂ ਜਰਗ ਦਾ ਮੇਲਾ ਵਿਸ਼ੇਸ਼ ਸਥਾਨ ਰੱਖਦਾ ਹੈ।
ਇਕ ਮੰਡੀ ਜੈਤੋ ਲੱਗਦੀ, ਇਕ ਲੱਗਦਾ ਜਰਗ ਦਾ ਮੇਲਾ…
ਜਰਗ ਦਾ ਮੇਲਾ ਚੇਤ ਦੇ ਪਹਿਲੇ ਮੰਗਲਵਾਰ ਨੂੰ ਜਰਗ ਪਿੰਡ ਵਿਚ ਸੀਤਲਾ ਦੇਵੀ ਨੂੰ ਪਤਿਆਉਣ ਲਈ ਲੱਗਦਾ ਹੈ। ਇਸ ਨੂੰ ਬਾਸੜੀਏ ਜਾਂ ਬਾਹੀੜਿਆਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਮਾਤਾ ਦੇ ਭਗਤ ਮਾਤਾ ਰਾਣੀ ਦੀਆਂ ਭੇਟਾਂ ਗਾਉਂਦੇ ਤੇ ਮਾਤਾ ਦੇ ਥਾਨਾਂ ਤੇ ਗੁਲਗੁਲਿਆਂ ਦਾ ਚੜ੍ਹਾਵਾ ਚੜ੍ਹਾਉਂਦੇ ਹਨ। ਇਸ ਸਥਾਨ ਦੀ ਘੁਮਿਆਰੀ ਪੁਜਾਰਨ ਹੁੰਦੀ ਹੈ, ਜਿਸ ਨੇ ਲਾਲ ਰੰਗ ਦੇ ਕੱਪੜੇ ਪਹਿਨੇ ਹੁੰਦੇ ਹਨ ਤੇ ਬਾਹਾਂ ਵਿਚ ਚੂੜਾ ਹੁੰਦਾ ਹੈ, ਜਿਹੜੇ ਸ਼ਰਧਾਲੂ ਦੇਵੀ ਦੀ ਪੂਜਾ ਲਈ ਇੱਥੇ ਆਉਂਦੇ ਹਨ, ਉਹਨਾਂ ਦੇ ਹੱਥਾਂ ਵਿਚ ਭਿੱਜੇ ਹੋਏ ਛੋਲੇ, ਮੋਠ ਤੇ ਬਾਜਰੇ ਨਾਲ ਭਰੀਆਂ ਹੋਈਆਂ ਗੜਵੀਆਂ ਹੁੰਦੀਆਂ ਹਨ, ਜਿਹਨਾਂ ਨੂੰ ਉਹ ਪੁਜਾਰਨ ਦੇ ਸਾਹਮਣੇ ਉਲਟ ਕੇ ਢੇਰੀ ਕਰ ਦਿੰਦੇ ਹਨ। ਘੁਮਿਆਰੀ ਇਹ ਅਨਾਜ ਗਧੇ ਨੂੰ ਚਾਰ ਦਿੰਦੀ ਹੈ। ਰੱਜ ਪੁੱਜ ਕੇ ਗਧਾ ਜਦੋਂ ਹੀਂਗਦਾ ਹੈ ਤਾਂ ਸ਼ਰਧਾਲੂ ਬਾਗੋ ਬਾਗ ਹੋ ਜਾਂਦੇ ਹਨ ਅਤੇ ਸਮਝਦੇ ਹਨ ਕਿ ਮਾਤਾ ਰਾਣੀਦਾ ਖੋਤੜਾ ਨਿਹਾਲ ਹੋ ਗਿਆ ਹੈ ਤੇ ਹੁਣ ਮਾਤਾ ਰਾਣੀ ਉਨ੍ਹਾ ਦੇ ਸਾਰੇ ਦੁੱਖ ਦਲਿੱਦਰ ਕੱਟ ਦੇਵੇਗੀ। ਸੀਤਲਾ ਦੇਵੀ ਦਾ ਵਾਹਨ ਹੋਣ ਕਾਰਨ ਖੋਤੇ ਦੀ ਇਸ ਮੇਲੇ ਵਿਚ ਬਹੁਤ ਕਦਰ ਕੀਤੀ ਜਾਂਦੀ ਹੈ। ਘੁਮਿਆਰ ਆਪੋ ਆਪਣੇ ਖੋਤਿਆਂ ਉਤੇ ਰੰਗ ਬਿਰੰਗੇ ਝੁੱਲ ਪਾ ਕੇ, ਗਲਾਂ ਵਿਚ ਘੋਗੇ, ਮਣਕੇ ਤੇ ਕੌਡੀਆਂ ਦੇ ਕੰਠੇ ਸਜਾ ਕੇ ਖੂਬ ਸ਼ਿੰਗਾਰ ਕੇ ਲਿਆਉਂਦੇ ਹਨ।
ਜਰਗ ਦਾ ਮੇਲਾ ਔਰਤਾਂ ਤੇ ਮਰਦਾਂ ਦਾ ਸਾਂਝਾ ਮੇਲਾ ਹੈ ਪਰ ਜੇ ਪਤਨੀ ਨਾਲ ਨਾ ਹੋਵੇ ਤਾਂ ਮੇਲਾ ਦੇਖਣ ਦਾ ਸੁਆਦ ਨਹੀਂ ਆਉਂਦਾ-
ਚੰਦਰੀ ਦੇ ਲੜ ਲੱਗ ਕੇ, ਮੇਰਾ ਛੁੱਟ ਗਿਆ ਜਰਗ ਦਾ ਮੇਲਾ…
ਪੁਰਾਣੇ ਸਮਿਆਂ ਵਿਚ ਮੇਲੇ ਜਾਣ ਸਮੇਂ ਮੁਟਿਆਰਾਂ ਨੈਣਾਂ ਕੋਲੋਂ ਰੀਝ ਨਾਲ ਗੁੰਦਵਾਏ ਹੋਏ ਸਿਰਾਂ ਨੂੰ ਸੱਗੀ ਫੁੱਲ, ਬਘਿਆੜੀ, ਕਲਿੱਪ ਆਦਿ ਨਾਲ ਸਜਾਉਂਦੀਆਂ, ਪਹਿਨ ਪੱਚਰ ਕੇ ਹਾਰ ਸ਼ਿੰਗਾਰ ਲਾਉਂਦੀਆਂ। ਬਣ ਠਣ ਕੇ ਮੇਲਾ ਦੇਖਣ ਜਾ ਰਹੀ ਅਜਿਹੀ ਹੀ ਕਿਸੇ ਮੁਟਿਆਰ ਦੀ ਕਾਲੇ ਨਾਗ ਵਰਗੀ ਗੁੱਤ ਨੂੰ ਦੇਖ ਕੇ ਕਿਸੇ ਗੱਭਰੂ ਦੇ ਮੂੰਹੋਂ ਬੋਲ ਨਿਕਲ ਜਾਂਦੇ:-
ਜਿਹੀ ਤੇਰੀ ਗੁੱਤ ਦੇਖ ਲੀ, ਜਿਹਾ ਦੇਖ ਲਿਆ ਜਰਗ ਦਾ ਮੇਲਾ
ਸੋਹਲ ਜਿਹੀ ਕੋਈ ਸ਼ੁਕੀਨ ਮੁਟਿਆਰ ਹੁਲਾਰੇ ਖਾ ਖਾ ਕੇ, ਝੂਮ ਝੂਮ ਤੁਰਦੀ ਤਾਂ ਉਸਦੀ ਸੋਹਣੀ ਤੋਰ, ਮੇਲਾ ਦੇਖਣ ਜਾ ਰਹੇ ਗੱਭਰੂਆਂ ਦਾ ਮਨ ਮੋਹ ਲੈਂਦੀ-
ਲੋਕਾਂ ਦੇਖਣਾ ਜਰਗ ਦਾ ਮੇਲਾ
ਅਸੀਂ ਤੇਰੀ ਤੋਰ ਦੇਖਣੀ..
ਸਿਆਣੇ ਕਹਿੰਦੇ ਹਨ ‘ਤੀਵੀਂ ਨੂੰ ਰਾਹ ਤੇ ਬਲਦ ਨੂੰ ਗਾਹ’ ਤੋਂ ਡਰ ਲੱਗਦਾ ਹੈ। ਕੋਈ ਮੁਟਿਆਰ ਲੰਮੀ ਵਾਟ ਤੇ ਮੁੰਡਾ ਚੁੱਕਣ ਤੋਂ ਡਰਦੀ ਮੇਲਾ ਦੇਖਣ ਜਾਣ ਦਾ ਹੌਸਲਾ ਨਾ ਕਰਦੀ ਤਾਂ ਪਤੀ ਉਸ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ-
ਚੱਲ ਚੱਲੀਏ ਜਰਗ ਦੇ ਮੇਲੇ,
ਮੁੰਡਾ ਤੇਰਾ ਮੈਂ ਚੱਕ ਲੂੰ…
ਮੇਲਾ ਦੇਖਣ ਜਾ ਰਹੇ ਦਿਲ ਦੇ ਮਹਿਰਮ ਕੋਲ ਕੋਈ ਨਟ ਖਟ ਮੁਟਿਆਰ ਆਪਣੀ ਫਰਮਾਇਸ਼ ਪਾ ਦਿੰਦੀ:
ਸੁਣ ਵੇ ਮੁੰਡਿਆ ਕੈਂਠੇ ਵਾਲਿਆ,
ਤੂੰ ਮੇਲਿਆਂ ਦਾ ਸ਼ੌਂਕੀ।
ਲੈ ਜਾ ਮੇਰਾ ਗੁੱਟ ਮਿਣ ਕੇ,
ਮੇਲੇ ਗਿਆ ਤਾਂ ਲਿਆਦੀਂ ਪਹੁੰਚੀ..
ਲੱਡੂ ਖਾਣ ਦੀ ਸ਼ੌਕੀਨ ਕੋਈ ਮੁਟਿਆਰ ਮੇਲੇ ਜਾਂਦੇ ਪਤੀ ਨੂੰ ਕਹਿੰਦੀ-
ਵੇ ਤੂੰ ਚੱਲਿਆਂ ਜਰਗ ਦੇ ਮੇਲੇ, ਲੱਡੂ ਲਿਆਈਂ ਮੋਤੀ ਚੂਰ ਦੇ…
ਕਿਸੇ ਮੁਟਿਆਰ ਦੇ ਦਿਲ ਵਿਚ ਮੇਲਾ ਦੇਖਣ ਦੀ ਚਾਹਤ ਉਸਲਵੱਟੇ ਲੈਣ ਲੱਗਦੀ ਤੇ ਉਹ ਆਪਣੇ ਪਤੀ ਨੂੰ ਮੇਲੇ ਜਾਣ ਲਈ ਪ੍ਰੇਰਦੀ ਹੋਈ ਕਹਿੰਦੀ-
ਆ ਵੇ ਢੋਲਾ ਮੇਲੇ ਚੱਲੀਏ, ਬੰਨ ਲੈ ਪੱਗ ਬਦਾਮੀ।
ਵੇ ਆਪਣੀ ਦੋਵਾਂ ਦੀ, ਦੋਵਾਂ ਦੀ ਮਸਤ ਜਵਾਨੀ…
ਉਨ੍ਹਾਂ ਸਮਿਆਂ ਵਿਚ ਦੂਰ ਦੁਰਾਡੇ ਜਾਣ ਲਈ ਬੋਤੇ ਦੀ ਸਵਾਰੀ ਸਭ ਤੋਂ ਢੁਕਵੀਂ ਮੰਨੀ ਜਾਂਦੀ ਸੀ:
ਢਾਈਏ… ਢਾਈਏ… ਢਾਈਏ,
ਆਪਣੇ ਬੋਤੇ ਤੇ ਮੇਲਾ ਦੇਖਣ ਜਾਈਏ
ਮੇਲੇ ਜਾਣ ਸਮੇਂ ਬੋਤੇ ਨੂੰ ਖੂਬ ਸ਼ਿੰਗਾਰਿਆ ਜਾਂਦਾ-
ਮੇਲੇ ਜਰਗ ਦੇ ਜਾਣਾ, ਬੋਤੇ ਨੂੰ ਸ਼ਿੰਗਾਰ ਮਿੱਤਰਾ….
ਮੁਟਿਆਰ ਹਾਰ-ਸ਼ਿੰਗਾਰ ਲਾਕੇ ਬਣ ਠਣ ਕੇ ਮੇਲੇ ਜਾਣ ਲਈ ਤਿਆਰ ਹੋ ਜਾਂਦੀ-
ਬੋਤੇ ਨੂੰ ਸ਼ਿੰਗਾਰ ਮੁੰਡਿਆ, ਮੇਲੇ ਚਲੇਂਗਾ ਚਲੂੰਗੀ ਨਾਲ ਤੇਰੇ…
ਗੱਭਰੂ ਸਜੀ-ਫਬੀ ਵਹੁਟੀ ਨੂੰ ਬੋਤੇ ਦੇ ਪਿਛਲੇ ਆਸਣ ਤੇ ਬਿਠਾ ਕੇ ਮੇਲੇ ਨੂੰ ਤੁਰ ਪੈਂਦਾ। ਇਕ ਸੋਹਣੀ ਵਹੁਟੀ ਦਾ ਸਾਥ ਤੇ ਦੂਸਰਾ ਸਜਿਆ ਹੋਇਆ ਬੋਤਾ, ਗੱਭਰੂ ਨੂੰ ਸਰੂਰ ਚੜ੍ਹ ਜਾਂਦਾ ਤੇ ਉਹ ਬੋਤੇ ਨੂੰ ਅੱਡੀ ਮਾਰ ਕੇ ਸਰਪਟ ਭਜਾ ਲੈਂਦਾ-
ਅਸਾਂ ਜਾਣਾ ਜਰਗ ਦੇ ਮੇਲੇ, ਅੱਡੀ ਮਾਰੀ ਬੋਤੇ ਦੇ…
ਕੋਈ ਭਾਬੀ ਆਪਣੇ ਦਿਓਰ ਨਾਲ ਮੇਲਾ ਦੇਖਣ ਜਾਂਦੀ:
ਮੁੰਡਾ ਚੁੱਕ ਲੈ ਵੀਰ ਦਾ ਗੋਦੀ,
ਆ ਜਾ ਦਿਉਰਾ ਮੇਲੇ ਚੱਲੀਏ..
ਰਾਹ ਵਿਚ ਉਹ ਹੱਸਦੇ ਖੇਡਦੇ ਚੋਹਲ ਮੋਹਲ ਕਰਦੇ ਜਾਂਦੇ-
ਪਿੰਡ ਲੰਘ ਕੇ ਕੰਘਲੀਆਂ ਪਾਈਆਂ, ਦਿਓਰ ਭਾਬੀ ਮੇਲੇ ਨੂੰ ਚੱਲੇ
ਅਚਾਨਕ ਉਹਨਾਂ ਦੇ ਮਗਰ ਕੁੱਤੀ ਪੈ ਗਈ ਤੇ ਉਹਨਾਂ ਨੇ ਭੱਜ ਕੇ ਮਸਾਂ ਕੁੱਤੀ ਤੋਂ ਖਹਿੜਾ ਛੁਡਾਇਆ। ਭੱਜਿਆ ਜਾਂਦਾ ਭਾਬੀ ਦੇ ਪੈਰਾਂ ਵਿਚੋਂ ਜੁੱਤੀ ਲਹਿ ਕੇ ਡਿੱਗ ਪਈ ਤੇ ਉਹ ਦਿਓਰ ਨੂੰ ਕਹਿਣ ਲੱਗੀ-
ਦਿਓਰ ਭਾਬੀ ਮੇਲੇ ਚੱਲੇ, ਮਗਰ ਪੈ ਗਈ ਕੁੱਤੀ।
ਵੇ ਦਿਉਰਾ ਚੱਕ ਭਾਬੀ ਦੀ ਜੁੱਤੀ…
ਜਗਰਾਵਾਂ ਦੀ ਰੌਸ਼ਨੀ ਦਾ ਮੇਲਾ ਪ੍ਰਸਿੱਧ ਸੂਫੀ ਫਕੀਰ ਅਬਦੁਲ ਕਾਦਰ ਜਿਲਾਨੀ ਦੀ ਕਬਰ ਉਤੇ ਹਰ ਸਾਲ 14, 15 ਤੇ 16 ਫੱਗਣ ਨੂੰ ਲੱਗਦਾ ਹੈ। ਭਾਵੇਂ ਇਹ ਮੇਲਾ ਮੁਸਲਮਾਨੀ ਮੁੱਢ ਦਾ ਹੈ ਪਰ ਇਲਾਕੇ ਦੇ ਹਿੰਦੂ, ਸਿੱਖ ਵੀ ਇਸ ਮੇਲੇ ਵਿਚ ਹੁੰਮ ਹੁੰਮਾ ਕੇ ਪਹੁੰਚਦੇ ਹਨ। ਲੋਕਾਂ ਦੀ ਪੀਰ ਵਿਚ ਬੜੀ ਸ਼ਰਧਾ ਹੈ। ਸ਼ਰਧਾਲੂ ਪੀਰ ਦੀ ਕਬਰ ਉਤੇ ਚਿਰਾਗ ਜਲਾਉਂਦੇ, ਨਿਆਜ਼ਾਂ ਚੜ੍ਹਾਉਂਦੇ ਤੇ ਪੀਰ ਦੇ ਜਸ ਵਿਚ ਗੀਤ ਗਾਉਂਦੇ ਹਨ:
ਪੀਰਾਂ ਵਿਚ ਪੀਰ ਸੁਣੀਂਦਾ, ਵੱਡਾ ਪੀਰ ਇਲਾਹੀ।
ਜਿਸ ਦੀ ਅਜ਼ਮਤ ਦੋਹੀਂ ਜਹਾਨੀ, ਸੂਰਜ ਵਾਂਗ ਰੁਸ਼ਨਾਈ।
ਪੁਰਾਣੇ ਸਮਿਆਂ ਵਿਚ ਮਲਵਈ ਗੱਭਰੂ ਸਾਰੇ ਫਿਕਰਾਂ ਤੋਂ ਮੁਕਤ ਹੋਕੇ ਆਪਣੇ ਹਾਣੀਆਂ ਦੀ ਢਾਣੀ ਬਣਾ ਕੇ ਜਗਰਾਵਾਂ ਦੀ ਰੌਸ਼ਨੀ ਦੇਖਣ ਜਾਂਦੇ। ਸਿੱਕੇ ਵਰਗੀਆਂ ਭਾਰੀ ਸੁੰਮਾਂ ਵਾਲੀਆਂ ਡਾਂਗਾਂ ਨੂੰ ਆਪਣੇ ਮੋਢਿਆਂ ਉਤੇ ਧਰ ਕੇ, ਉਹ ਹਿੱਕਾਂ ਤਾਣ ਤਾਣ ਕੇ ਮੇਲੇ ਵਿਚ ਤੁਰਦੇ। ਹੈਂਕੜੀ ਨਾਲ ਤੁਰਨ ਵਾਲੀ ਇਹ ਤੋਰ ਕਈ ਵਾਰੀ ਕੁੰਢੀਆਂ ਦੇ ਸਿੰਗ ਫਸਾ ਦਿੰਦੀ। ਮੇਲੇ ਵਿਚ ਜਦੋਂ ਪੋਲਰਿਆਂ ਵਾਲੀਆਂ ਡਾਂਗਾਂ ਤੇ ਖੂੰਡੇ ਖੜਕਣ ਲੱਗਦੇ ਤਾਂ ਮੇਲਾ ਲੜਾਈ ਦਾ ਮੈਦਾਨ ਬਣ ਜਾਂਦਾ। ਭਾਜੜਾਂ ਪੈ ਜਾਂਦੀਆਂ, ਮੇਲਾ ਵਿਗੜ ਜਾਂਦਾ ਤੇ ਲੋਕਾਂ ਨੂੰ ਭੱਜਿਆਂ ਵਾਹਨ ਨਾ ਦਿੱਸਦੇ-
ਆਰੀ.. ਆਰੀ… ਆਰੀ
ਵਿਚ ਜਗਰਾਵਾਂ ਦੇ, ਬਈ ਲੱਗਦੀ ਰੌਸ਼ਨੀ ਭਾਰੀ।
ਦੂਰ ਦੂਰ ਤੋਂ ਗੱਭਰੂ ਆਉਂਦੇ ਘੋੜੇ, ਊਠ ਸ਼ਿੰਗਾਰੀ।
ਲੰਮੇ ਚਾਦਰੇ ਕੁੰਢੀਆਂ ਮੁੱਛਾਂ, ਮੋਢੇ ਡਾਂਗ ਉਲਾਰੀ।
ਹੱਸਦੇ ਹੱਸਦੇ ਇਹ ਲੜ ਪੈਂਦੇ, ਚੱਲਦੀ ਖੂਬ ਕਟਾਰੀ।
ਜ਼ੋਰ ਜਵਾਨੀ ਦੇ ਕਰਦੇ ਬੜੀ ਖਵਾਰੀ…
ਮੇਲਾ ਦੇਖਣ ਆਏ ਵੈਲੀ ਗੱਭਰੂ ਰੱਜ ਕੇ ਸ਼ਰਾਬ ਪੀਂਦੇ। ਦਾਰੂ ਨਾਲ ਟੱਲੀ ਹੋ ਕੇ ਬੱਕਰੇ ਬੁਲਾਉਂਦੇ ਤੇ ਲਲਕਾਰੇ ਮਾਰ ਮਾਰ ਕੇ ਨਸ਼ਾ ਖਿੜਾਉਂਦੇ। ਕਈ ਵਾਰ ਬਾਤ ਦਾ ਬਤੰਗੜ ਬਣ ਜਾਂਦਾ ਤੇ ਵੈਲੀਆਂ ਦੀਆਂ ਦੋ ਟੋਲੀਆਂ ਵਿਚ ਗਹਿਗੱਚ ਲੜਾਈ ਸ਼ੁਰੂ ਹੋ ਜਾਂਦੀ। ਮੇਲੇ ਵਿਚ ਅਫਰਾ ਤਫਰੀ ਮਚ ਜਾਂਦੀ ਤੇ ਰੌਲਾ ਸੁਣ ਕੇ ਪੁਲਿਸ ਆ ਜਾਂਦੀ-
ਆਰੀ.. ਆਰੀ.. ਆਰੀ..
ਵਿਚ ਜਗਰਾਵਾਂ ਦੇ ਲੱਗਦੀ ਰੌਸ਼ਨੀ ਭਾਰੀ।
ਵੈਲੀਆਂ ਦਾ ’ਕੱਠ ਬੱਝ ਗਿਆ, ਬੋਤਲਾਂ ਮੰਗਾਲੀਆਂ ਚਾਲੀ।
ਚਾਲੀਆਂ ’ਚੋਂ ਇਕ ਬਚਗੀ ਚੱਕ ਕੇ ਮਹਿਲ ਵਿਚ ਮਾਰੀ।
ਮੁਨਸ਼ੀ ਡਾਂਗੋਂ ਦਾ ਡਾਂਗ ਰੱਖਦਾ ਗੰਡਾਸੀ ਵਾਲੀ।
ਗੋਖਾ ਕਾਉਂਕਿਆਂ ਦਾ ਜੀਨੇ ਕੁੱਟਤੀ ਪੰਡੋਰੀ ਸਾਰੀ।
ਮੋਲਕ ਕੁੱਟਸਿੱਆਿ ਦਾ ਕੁੱਟ ਸਹਿ ਗਿਆ ਮੇਲੇ ਦੀ ਸਾਰੀ
ਪਰਲੋ ਆ ਜਾਂਦੀ ਜੇ ਹੁੰਦੀ ਨਾ ਪੁਲਸ ਸਰਕਾਰੀ…
ਨਸ਼ੇ ਵਿਚ ਗੜੂੰਦ ਖਰੂਦੀ ਵੈਲੀ ਕਈ ਵਾਰ ਬਾਜ਼ਾਰ ਵਿਚ ਲੁੱਟਮਾਰ ਸ਼ੁਰੂ ਕਰ ਦਿੰਦੇ ਤੇ ਉਨ੍ਹਾਂ ਦੀ ਪੁਲਿਸ ਨਾਲ ਮੁਠਭੇੜ ਹੋ ਜਾਂਦੀ-
ਆਰੀ.. ਆਰੀ.. ਆਰੀ.
ਵਿਚ ਜਗਰਾਮਾਂ ਦੇ ਲੱਗਦੀ ਰੌਸ਼ਨੀ ਭਾਰੀ।
ਵੈਲੀਆਂ ਦਾ ਕੱਠ ਹੋ ਗਿਆ, ਭਾਨ ਚੱਕ ਲੀ ਹੱਟੀ ਦੀ ਸਾਰੀ।
ਰਤਨ ਸਿੰਘ ਰੱਕੜਾਂ ਦਾ ਜੀਨੇ ਪਹਿਲੀ ਡਾਂਗ ਸ਼ਿੰਗਾਰੀ।
ਮੰਗੂ ਖੇੜੀ ਦਾ ਪੁੱਠੇ ਹੱਥ ਦੀ ਗੰਡਾਸੀ ਮਾਰੀ।
ਥਾਣੇਦਾਰ ਐਂ ਡਿੱਗਿਆ, ਜਿਵੇਂ ਹਲ ਤੋਂ ਡਿੱਗੇ ਪੰਜਾਲੀ।
ਲੱਗੀਆਂ ਹੱਥਕੜੀਆਂ ਹੋਗੀ ਜੇਲ੍ਹ ਦੀ ਤਿਆਰੀ…
ਰੌਸ਼ਨੀ ਦੇ ਮੇਲੇ ਦੀ ਨਿਵੇਕਲੀ ਸ਼ਾਨ ਦੇਖਣ ਵਾਲੀ ਹੁੰਦੀ। ਦੁਕਾਨਾਂ ਦੁਲਹਨਾਂ ਵਾਂਗ ਸਜੀਆਂ ਹੁੰਦੀਆਂ। ਮੇਲੇ ਦੇ ਵੰਨ-ਸੁਵੰਨੇ, ਮਨਮੋਹਣੇ ਦ੍ਰਿਸ਼ ਦੇਖ ਦੇਖ ਕੇ ਮਨ ਖੁਸ਼ੀ ਨਾਲ ਝੂਮ ਉਠਦਾ। ਕਿਧਰੇ ਝੂਲਿਆਂ ਉਤੇ ਬੱਚੇ, ਬੁੱਢੇ ਤੇ ਗੱਭਰੂ ਬੜੇ ਚਾਅ ਨਾਲ ਝੂਟੇ ਲੈ ਰਹੇ ਹੁੰਦੇ। ਸਰਕਸ ਦੇ ਤੰਬੂਆਂ ਅੱਗੇ ਵੱਡੀ ਭੀੜ ਇਕੱਠੀ ਹੋ ਜਾਂਦੀ। ਇਕ ਪੂਰ ਬਾਹਰ ਨਿਕਲਦਾ ਦੂਜਾ ਸਰਕਸ ਦੇਖਣ ਲਈ ਅੰਦਰ ਵੜ ਜਾਂਦਾ। ਮੇਲੇ ਦੇ ਕਿਸੇ ਕੋਨੇ ਮਦਾਰੀ ਦਾ ਤਮਾਸ਼ਾ ਦੇਖਣ ਲਈ ਤਮਾਸ਼ਬੀਨ ਪੱਬਾਂ ਭਾਰ ਹੋ ਕੇ ਖੜ੍ਹੇ ਹੁੰਦੇ।
ਕਿਧਰੇ ਢੋਲ ਦੀ ਤਾਲ ਤੇ ਭੰਗੜਾ ਪੈ ਰਿਹਾ ਹੁੰਦਾ। ਕਿਸੇ ਪਾਸੇ ਅਖਾੜੇ ਵਿਚ ਪਹਿਲਵਾਨ ਆਪਣੇ ਬਾਹੂ ਬਲ ਤੇ ਦਾਅ ਪੇਚਾਂ ਦੇ ਜੌਹਰ ਦਿਖਾ ਰਹੇ ਹੁੰਦੇ। ਗੱਭਰੂ ਮੁਗਧਰ ਤੇ ਬੋਰੀਆਂ ਚੁੱਕਦੇ। ਨਰੋਏ ਸਰੀਰਾਂ ਵਾਲੇ ਦਰਸ਼ਨੀ ਗੱਭਰੂ ਮੂੰਗਲੀਆਂ ਫੇਰ ਕੇ ਆਪਣੇ ਜ਼ੋਰ ਦਾ ਪ੍ਰਗਟਾਵਾ ਕਰਦੇ। ਸੌਂਚੀ ਪੱਕੀ ਤੇ ਕਬੱਡੀ ਵਿਚ ਚੋਬਰ ਇਕ-ਦੂਜੇ ਨਾਲ ਭਿੜ ਕੇ ਜ਼ੋਰ ਅਜ਼ਮਾਈ ਕਰਦੇ। ਉਨ੍ਹਾਂ ਸਮਿਆਂ ਵਿਚ ਹਰੇਕ ਪਿੰਡ ਦੀ ਕੋਈ ਨਾ ਕੋਈ ਰੱਸਾ ਖਿੱਚਣ ਦੀ ਟੀਮ ਵੀ ਜ਼ਰੂਰ ਮੇਲੇ ਤੇ ਪਹੁੰਚਦੀ। ਖੁੱਲ੍ਹੇ ਮੈਦਾਨ ਵਿਚ ਘੋੜ ਸਵਾਰ ਨੇਜ਼ੇ ਨਾਲ ਕਿੱਲ੍ਹੇ ਪੁੱਟਦੇ। ਗਲਾਂ ਵਿਚ ਚਾਂਦੀ ਦੀਆਂ ਹਮੇਲਾਂ ਤੇ ਪੈਰਾਂ ਵਿਚ ਝਾਂਜਰਾਂ ਪਾਈ ਜਦੋਂ ਚੀਨੀਆਂ ਘੋੜੀਆਂ ਡੱਗੇ ਦੀ ਤਾਲ ਤੇ ਨੱਚਦੀਆਂ ਤਾਂ ਬਹਿ ਜਾ ਬਹਿ ਜਾ ਹੋ ਜਾਂਦੀ।
ਗਵੱਈਆਂ, ਕਵੀਸ਼ਰਾਂ ਤੇ ਢੱਡ ਸਾਰੰਗੀਆਂ ਵਾਲਿਆਂ ਦੇ ਅਖਾੜਿਆਂ ਵਿਚ ਲੋਕ ਘੰਟਿਆਂ ਬੱਧੀ ਬੈਠ ਕੇ ਆਨੰਦ ਮਾਣਦੇ। ਨਚਾਰਾਂ ਦੇ ਜਲਸੇ ਅਤੇ ਨਕਲਾਂ ਦੇ ਅਖਾੜੇ ਖਚਾਖਚ ਭਰ ਜਾਂਦੇ। ਕਿਧਰੇ ਮਰਦਾਂ ਦਾ ਗਿੱਧਾ ਪੈ ਰਿਹਾ ਹੁੰਦਾ।
ਵੰਗਾਂ ਵਾਲਿਆਂ ਦੀਆਂ ਦੁਕਾਨਾਂ ਤੇ ਵੰਗਾਂ ਚੜ੍ਹਵਾਉਣ ਲਈ ਮੁਟਿਆਰਾਂ ਦੀ ਭੀੜ ਇਕੱਠੀ ਹੋ ਜਾਂਦੀ। ਸ਼ੁਕੀਨ ਮੁਟਿਆਰਾਂ ਆਪਣੀਆਂ ਗੋਰੀਆਂ ਬਾਹਾਂ ਅਤੇ ਹੱਥਾਂ ਦੇ ਪਿਛਲੇ ਪਾਸੇ ਫੁੱਲ ਬੂਟੇ, ਮੋਰ ਜਾਂ ਆਪਣੇ ਨਾਮ ਖੁਣਵਾਉਂਦੀਆਂ। ਕਈ ਠੋਡੀਆਂ ਵੀ ਖੁਣਵਾ ਲੈਂਦੀਆਂ। ਗੱਭਰੂ ਆਪਣੇ ਘੁੱਗੀਆਂ ਵਾਲੇ ਪੱਟਾਂ ਉਤੇ ਮੋਰਨੀਆਂ ਖਣਵਾਉਂਦੇ।
ਛਪਾਰ ਦਾ ਮੇਲਾ ਭਾਦੋਂ ਸੁਦੀ ਚੌਦਾਂ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਛਪਾਰ ਵਿਚ ਲੱਗਦਾ ਹੈ। ਪਿੰਡ ਦੇ ਦੱਖਣ ਵੱਲ ਗੁੱਗੇ ਪੀਰ ਦੀ ਮਾੜੀ ਹੈ, ਜਿਸ ਦੀ ਸਥਾਪਨਾ ਗੁੱਗੇ ਦੀ ਉਪਾਸਕਾਂ ਨੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ 1880 ਬਿਕਰਮੀ ਵਿਚ ਕੀਤੀ ਸੀ। ਉਸ ਸਮੇਂ ਤੋਂ ਹੀ ਇਹ ਮੇਲਾ ਲੱਗਦਾ ਚੱਲਿਆ ਆ ਰਿਹਾ ਹੈ। ਗਿੱਧਾ ਪੰਜਾਬੀ ਸਭਿਆਚਾਰਕ ਨੂੰ ਛਪਾਰ ਦੇ ਮੇਲੇ ਦੀ ਹੀ ਦੇਣ ਹੈ। ਪੰਜਾਬ ਦੇ ਮਰਦਾਵੇਂ ਗਿੱਧੇ ਦਾ ਅਸਲੀ ਨਜ਼ਾਰਾ ਛਪਾਰ ਦੇ ਮੇਲੇ ਤੇ ਹੀ ਦੇਖਣ ਨੂੰ ਮਿਲਦਾ ਹੈ:-
ਮੇਲਾ ਛਪਾਰ ਲੱਗਦਾ, ਲੋਕ ਜਾਣਦੇ ਸਾਰੇ।
ਨੇੜੇ ਤੇੜੇ ਦੇ ਲਾਉਂਦੇ ਹੱਟੀਆਂ ਬਾਣੀਏ ਮੰਡੀ ਦੇ ਸਾਰੇ।
ਲੱਡੂ ਜਲੇਬੀਆਂ ਲੋਕੀ ਖਾਂਦੇ ਨਾਲੇ ਸ਼ੱਕਰ ਪਾਰੇ।
ਦੂਰੋਂ ਦੂਰੋਂ ਆਉਣ ਮੁਟਿਆਰਾਂ ਨਾਲੇ ਆਉਣ ਵਣਜਾਰੇ।
ਮੇਲੇ ਮਾੜੀ ਦੇ ਚੱਲ ਚੱਲੀਏ ਮੁਟਿਆਰੇ
ਮੁਕਤਸਰ ਦਾ ਮੇਲਾ ਮਾਘੀ ਵਾਲੇ ਦਿਨ ਚਾਲੀ ਮੁਕਤਿਆਂ ਦੀ ਯਾਦ ਵਿਚ ਮੁਕਤਸਰ ਵਿਚ ਲੱਗਦਾ ਹੈ। ਇਸ ਦਿਨ ਸੰਗਤਾਂ ਹੁੰਗ ਹੁੰਮਾ ਕੇ ਆਉਂਦੀਆਂ ਹਨ ਤੇ ਇੱਥੋਂ ਦੇ ਪਾਵਨ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ। ਇਸ ਮੇਲੇ ਸਬੰਧੀ ਵੀ ਅਨੇਕਾਂ ਲੋਕ ਗੀਤ ਤੇ ਟੱਪੇ ਮਿਲਦੇ ਹਨ:-
ਕੂਕੇ ਗਾਉਣ ਲੱਗਣ ਨਾ ਦਿੰਦੇ ਮੇਲੇ ਮੁਕਸਰ ਦੇ..
ਲੋਕ ਬੜੇ ਚਾਅ ਤੇ ਉਤਸ਼ਾਹ ਨਾਲ ਮੁਕਤਸਰ ਦਾ ਮੇਲਾ ਦੇਖਣ ਜਾਂਦੇ ਹਨ-
ਲੈ ਚੱਲ ਵੇ ਨਣਦ ਦਿਆ ਵੀਰਾ, ਮੇਲੇ ਮੁਕਸਰ ਦੇ…
ਆਮ ਤੌਰ ਤੇ ਸਾਰੇ ਮੇਲੇ ਸਾਲ ਬਾਅਦ ਫਿਰ ਲੱਗਦੇ ਹਨ ਪਰ ਕੁੰਭ ਦਾ ਮੇਲਾ ਬਾਰਾਂ ਸਾਲਾਂ ਬਾਅਦ ਹੀ ਲੱਗਦਾ ਹੈ-
ਤੇਰਾ ਮਿਲਣਾ ਹੈ ਕੁੰਭ ਦਾ ਮੇਲਾ, ਜੋ ਬਾਰਾਂ ਸਾਲਾਂ ਪਿੱਛੋਂ ਲੱਗਦਾ..
ਪੁਰਾਣੇ ਸਮਿਆਂ ਵਿਚ ਬਹਾਵਲਪੁਰ ਇਲਾਕੇ ਦੇ ਹਿੰਦੂ ਆਮ ਤੌਰ ਤੇ ਮੇਲੇ ਤੇ ਤਿਉਹਾਰ ਰਾਤ ਨੂੰ ਹੀ ਮਨਾਉਂਦੇ ਸਨ, ਕਿਉਂਕਿ ਦੁਕਾਨਦਾਰ ਤੇ ਵਪਾਰੀ ਹੋਣ ਕਾਰਨ ਹਿੰਦੂ ਕੰਮਾਂ ਕਾਰਾਂ ਵਿਚ ਰੁੱਝੇ ਰਹਿੰਦੇ ਸਨ ਤੇ ਦਿਨ ਵੇਲੇ ਉਨ੍ਹਾਂ ਨੂੰ ਵਿਹਲ ਨਹੀਂ ਸੀ ਮਿਲਦੀ। ਇਸ ਸਬੰਧੀ ਇਕ ਅਖਾਣ ਹੈ:
ਦਿਨ ਨੂੰ ਹੱਟੀ, ਰਾਤ ਨੂੰ ਮੇਲਾ।
ਉਨ੍ਹਾਂ ਸਮਿਆਂ ਵਿਚ ਮੇਲੇ ਤੋਂ ਘਰ ਵਾਪਸ ਪਰਤਣ ਸਮੇਂ ਗੱਭਰੂ ਲੋੜੀਂਦੀਆਂ ਘਰੇਲੂ ਵਸਤਾਂ ਤੇ ਆਪਣੇ ਪਿਆਰਿਆਂ ਲਈ ਮਠਿਆਈ ਦੀਆਂ ਸੁਗਾਤਾਂ ਖਰੀਦਦੇ। ਜੇ ਕੋਈ ਕੰਜੂਸ ਅਜਿਹਾ ਨਾ ਕਰਦਾ ਤਾਂ ਪਿੰਡ ਜਾ ਕੇ ਉਸ ਨੂੰ ਸੱਜਣਾਂ ਤੋਂ ਤਾਅਨੇ ਮਿਹਣੇ ਸੁਣਨੇ ਪੈਂਦੇ-
ਮੇਰੀ ਰੋਂਦੀ ਨਾ ਵਰਾਈ ਤਾਰੋ, ਵੇ ਕੀ ਲੱਪ ਰਿਉੜੀਆਂ ਦੀ..
ਮੇਲੇ ਤੋਂ ਤੁਰਨ ਲੱਗਿਆਂ ਦੋਸਤਾਂ ਮਿੱਤਰਾਂ ਤੋਂ ਇਹ ਕਹਿ ਕੇ ਵਿਦਾਇਗੀ ਲਈ ਜਾਂਦੀ-
ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ,
ਮਰ ਗਏ ਤਾਂ ਰੱਬ ਰਾਜ਼ੀ….



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO