ਸਿਡਨੀ,20 ਅਪ੍ਰੈਲ (ਅਮਰਜੀਤ ਖੇਲਾ) ਇਥੋਂ ਲਗਭਗ ਤਿੰਨ ਸੌ ਕਿਲੋਮੀਟਰ ਦੀ ਦੂਰੀ ‘ਤੇ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਪ੍ਰਾਂਤ ਦੇ ਵਿਚਕਾਰ ਵਸੇ ਛੋਟੇ ਜਿਹੇ ਪਿੰਡ ਬਾਰਡਰਟਾਊਨ ਵਿਖੇ ਪ੍ਰਸਿੱਧ ਲਿਖਾਰੀ ਮਿੰਟੂ ਬਰਾੜ ਅਤੇ ਪੱਤਰਕਾਰ ਸੁਮਿਤ ਟੰਡਨ ਦਾ ਸਨਮਾਨ ਕੀਤਾ ਗਿਆ। ਸਾਊਥ ਆਸਟ੍ਰੇਲੀਆ ਦੇ ਇਨ੍ਹਾਂ ਦੋ ਲਿਖਾਰੀਆਂ ਨੂੰ ਪ੍ਰਭਾਵਸ਼ਾਲੀ ਲੇਖਣੀ ਅਤੇ ਸਮਾਜਿਕ ਵਿਸ਼ਿਆਂ ਪ੍ਰਤੀ ਚਿੰਤਕ ਹੋਣ ਕਰਕੇ ਯਾਦਗ਼ਾਰੀ ਚਿੰਨ੍ਹ ਨਾਲ ਨਵਾਜਿਆ ਗਿਆ। ਜਿਕਰਯੋਗ ਹੈ ਕਿ ਆਸਟ੍ਰੇਲੀਆ ਦੇ 23 ਵੇਂ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਬੋਬ ਹਾੱਕ (ਕਾਰਜਕਾਲ ਸਮਾਂ 1983-1991 ਤੱਕ) ਦੇ ਜਨਮ ਸਥਾਨ ਵਜੋਂ ਜਾਣੇ ਜਾਂਦੇ ਇਸ ਪਿੰਡ ਵਿੱਚ ਪਿਛਲੇ ਕੁੱਝ ਸਮੇਂ ਤੋਂ ਵਧੀ ਪੰਜਾਬੀਆਂ ਦੀ ਤਾਦਾਦ ਨੇ ਪਿੰਡ ਨੂੰ ਮਿੰਨੀ ਪੰਜਾਬ ਹੋਣ ਦੀ ਝਲਕਾਰ ਪੇਸ਼ ਕੀਤੀ ਹੈ। ਪਿੰਡ ਵਾਸੀਆਂ ਵਲੋਂ ਪਹਿਲੀ ਵਾਰ ਮਨਾਏ ਗਏ ਵਿਸਾਖੀ ਦਿਹਾੜੇ ਮੌਕੇ ਰੱਖੇ ਦੀਵਾਨ ਉਪਰੰਤ ਇਹ ਸਨਮਾਨ ਸਮਾਰੋਹ ਕੀਤਾ ਗਿਆ। ਇਸ ਕਾਰਜ ਦੇ ਉਦਮੀ ਸ ਜਗਤਾਰ ਸਿੰਘ ਨਾਗਰੀ ਦੇ ਵਿਸ਼ੇਸ਼ ਸੱਦੇ ਉਤੇ ਪਹੁੰਚੇ ਇਨ੍ਹਾਂ ਪਤਵੰਤਿਆਂ ਵਲੋਂ ਸਮੂਹ ਭਾਈਚਾਰੇ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਪੇਸ਼ ਕੀਤੀ ਗਈ ਅਤੇ ਸਰਬੱਤ ਸੰਗਤ ਦਾ ਵੱਡਮੁੱਲੇ ਸਨਮਾਨ ਲਈ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਇਨ੍ਹਾਂ ਪਲਾਂ ਨੂੰ ਅਭੁੱਲ ਬਣਾਉਣ ਲਈ ਹਰਪ੍ਰੀਤ ਸਿੰਘ,ਰਾਜਦੀਪ ਕੌਰ, ਹਰਕੀਰਤ ਸਿੰਘ ਬੈਂਸ, ਹਰਦੀਪ ਸਿੰਘ, ਦਵਿੰਦਰ ਸਿੰਘ, ਗੁਰਵੀਰ ਸਿੰਘ, ਕਮਲਦੀਪ ਰਾਣਾ, ਅਮਨਦੀਪ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ, ਹਰਦੀਪ ਸਿੰਘ, ਕੇ. ਪੀ. ਸਿੰਘ ਬਰਾੜ, ਵਰਿੰਦਰ ਸਿੰਘ ਚਹਿਲ, ਬਲਰਾਜ ਸਿੰਘ ਬਾਠ ਅਤੇ ਕਿਰਨਦੀਪ ਕੌਰ ਵਲੋਂ ਪੰਜਾਬੀਅਤ ਦੀ ਸੇਵਾ ਨਿਭਾ ਰਹੇ ਇਨ੍ਹਾਂ ਕਲਮਧਾਰੀਆਂ ਦੀ ਸ਼ਲਾਘਾ ਕੀਤੀ ਗਈ।
ਆਸਟ੍ਰੇਲੀਆ ਦੇ ਪ੍ਰਾਂਤ ਉਵੈਸਟਰਨ ਆਸਟ੍ਰੇਲੀਆ ‘ਚ ਜਬਰਦਸਤ ਭੁਚਾਲ ਆਇਆ
ਪਰਥ (ਬਲਜੀਤ ਖੇਲਾ) ਜਿੱਥੇ ਆਈਸਲੈਂਡ ‘ਚ ਫੁੱਟੇ ਲਾਵੇ ਕਾਰਨ ਦੁਨੀਆਂ ਭਰ ਦੇ ਲੋਕਾਂ ਦੀ ਦਹਿਸ਼ਤ ਹਾਲੇ ਮੁੱਕੀ ਨਹੀਂ ਸੀ ਕਿ ਹੁਣ ਆਸਟ੍ਰੇਲੀਆ ਦੇ ਪ੍ਰਾਂਤ ਉਵੈਸਟਰਨ ਆਸਟ੍ਰੇਲੀਆ ਵਿੱਚ 50 ਸਾਲਾਂ ਬਾਅਦ ਜਬਰਦਸਤ ਭੁਚਾਲ ਆਉਣ ਦੀ ਖਬਰ ਮਿਲੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਇਸ ਪ੍ਰਾਂਤ ਦੇ ਕਸਬੇ ਕਾਰਲਗੂਲੀ,ਬੌਲਡਰ ਤੇ ਕੂਲਗਾਰਡੀ ਦੇ ਇਲਾਕੇ ‘ਚ ਬੀਤੇ ਕੱਲ੍ਹ ਸਵੇਰੇ ਜਬਰਦਸਤ ਭੁਚਾਲ ਆਉਣ ਕਾਰਨ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਤੇ ਕੁੱਝ ਲੋਕੀਂ ਜਖਮੀ ਵੀ ਹੋਏ ਹਨ।ਜੀਓਸਾਇੰਸ ਆਸਟ੍ਰੇਲੀਆ ਦੇ ਬੁਲਾਰੇ ਕ੍ਰਿਸ ਥੌਮਸਨ ਮੁਤਾਬਿਕ ਇਹ ਭੁਚਾਲ 50 ਸਾਲਾਂ ਤੋਂ ਬਾਅਦ ਬਹੁਤ ਹੀ ਭਿਆਨਿਕ ਭੁਚਾਲ ਸੀ ਤੇ ਇਸਦੀ ਰਫਤਾਰ 5.0 ਮੈਗਨਾਈਟ ਰਿਕਾਰਡ ਕੀਤੀ ਗਈ।ਇਸ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਭੁਚਾਲ ਭਾਵੇਂ ਕੁੱਝ ਸਕਿੰਟਾਂ ਲਈ ਹੀ ਸੀ ਪ੍ਰੰਤੂ ਉਹਨਾਂ ਨੂੰ ਜਾਪ ਰਿਹਾ ਸੀ ਕਿ ਸਾਰੀ ਧਰਤੀ ਬੁਰੀ ਤਰ੍ਹਾਂ ਹਿੱਲ ਰਹੀ ਹੈ ਤੇ ਪਲਾਂ ਚ ਹੀ ਉਹ ਧਰਤੀ ਦੇ ਅੰਦਰ ਧਸ ਜਾਣਗੇ।ਭੁਚਾਲ ਆਉਣ ਦੀ ਖਬਰ ਦਾ ਪਤਾ ਚੱਲਦਿਆਂ ਹੀ ਐਮਰਜੈਂਸੀ ਸੇਵਾਵਾਂ ਤੁਰੰਤ ਘਟਨਾ ਸਥਲ ਤੇ ਪਹੁੰਚ ਗਈਆਂ ਤੇ ਇਸ ਇਲਾਕੇ ਦੇ ਸਕੂਲ਼ਾਂ ‘ਚ ਪੜ੍ਹਦੇ ਬੱਚਿਆਂ ਨੂੰ ਵੀ ਸੁਰੱਖਿਅਤ ਸਥਾਨਾਂ ਤੇ ਪਹੁੰਚਾ ਦਿੱਤਾ।ਭੁਚਾਲ ਨਾਲ ਕਈ ਇਤਿਹਾਸਿਕ ਇਮਾਰਤਾਂ ਤੇ ਪੁਰਾਣੇ ਹੋਟਲ ਨੁਕਸਾਨੇ ਗਏ ਤੇ ਗੋਲਡਨ ਈਗਲ ਨਾਮੀਂ ਹੋਟਲ ਦੀ ਇਮਾਰਤ ਤਾਂ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ।