
ਗੀਤ ਉਹੀ ਹੈ ਜੋ ਦਿਲ ਵਿਚੋਂ ਉਠ ਕੇ ਦਿਲ ਵਿਚ ਜਾ ਵੜੇ। ਜਿਹੜੇ ਗੀਤ ਦਿਲਾਂ ਵਿਚ ਸਦੀਵੀ ਆਲਣਾ ਪਾ ਲੈਂਦੇ ਨੇ, ਉਨਾਂ ਦਾ ਰਿਸ਼ਤਾ ਰੂਹ ਨਾਲ ਹੁੰਦਾ ਹੈ। ਇਸੇ ਸੰਦਰਭ ’ਚ ਠੀਕ ਡੇਢ ਸਾਲ ਪਹਿਲਾਂ ਖੂਹ ਦੀਆਂ ਟਿੰਡਾਂ ’ਚੋਂ ਨਿਕਲਦੇ ਚਾਂਦੀ ਰੰਗੇ ਪਾਣੀ ’ਤੇ ਪੈਂਦੀ ਪਹੁ-ਫੁਟਾਲੇ ਦੀ ਪਹਿਲੀ ਲਿਸ਼ਕੋਰ ਵਰਗੇ ਗੀਤ ਸੁਣਨ ਨੂੰ ਮਿਲੇ। ਇਨਾਂ ਗੀਤਾਂ ਰੂਪੀ ਬੁ¦ਦ ਅਵਾਜ਼ ਦਾ ਨਾਂ ਸੀ ਬਲਜੀਤ ਮਾਲਵਾ। ‘ਮੌਜਾਂ’ ਟੇਪ ਦੇ ਰੂਪ ’ਚ ਉਸ ਨੇ ਜੋ ਗੁਲਦਸਤਾ ਪੰਜਾਬੀਆਂ ਦੀ ਝੋਲੀ ਪਾਇਆ, ਉਸ ਨੂੰ ਹਰ ਤਬਕੇ ਨੇ ਪਿਆਰਿਆ ਤੇ ਸਤਿਕਾਰਿਆ। ‘ਮੌਜਾਂ’ ਵਿਚਨੇ ਗੀਤ ‘‘ਓ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ’ਤੇ ਕਰੀਆਂ’’ ਨੂੰ ਜੇ ਲੋਕਗੀਤਾਂ ਦੇ ਹਮਰੁਤਬਾ ਸ਼ਬਦ ਨਾਲ ਸੰਬੋਧਨ ਕਰੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਟੇਪ ਨਾਲ ਬਲਜੀਤ ਦੀ ਗਾਇਕੀ ਦਾ ਦਾਇਰਾ ਵਿਸ਼ਾਲ ਹੋਇਆ ਤੇ ਉਸ ਨੂੰ ਸਰੋਤਿਆਂ ਨੇ ਅੰਤਾਂ ਦਾ ਲਾਡ ਲਡਾਇਆ। ਜੋ ਕੁਝ ਉਹ ਕਹਿਣਾ ਚਾਹੁੰਦਾ ਸੀ, ਉਸ ਨੂੰ ਸਭ ਨੇ ਸੁਣਿਆ, ਮਾਣਿਆਂ ਤੇ ਪ੍ਰਵਾਨਿਆ।
ਹੁਣ ਦੋ ਸਾਲ ਬਾਅਦ ਕਰੜੀ ਮਿਹਨਤ ਉਪਰੰਤ ਬਲਜੀਤ ਮਾਲਵਾ ਆਪਣੀ ਨਵੀਂ ਟੇਪ ‘ਤਰੱਕੀਆਂ’ ਜ਼ਰੀਏ ਦੋ ਡੰਡੇ ਹੋਰ ਉਪਰ ਨੂੰ ਹੋਣ ਜਾ ਰਿਹਾ ਹੈ। ‘ਤਰੱਕੀਆਂ’ ਟੇਪ ’ਚ ਸ਼ਾਂਤ ਹਿਰਦਿਆਂ ’ਚੋਂ ਉਠਿਆ ਵਲਵਲਾ, ਲਹਿਰ, ਸੈਲਾਬ ਤੇ ਅੱਗ ਹੈ, ਜਿਸ ਨੇ ਢੁਕਵੇਂ ਦਿਲਾਂ ’ਚ ਜਾ ਕੇ ਪਨਾਹ ਲੈਣੀ ਹੈ। ਇਸ ਟੇਪ ਜ਼ਰੀਏ ਬਲਜੀਤ ਨੇ ਹਰ ਇਨਸਾਨੀ ਵਲਵਲੇ ਨੂੰ ਬਾਖੂਬੀ ਪੇਸ਼ ਕਰਨ ਦਾ ਜੇਰਾ ਕੀਤਾ ਹੈ। ਚਾਹੇ ਉਹ ਮੁਹੱਬਤ ਹੋਵੇ, ਦਿਲਲਗੀ ਹੋਵੇ, ਵਫ਼ਾ ਹੋਵੇ, ਬੇਵਫਾਈ, ਸੰਗਦਿਲੀ ਹੋਵੇ, ਨਫ਼ਰਤ ਹੋਵੇ, ਸਾੜਾ ਹੋਵੇ, ਦਰਿਆਦਿਲੀ ਹੋਵੇ ਤੇ ਚਾਹੇ ਹੁਸਨ ਦੇ ਨਜ਼ਰਾਨੇ ਹੋਣ, ਹਰ ਅਹਿਸਾਸ ਯਾਦ ਰੱਖਣਯੋਗ ਹੈ ਇਸ ਟੇਪ ਅੰਦਰ।
‘ਤਰੱਕੀਆਂ ’ਚ ਕੁੱਲ ਦਸ ਗੀਤ ਹਨ, ਜਿਨਾਂ ’ਚੋਂ ਦੋ ਦੋਗਾਣਾ ਹਨ। ਇਸ ਵਿਚਲੇ ਅੱਠ ਗੀਤ ਲੋਕਗੀਤਾਂ ਜਿੰਨੀ ¦ਮੀ ਸੋਚ ਦੇ ਧਾਰਨੀ ਜੈਲੀ ਮਨਜੀਤਪੁਰੀ ਦੀ ਪੁਖਤਾ ਸੋਚ ਦੀ ਉਪਜ ਹਨ ਅਤੇ ਇਕ ਇਕ ਗੀਤ ਬਿਲਕੁਲ ਨਵੀਆਂ ਕਲਮਾਂ ਬਲਵੀਰ ਬੇਜਿੰਦ ਤੇ ਅਵਤਾਰ ਕਾਹਲੋਂ ਦੀ ਦੇਣ ਹਨ। ਵਿਸ਼ਵ ਪ੍ਰਸਿੱਧ ਕੰਪਨੀ ‘ਸਪੀਡ ਰਿਕਾਰਡਜ਼’ ਵੱਲੋਂ ਸਪਾਂਸਰ ਇਸ ਟੇਪ ਨੂੰ ਸੰਗੀਤ ਰੂਪੀ ਖੁਰਾਕ ਦਾ ਨਿਵਾਲਾ ਬਖਸ਼ਿਆ ਹੈ ਪ੍ਰਸਿੱਧ ਸੰਗੀਤਕਾਰ ਜੋੜੀ ਜੱਸੀ ਬ੍ਰਦਰਜ਼ ਨੇ। ਗੀਤਾਂ ਨੂੰ ਦੇਖਣਯੋਗ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ ਮਿਹਨਤੀ ਵੀਡੀਓ ਨਿਰਦੇਸ਼ਕ ਸੁਮਿਤ-ਵਨਿਤ ਭਾਰਦਵਾਜ ਤੇ ਪ੍ਰਮੋਦ ਸ਼ਰਮਾ ਰਾਣਾ ਨੇ।
ਟੀ ਵੀ ਚੈਨਲਾਂ ’ਤੇ ਟੀਜ਼ਰ ਚੱਲਣ ਦੀ ਦੇਰ ਸੀ ਕਿ ਬਲਜੀਤ ਦੇ ਚਾਹੁਣ ਵਾਲਿਆਂ ਨੇ ਆਪਣੇ ਸਕੇ-ਸਬੰਧੀਆਂ ਨੂੰ ‘ਤਰੱਕੀਆਂ’ ਦੀ ਆਮਦ ਦੀ ਦੱਸ ਪਾਈ ਤੇ ਹਰ ਕੋਈ ਟੀ ਵੀ ਚੈਨਲ ਬਦਲ-ਬਦਲ ਕੇ ਆਪਣੇ ਚਹੇਤੇ ਗਾਇਕ ਦੀ ਝਲਕ ਪਾਉਣ ਲਈ ਉਤਾਵਲਾ ਰਿਹਾ। ਟੀਜ਼ਰ ’ਤੇ ਹੀ ਐਨੀ ਉਤਸੁਕਤਾ…… ਤੇ ਜਦੋਂ ਟੇਪ ਮਾਰਕਿਟ ’ਚ ਆਈ ਤਾਂ ਫ਼ਿਰ ਕੀ ਹੋਵੇਗਾ? ਇਸ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਟੇਪ ਦਾ ਹੱਥੋ-ਹੱਥ ਵਿਕਣਾ ਸੁਭਾਵਕ ਹੈ।
‘ਤਰੱਕੀਆਂ’ ਨੂੰ ਸਰੋਤਿਆਂ ਨੇ ਮਹਿਬੂਬ ਵਾਂਗ ਗਲ ਨਾਲ ਲਾ ਰਹੇ ਨੇ। ਲੋਕ ਵੇਦਨਾ, ਜ਼ਮੀਰ ਹਲੂਨਣ ਵਾਲੇ ਤੇ ਸਮਾਜਿਕ ਬੁਰਾਈਆਂ ’ਤੇ ਬਲਜੀਤ ਨੇ ਇਸ ਵਾਰ ਮਜ਼ਬੂਤ ਚੋਟ ਮਾਰੀ ਹੈ। ਰਿਸ਼ਤੇ ਵਿਸ਼ਵਾਸ ਦੀ ਨੀਂਹ ’ਤੇ ਟਿਕਦੇ ਹਨ, ਪਰ ਜਦ ਕਦੇ ਵਿਸ਼ਵਾਸ ’ਚ ਖੜੋਤ ਆ ਜਾਵੇ ਤਾਂ ਰਿਸ਼ਤੇ ਤਾਰ-ਤਾਰ ਹੋ ਜਾਂਦੇ ਹਨ। ਇਨਾਂ ਟੁੱਟੇ ਰਿਸ਼ਤਿਆਂ ’ਚੋਂ ਉਪਜੀ ਬਿਰਹਾ, ਤਨਹਾਈ ਤੇ ਮਿਹਣੇ ਹੱਸਦੀ-ਵੱਸਦੀ ਜ਼ਿੰਦਗੀ ਨੂੰ ਪਤਝੜ ਦੇ ਮੌਸਮ ’ਚ ਮਰੁੰਡ ਹੋਏ ਰੁੱਖ ਵਰਗਾ ਕਰ ਦਿੰਦੀ ਹੈ। ਪਤੀ-ਪਤਨੀ ਦੇ ਟੁੱਟੇ ਰਿਸ਼ਤੇ ਦੀ ਮਾਰ ਬੇਦੋਸ਼ੀ ਔਲਾਦ ਨੂੰ ਸਹਿਣੀ ਪੈਂਦੀ ਹੈ। ਇਸ ਹਾਲਾਤ ਨੂੰ ਦਰਦਨਾਕ ਰੂਪ ’ਚ ਪੇਸ਼ ਕਰਦਾ ਹੈ ਬਲਜੀਤ ਦਾ ਇਕ ਗੀਤ।
ਦੇਖੋ ਨਮੂਨਾ :
ਪਤੀ-ਪਤਨੀ ’ਚ ਕਦੇ ਪਵੇ ਨਾ ਦਰਾੜ
ਫੇਰੇ ਹੋਣ ਜ਼ਿੰਦਗੀ ’ਚ ਬੱਸ ਇਕੋ ਵਾਰ
ਕਦੇ ਟੁੱਟੇ ਨਾ ਬੰਧਨ, ਸਾਰੀ ਉਮਰ ਬਈ
ਪਿਆਰ ਵਾਲੇ ਸੱਚੇ ਸਾਕ ਦਾ
ਕਦੇ ਹੋਵੇ ਨਾ ਤਲਾਕ ਮੇਰੇ ਮਾਲਕਾਂ
ਬੱਚਿਆਂ ਦੇ ਮਾਂ ਬਾਪ ਦਾ।
ਗੀਤ ਹੁੰਦਾ ਵੀ ਉਹੀ ਹੈ ਜੋ ਕੁਝ ਕਹਿ ਜਾਵੇ, ਕੁਝ ਪੁੱਛ ਜਾਵੇ ਤੇ ਕੁਝ ਦੱਸ ਜਾਵੇ। ਉਪਰੋਕਤ ਸ਼ਬਦ ਵੀ ਸਮਾਜ ਨੂੰ ਸੰਬੋਧਨ ਹੁੰਦੇ ਪ੍ਰਤੀਤ ਹੁੰਦੇ ਨੇ।
ਅਗਲੇ ਗੀਤ ‘ਤਲਾਸ਼’ ਜ਼ਰੀਏ ਬਲਜੀਤ ਫੋਕੀ ਫੜਾਂ ਤੋਂ ਉਪਰ ਉ¤ਠ ਕੇ ਇਕ ਐਦਾਂ ਦੀ ਕੁੜੀ ਦੀ ਭਾਲ ਵਿਚ ਹੈ ਜੋ ਸਭ ਕਾਸੇ ’ਚ ਪ੍ਰਪੱਕ ਹੋਵੇ। ਕਹਿਣ ਦਾ ਭਾਵ ਕਿ ਸਮਾਜਿਕ ਕਦਰਾਂ ਕੀਮਤਾਂ ਅਨੁਸਾਰ ਬੱਝੀਆਂ ਮਰਿਆਦਾਵਾਂ ਅਨੁਸਾਰ ਹੀ ਜੀਵਨਸਾਥੀ ਦੀ ਚੋਣ ਹੋਣੀ ਚਾਹੀਦੀ ਹੈ। ਤਲਾਸ਼ ਗੀਤ ਰਾਹੀਂ ਮਾਲਵਾ ਇਕ ਸਾਊ, ਸੋਹਣੀ ਤੇ ਤਹਿਜ਼ੀਬ ਸੰਭਾਲਣ ਵਾਲੀ ਕੁੜੀ ਨੂੰ ਪਾਉਣ ਦੀ ਗੱਲ ਕਰਦਾ ਹੈ।
ਖੁਸ਼ਬੂਦਾਰ ਫੁੱਲਾਂ ਦੀ ਮਹਿਕ ਵਰਗਾ ਨਾਂ ਸੁਰਜੀਤ ਬਿੰਦਰੱਖੀਆ, ਜਿਸ ਨਾਲ ਉਸ ਦਾ ਰਿਸ਼ਤਾ ਆਪ ਮੁਹਾਰੇ ਦੀ ਜੁੜ ਗਿਆ। ਪੜਦਿਆਂ, ਲਿਖਦਿਆਂ, ਸੁਣਦਿਆਂ, ਗਾਉਂਦਿਆਂ, ਮਿਲਦਿਆਂ ਉਹ ਉਸ ਦਾ ਦੋਸਤ ਬਣ ਗਿਆ, ਉਸ ਦੀ ਯਾਦ ਅੱਜ ਵੀ ਜਜ਼ਬਾਤੀ ਕੰਡਿਆਂ ਵਾਂਗ ਖੁੱਭ ਕੇ ਡੂੰਘੇ ਭੰਵਰਾਂ ਵੱਲ ਲੈ ਜਾਂਦੀ ਹੈ। ਉਸ ਧਰੂ ਤਾਰੇ ਵਾਂਗ ਚਮਕਦੇ ਫਨਕਾਰ ਲਈ ਬਲਜੀਤ ਵੱਲੋਂ ਪੇਸ਼ ਹੈ ਇਹ ਨਗਮਾ :
ਏ ਦੁਨੀਆ ਦੀ ਰੀਤ ਨਹੀਂ ਮਾਏ
ਜਾਣੀ ਸਾਡੇ ਨਾਲ ਬੀਤ ਨੀ ਮਾਏ
ਇਕ ਡੋਰ ਦੇ ਮੋਤੀ ਖਿੰਡਣੇ
ਕੱਲੀ ਕਿਵੇਂ ਪਰੋਵੇਂਗੀ।
ਐਨਾ ਲਾਡ ਲਡਾ ਨਾ ਮਾਏ, ਇਕ ਦਿਨ ਔਖੀ ਹੋਵੇਂਗੀ।
‘ਤਰੱਕੀਆਂ’ ’ਚ ਬਲਜੀਤ ਦੀ ਤਪੱਸਿਆ ਇਸ ਵਾਰ ਵੀ ਘੱਟ ਨਹੀਂ, ਹਰ ਇਕ ਗੀਤ ਲੋਕ ਦਿਲਾਂ ਦੀ ਤਰਜਮਾਨੀ ਕਰਦਾ ਹੈ। ਹਰ ਇਕ ਨੂੰ ਆਪਣੇ ਨਾਲ ਬੀਤਦਾ ਜਾਪਦਾ ਹੈ। ਹਰੇਕ ਗੀਤ ਆਪਣੇ ਆਪ ਵਿਚ ਪੂਰਨ ਸੱਚ ਹੈ।
ਟਾਇਟਲ ਗੀਤ ‘ਤਰੱਕੀਆਂ’ ‘ਸੜ ਨਾ ਰੀਸ ਕਰ’ ਕਹਾਵਤ ’ਤੇ ਧਿਆਨ ਦਿਵਾਉਂਦਾ ਹੈ। ਭਾਵ ਕਿ ਕਿਸੇ ਨੂੰ ਵੀ ਮਾਲਕ ਵੱਲੋਂ ਮਿਲੇ ਮਾਨ ਸਨਮਾਨ ’ਤੇ ਸਾਨੂੰ ਖੁੰਦਕੀ ਨਜ਼ਰਾਂ ਨਹੀਂ ਰੱਖਣੀਆਂ ਚਾਹੀਦੀਆਂ ਸਗੋਂ ਸੋਚ ਉਚੀ ਕਰਕੇ ਆਪਣੇ ਆਪ ਨੂੰ ਉਨਾਂ ਦੇ ਬਰਾਬਰ ਖੜਾ ਕਰਨ ਲਈ ਸਮਰੱਥ ਬਣਾਉਣਾ ਚਾਹੀਦਾ ਹੈ। ਨਸ਼ਿਆਂ ਦੀ ਦਲਦਲ ’ਚ ਧਸਦੀ ਜਾ ਰਹੀ ਪੰਜਾਬੀ ਦੀ ਜਵਾਨੀ ਨੂੰ ਇਕ ਦੋਗਾਣਾ ਗੀਤ ਰਾਹੀਂ ਫਿਟਕਾਰ ਪਾਈ ਹੈ।
ਬਲਜੀਤ ਮਾਲਵਾ ਦੀ ‘ਤਰੱਕੀਆਂ’ ਹਮਦਰਦਾਂ ਲਈ ਰੂਹ ਦੀ ਅਵਾਜ਼ ਬਣਦੀ ਜਾ ਰਹੀ ਹੈ। ‘ਮੌਜਾਂ’ ਵਾਂਗ ਸਰੋਤੇ ਇਸ ਵਾਰ ਵੀ ਬਲਜੀਤ ਦਾ ਹੱਥ ਘੁੱਟ ਕੇ ਫੜਨਗੇ, ਜੋ ਕਿ ਇੱਥੋਂ ਪ੍ਰਤੱਖ ਹੈ ਕਿ ਅਮਰੀਕਾ ਬੈਠੇ ਬਲਜੀਤ ਨਾਲ ਗੱਲ ਕਰਨ ਲਈ ਪ੍ਰਸੰਸਕਾਂ ਨੂੰ ਕਾਲ ਵੇਟਿੰਗ ’ਚ ਲੱਗਣਾ ਪੈ ਰਿਹਾ ਹੈ। ਕਿਉਂਕਿ ਨਿਖਰੇ ਸੱਚ ਵਰਗੀ ਖੂਬਸੂਰਤ ਸ਼ੈਅ ਹੈ, ‘ਤਰੱਕੀਆਂ’। ਬੱਸ ਨਿਰੀ ਧੁੱਪ, ਨਿਰੀ ਚਾਨਣੀ, ਨਿਰਾ ਸੋਨਾ।