Punjab News

April 24, 2010

ਦਿੱਲੀ ਦਾ ਮੇਅਰ ਤੇ ਸੂਬਾਈ ਪ੍ਰਧਾਨ ਲਈ ‘ਅਗਲਾ ਕੌਣ’ ਬਾਰੇ ਮੈਰਾਥਨ ਆਖਰੀ ਪੜਾਅ ’ਤੇ-ਡਾ. ਦਰਸ਼ਨ ਸਿੰਘ ਹਰਵਿੰਦਰ

Dr_Darshan_Singh_Harvinder

ਭਾਰਤੀ ਜਨਤਾ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਲਈ ਚਲ ਰਹੀ ਮੈਰਾਥਨ ਦੇ ਨਾਲ ਨਾਲ ਦੂਜੇ ਟਰੈਕ ’ਤੇ ਏਥੋਂ ਦੇ ਮੇਅਰ ਦੀ ਚੇਅਰ ਲਈ ਲੱਗੀ ਦੌੜ ਦਾ ਟੂਰਨਾਮੈਂਟ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਇਸ ਲਈ ਦਿੱਲੀ ਭਾਜਪਾ ਵਿਚ ‘ਅਗਲਾ ਕੌਣ’ ਦੀ ਟੈਨਸ਼ਨ ਉਵੇਂ ਜਿਵੇਂ ਬਰਕਰਾਰ ਹੈ। ਇਨਾਂ ਦੋਨਾਂ ਅਹੁਦਿਆਂ ਲਈ ਫੈਸਲਾ 21 ਅਪ੍ਰੈਲ ਦੀ ਇਸ ਰੈਲੀ ਤੋਂ ਬਾਅਦ ਤੈਅ ਹੋਣਾ ਹੈ। ਪ੍ਰਧਾਨ ਬਾਰੇ ਤਾਂ ਭਾਵੇਂ ਆਨੀ-ਬਹਾਨੀ ਅਜੇ ਹੋਰ ਟਾਲਿਆ ਜਾ ਸਕਦਾ ਹੈ, ਪਰ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ, ਡਿਪਟੀ ਮੇਅਰ ਤੇ ਕਈ ਹੋਰ ਅਹੁਦੇ ਟਾਈਮ ਬਾਊਂਡ (ਸਮਾਂ ਨਿਰਧਾਰਿਤ) ਹੋਣ ਕਾਰਨ ਇਹ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਭਰਨੇ ਜ਼ਰੂਰੀ ਹੈ, ਵਰਨਾ ਸੰਵਿਧਾਨਕ ਸੰਕਟ ਖੜਾ ਹੋ ਸਕਦਾ ਹੈ।
ਇਸੇ ਲਈ ਇਨਾਂ ਅਹੁਦਿਆਂ ਲਈ ਭਾਜਪਾ ਵਿਚ ਚਲ ਰਹੀ ਆਪਸੀ ਖਿੱਚੋਤਾਣ ਤੇ ਇਸਦੇ ਨੇਤਾਵਾਂ ਵਿਚ ਇਕ ਰਾਏ ਨਾ ਬਣ ਸਕਣ ਕਾਰਨ ਇਨਾਂ ਪਦਾਂ ਲਈ ਹੋਣ ਵਾਲੀ ਚੋਣ ਦੀ ਤਰੀਕ ਨੂੰ ਬੜੇ ਹੀ ਨਾਟਕੀ ਢੰਗ ਨਾਲ ਦੋ ਦਿਨ ਅੱਗੇ ਵਧਾ ਦਿੱਤਾ ਗਿਆ ਹੈ ਤੇ ਹੁਣ ਇਨਾਂ ਸਮੇਤ ਮੇਅਰ ਦੀ ਚੋਣ 30 ਅਪ੍ਰੈਲ ਨੂੰ ਹੋਵੇਗੀ।
ਕਾਬਿਲੇ ਗੌਰ ਹੈ ਕਿ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਐਕਟ 1957 ਦੀ ਧਾਰਾ 35 ਦੀ ਉਪ ਧਾਰਾ 1 ਦੇ ਤਹਿਤ ਕਾਰਪੋਰੇਸ਼ਨ ਹਰੇਕ ਸਾਲ ਆਪਣੀ ਪਹਿਲੀ ਮੀਟਿੰਗ ਵਿਚ ਮੈਂਬਰਾਂ ’ਚੋਂ ਕਿਸੇ ਇਕ ਨੂੰ ਕਾਰਪੋਰੇਸ਼ਨ ਦਾ ਮੇਅਰ ਤੇ ਕਿਸੇ ਹੋਰ ਮੈਂਬਰ ਨੂੰ ਡਿਪਟੀ ਮੇਅਰ ਚੁਣਦੀ ਹੈ। ਐਕਟ ਅਨੁਸਾਰ ਪਹਿਲੀ ਅਪ੍ਰੈਲ ਤੋਂ ਸਾਲ ਦਾ ਆਗਾਜ਼ ਮੰਨਿਆ ਜਾਂਦਾ ਹੈ।  ਇਸਦੇ ਤਹਿਤ ਕਾਰਪੋਰੇਸ਼ਨ ਸਦਨ ਦੀ ਪਹਿਲੀ ਬੈਠਕ ਜੋ ਹਰ ਵਰੇ 30 ਅਪ੍ਰੈਲ ਤਕ ਹੋ ਜਾਣੀ ਚਾਹੀਦੀ ਹੈ, ਵਿਚ ਮੇਅਰ ਦੇ ਇਲਾਵਾ ਡਿਪਟੀ ਮੇਅਰ, ਸਥਾਈ ਕਮੇਟੀ ਦੇ ਚੇਅਰਮੈਨ ਦੀ ਚੋਣ ਤੈਅ ਹੁੰਦੀ ਹੈ। ਇਸ ਲਈ ਜੇ ਕਿਸੇ ਕਾਰਨਵਸ 30 ਅਪ੍ਰੈਲ ਨੂੰ ਬੁਲਾਈ ਗਈ ਸਦਨ ਦੀ ਬੈਠਕ ਉਸ ਦਿਨ ਨਾ ਹੋ ਸਕੀ ਤਾਂ ਅਸੰਵਿਧਾਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਾਰਟੀ ਸੂਤਰਾਂ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਇਹੀ ਜਤਨ ਕੀਤਾ ਜਾ ਰਿਹਾ ਹੈ ਕਿ ਮੌਜੂਦਾ ਮੇਅਰ ਤੇ ਸਟੈਂਡਿੰਗ ਕਮੇਟੀ ਚੇਅਰਮੈਨ ਨੂੰ ਹੀ ਦੁਬਾਰਾ ਇਸ ਪਦ ’ਤੇ ਰੱਖਿਆ ਜਾਵੇ, ਪਰ ਕਾਊਂਸਲਰ ਇਸਦਾ ਵਿਰੋਧ ਕਰ ਰਹੇ ਹਨ। ਉਨਾਂ ਦਾ ਤਰਕ ਹੈ ਕਿ ਮੇਅਰ ਪਹਿਲਾਂ ਦੋ ਸਾਲ ਮਹਿਲਾ ਲਈ ਇਹ ਪਦ ਰਿਜ਼ਰਵ ਰਿਹਾ ਤੇ ਹੁਣ ਅਣਸੂਚਿਤ ਜਾਤੀ ਲਈ, ਤਾਂ ਫਿਰ ਗੈਰ ਰਿਜ਼ਰਵ ਵਰਗ ਨੂੰ ਇਸ ਕੁਰਸੀ ’ਤੇ ਬੈਠਣਾ ਕਦ ਨਸੀਬ ਹੋਵੇਗਾ ?
ਦਿੱਲੀ ਦਾ ਮੇਅਰ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਵਾਲੇ ਦਾਅਵੇਦਾਰਾਂ ’ਚੋਂ ਤਿੰਨ ਸਾਲਾਂ ਤੋਂ ਸਦਨ ਦੇ ਨੇਤਾ ਸੁਭਾਸ਼ ਆਰਿਆ ਦਾ ਨਾਂ ਸਭ ਤੋਂ ਅੱਗੇ ਹੈ। ਜੇ ਡਾ. ਕੰਵਰ ਸੇਨ ਨੂੰ ਫਿਰ ਤੋਂ ਮੇਅਰ ਬਰਕਰਾਰ ਰੱਖਿਆ ਜਾਂਦਾ ਹੈ ਤਾਂ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਪਦ ’ਤੇ ਰਾਮ ਕਿਸ਼ਨ ਸਿੰਗਲ ਵੀ ਮੁੜ ਚੁਣੇ ਜਾਣ ਦਾ ਦਮ ਭਰ ਸਕਦੇ ਹਨ। ਜਦਕਿ ਸਟੈਂਡਿੰਗ ਕਮੇਟੀ ਦੇ ਸਾਬਕਾ ਚੇਅਰਮੈਨ ਵਿਜੇਂਦਰ ਗੁਪਤਾ ਤੇ ਮੌਜੂਦਾ ਵਾਈਸ ਚੇਅਰਪਰਸਨ ਰਜਨੀ ਅੱਬੀ ਇਸ ਪਦ ਲਈ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ। ਇਸ ਤੋਂ ਬਿਨਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਸਾਹਿਬ ਸਿੰਘ ਦੇ ਰਿਸ਼ਤੇਦਾਰ ਡਿਪਟੀ ਮੇਅਰ ਮਾਸਟਰ ਆਜ਼ਾਦ ਸਿੰਘ ਨੂੰ ਐਤਕੀਂ ਮੇਅਰ ਬਣਾਉਣ ਲਈ ਵੀ ਜਦੋਜਹਿਦ ਹੋ ਰਹੀ ਹੈ।
ਕਿਹਾ ਜਾ ਰਿਹਾ ਹੈ ਕਿ ਭਾਜਪਾ ਹਾਈ ਕਮਾਨ ਨੂੰ ਦਿੱਲੀ ਭਾਜਪਾਈ ਨੇਤਾਵਾਂ ਨੂੰ ਕਹਿ ਦਿੱਤਾ ਸੀ ਕਿ ਪਹਿਲਾਂ ਉਹ 21 ਅਪ੍ਰੈਲ ਨੂੰ ਮਹਿੰਗਾੲੀ ਦੇ ਖਿਲਾਫ਼ ਰਾਜਧਾਨੀ ਵਿਚ ਹੋਣ ਵਾਲੀ ਰੈਲੀ ਵਿਚ ਆਪਣਾ ਦਮ ਖਮ ਵਿਖਾਉਣ, ਉਸ ਤੋਂ ਬਾਅਦ ਹੀ ਨਵਾਂ ਪ੍ਰਦੇਸ਼ਕ ਪ੍ਰਧਾਨ ਜਿਸ ਬਾਰੇ ਪਿਛਲੇ ਕਈ ਮਹੀਨਿਆਂ ਤੋਂ ਫੈਸਲਾ ਆਨੀ-ਬਹਾਨੀ ਟਲਦਾ ਆ ਰਿਹਾ ਹੈ, ਫਾਈਨਲ ਕੀਤਾ ਜਾਵੇਗਾ। ਏਸੇ ‘ਕੂਟਨੀਤਿਕ’ ਰਾਜਨੀਤੀ ਤਹਿਤ ਕਾਰਪੋਰੇਸ਼ਨ ਵਿਚ ਵੀ ਸੱਤਾ ’ਤੇ ਕਾਬਜ ਭਾਜਪਾ ਦੇ ਨਵੇਂ ਨੇਤਾਵਾਂ ਦੀ ਚੋਣ ਬਾਰੇ ਵੀ ਕਿਸੇ ਤਣ ਪੱਤਣ ਨਹੀਂ ਲੱਗਿਆ ਜਾ ਸਕਿਆ।
ਕਾਬਲੇ ਗੌਰ ਹੈ ਕਿ ਪ੍ਰਦੇਸ਼ ਭਾਜਪਾ ਦੀ ਦੌੜ ਵਿਚ ਪਾਰਟੀ ਦੇ ਸੀਨੀਅਰ ਨੇਤਾ ਵਿਜੇ ਗੋਇਲ, ਨੰਦ ਕਿਸ਼ੋਰ ਗਰਗ, ਵਿਜੇਂਦਰ ਗੁਪਤਾ, ਵਿਜੈ ਜੌਲੀ ਆਦਿ ਆਪੋ ਆਪਣੇ ਤਰੀਕੇ ਨਾਲ ‘ਮਿਹਨਤ’ ਕਰਦੇ ਆ ਰਹੇ ਹਨ। ਪਰ ਪਾਰਟੀ ਆਲਾ ਹਾਈਕਮਾਨ ਨੇ ਨਾ ਤਾਂ ਅਗਲਾ ਸੂਬਾਈ ਪ੍ਰਧਾਨ ਕੌਣ ਹੋਵੇਗਾ, ਉਹਦੇ ਬਾਰੇ ਹੀ ਕੋਈ ਪੱਤੇ ਖੋਲ•ੇ ਹਨ ਤੇ ਇਸ ਸੂਰਤ ਵਿਚ ਨਾ ਹੀ ਦਿੱਲੀ ਦੇ ਮੇਅਰ ਤੇ ਕਾਰਪੋਰੇਸ਼ਨ ਵਿਚ ਸੱਤਾਧਾਰੀ ਭਾਜਪਾ ਨੇਤਾਵਾਂ ਦੇ ਵਿਭਿੰਨ ਪਦਾਂ ਬਾਰੇ ਕੋਈ ਤਸਵੀਰ ਸਾਫ ਹੋ ਸਕੀ ਹੈ, ਸਗੋਂ ਇਨਾਂ ਪਦਾਂ ਬਾਰੇ ਬਦਲਾਅ ਅੱਗੇ ਦਾ ਅੱਗੇ ਹੀ ਖਿਸਕਦਾ ਗਿਆ।
ਭਾਜਪਾਈ ਕੌਂਸਲਰਾਂ ਦਾ ਇਲਜ਼ਾਮ ਤੇ ਰੋਸ ਹੈ ਕਿ ਕਾਰਪੋਰੇਸ਼ਨ ਵਿਚ ਪਾਰਟੀ ਦੇ ਵੱਡੇ ਨੇਤਾਵਾਂ ਮੂਹਰੇ ਉਨਾਂ ਦੀ ਕੋਈ ਸੁਣਵਾਈ ਨਹੀਂ। ਅਜਿਹੇ ਵਿਚ ਉਨਾਂ ਨੌਜਵਾਨ ਕੌਂਸਲਰਾਂ ਨੂੰ ਇਨਾਂ ਦੋਹਾਂ ਪਦਾਂ ’ਤੇ ਸੁਸ਼ੋਭਿਤ ਕੀਤਾ ਜਾਵੇ ਜੋ ਕਾਰਪੋਰੇਸ਼ਨ ਤੇ ਦਿੱਲੀ ਸਰਕਾਰ ਵਿਚ ਤਾਂ ਤਾਲਮੇਲ ਬਣਾਉਣ ਹੀ, ਨਾਲ ਹੀ ਕਾਰਪੋਰੇਸ਼ਨ ਦੀ ਆਰਥਕ ਹਾਲਤ ਵੀ ਸੁਧਾਰਨ। ਉਨਾਂ ਨੂੰ ਇਸ ਗੱਲ ਦਾ ਗਿਲਾ ਹੈ ਕਿ ਕਾਰਪੋਰੇਸ਼ਨ ਵਿਚ ਜਦ ਵੀ ਭਾਜਪਾ ਸੱਤਾ ’ਚ ਹੁੰਦੀ ਹੈ ਤਾਂ ਵਾਰ ਵਾਰ ਕੁਝ ਕੌਂਸਲਰ ਵੱਡੇ ਪਦਾਂ ਨੂੰ ਹਥਿਆ ਲੈਂਦੇ ਹਨ। ਇਸ ਲਈ ਕਿਰਕਿਰੀ ਤੋਂ ਬਚਣ ਲਈ ਇਸ ਪਰੰਪਰਾ ਨੂੰ ਹਰ ਹੀਲੇ ਬਦਲਿਆ ਜਾਵੇ। ਇਸ ਲਈ ਖਦ੍ਯਸ਼ਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਭਾਜਪਾ ਕੌਂਸਲਰ ਕਿਤੇ ਬਾਗੀ ਹੀ ਨਾ ਹੋ ਜਾਣ, ਉਹ ਵੀ ਉਦੋਂ ਜਦੋਂ ਪਹਿਲਾਂ ਵੀ ਦੋ ਵਾਰ ਮੇਅਰ ਪਦ ਨੂੰ ਲੈ ਕੇ ਪਾਰਟੀ ਵਿਚ ਬਗਾਵਤ ਦਾ ਬਿਗਲ ਵੱਜ ਚੁੱਕਾ ਹੋਵੇ।
ਸ਼ਾਇਦ ਇਹੋ ਹੀ ਵਜਾ ਹੈ ਕਿ ਭਾਜਪਾ ਪ੍ਰਧਾਨ ਨਿਤਿਨ ਗੜਕਰੀ ਨੂੰ ਜਿਥੇ ਦਿੱਲੀ ਦਾ ਪ੍ਰਧਾਨ ਚੁਣਨ ਵਿਚ ਖਾਸੀ ਮੁਸ਼ਕਤ ਕਰਨੀ ਪੈ ਰਹੀ ਹੈ, ਉਥੇ ਦਿੱਲੀ ਦਾ ਮੇਅਰ ਵੀ ਬਣਾਉਣ ਲਈ ਵੀ ਪਾਰਟੀ ਅੰਦਰ ਚਲ ਰਹੀ ਜ਼ੋਰ ਅਜ਼ਮਾਇਸ਼ ਦੀ ਗਰਮੀ ਵੀ ਲੂ ਦੇ ਥਪੇੜਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਹਿੰਦੇ ਨੇ ਗੜਕਰੀ ਨੇ ਗੜਕਦਿਆਂ ਇਥੋਂ ਤਕ ਸਪੱਸ਼ਟ ਹਦਾਇਤ ਦਿੱਤੀ ਸੀ ਕਿ ਸਿਰਫ਼ ਨਿਸ਼ਠਾਵਾਨ ਤੇ ਜ਼ਮੀਨੀ ਪੱਧਰ ’ਤੇ ਵਿਸਥਾਰ ਦੇ ਹਾਮੀ ਨੇਤਾਵਾਂ ਨੂੰ ਹੀ ਪ੍ਰਮੁੱਖ ਪਦਾਂ ’ਤੇ ਆਉਣ ਦਿੱਤਾ ਜਾਵੇ। ਭਾਜਪਾ ਰੈਲੀ ਵਿਚ ‘ਤਾਕਤ ਵਿਖਾਓ, ਪਦ ਪਾਓ’, ਪਦ ਪਾਉਣ ਦੀ ਅਣ ਐਲਾਨੀ ਸ਼ਰਤ ਕਾਰਨ ਤਦੇ ਹੀ ਦਿੱਲੀ ਵਿਚ ਪ੍ਰਧਾਨ ਸਮੇਤ ਕਈ ਹੋਰ ਅਹਿਮ ਪਦਾਂ ਦੀ ਚਾਹਤ ਲਈ ਦੋ ਦਰਜਨ ਤੋਂ ਵੱਧ ਨੇਤਾ ਵਰਦੀ ਗਰਮੀ ਦੀ ਤਪਸ਼ ਦੇ ਬਾਵਜੂਦ ਰੈਲੀ ਦੀ ਸਫ਼ਲਤਾ ਵਿਚ ਜੁਟੇ ਰਹੇ।
ਕਿਹਾ ਸੁਣਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਭਾਜਪਾ ਵੱਲੋਂ ਕੀਤੀ ਗਈ ਮਹਿੰਗਾਈ ਵਿਰੋਧੀ ਰੈਲੀ ਦੇ ਬਾਅਦ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਦੇ ਐਲਾਨ ਦੇ ਬਾਅਦ ਹੀ ਨਵੇਂ ਪ੍ਰਧਾਨ ਦੀ ਸਲਾਹ ’ਤੇ ਮੇਅਰ ਤੇ ਉਪ ਮੇਅਰ ਦਾ ਫੈਸਲਾ ਕਰੇਗਾ। ਹਾਲਾਂਕਿ ਕਾਰਪੋਰੇਸ਼ਨ ਵਿਚ ਭਾਜਪਾ ਦਾ ਸ਼ਾਸਨ ਹੋਣ ਕਾਰਨ ਕਾਰਪੋਰੇਸ਼ਨ ਦੇ ਇਨਾਂ ਪਦਾਂ ਲਈ ਭਾਜਪਾ ਉਮੀਦਵਾਰਾਂ ਦਾ ਹੀ ਚੁਣਿਆ ਜਾਣਾ ਲਗਭਗ ਤੈਅ ਹੈ, ਪਰ ਲੋਕਤੰਤਰ ਦੇ ਤਹਿਤ ਇਨਾਂ ਪਦਾਂ ਲਈ ਕਾਂਗਰਸ ਵੀ ਤਾਂ ਜ਼ੋਰ ਅਜ਼ਮਾਇਸ਼ ਲਈ ਆਪਣੀ ਕਸਰਤ ਜਾਂ ਵਰਜਿਸ਼ ਦਾ ‘ਟ੍ਰਾਇਲ ਰਨ’ ਲੈ ਸਕਦੀ ਹੈ। …ਤੇ ਫੇਰ ਉਹ ਵੀ ਉਦੋਂ ਜਦੋਂ ਇਨਾਂ ਪਦਾਂ ਨੂੰ ਲੈ ਕੇ ਪਾਰਟੀ ਵਿਚ ਜ਼ਬਰਦਸਤ ਖਿੱਚੋਤਾਣ ਚਲ ਰਹੀ ਹੋਵੇ।
ਦਿਲਚਸਪ ਇਹ ਹੈ ਕਿ ਕਈ ਭਾਜਪਾ ਨੇਤਾਵਾਂ ਵੱਲੋਂ ਮੌਜੂਦਾ ਅਹੁਦੇਦਾਰਾਂ ਨੂੰ ਹੀ ਇਨਾਂ ਅਦਿਆਂ ’ਤੇ ਬਰਕਰਾਰ ਰੱਖਣ ਲਈ ਕੀਤੀ ਜਾ ਰਹੀ ਜਦੋਜਹਿਦ ਦੇ ਬਾਵਜੂਦ ਵੀ ਪ੍ਰਦੇਸ਼ਕ ਪ੍ਰਧਾਨ ਓਮ ਪ੍ਰਕਾਸ਼ ਕੋਹਲੀ ਇਸ ਨਾਲ ਸਹਿਮਤ ਨਹੀ! ਹਨ। ਉਨਾਂ ਦਾ ਤਰਕ ਹੈ ਕਿ ਜੇ ਅਜਿਹਾ ਹੋਇਆ ਤਾਂ ਪਾਰਟੀ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਵੇਖੋ ! ਇਸ ਮੈਰਾਥਨ ’ਚੋਂ ਕਿਸਮਤ ਕਿਨਾਂ ਨੂੰ ‘ਬੈਸਟ ਐਥਲੀਟ’ ਹੋਣ ਦਾ ਮਾਣ ਬਖਸ਼ਦੀ ਹੈ।

***



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO