Punjab News

May 2, 2010

ਕਿਧਰ ਗਏ ਸਿਧਾਂਤ, ਜਿਨ੍ਹਾਂ ’ਤੇ ਪਹਿਰਾ ਦੇਣ ਦੇ ਦਾਅਵੇ ਕੀਤੇ ਜਾਂਦੇ ਨੇ–ਜਸਵੰਤ ਸਿੰਘ ‘ਅਜੀਤ’

Jaswant Singh Ajit

ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਆਗੂਆਂ ਵਲੋਂ ਇਕ ਪ੍ਰੈਸ ਨੋਟ ਜਾਰੀ ਕਰਕੇ ਲੋਕਾਂ ਨੂੰ ਇਹ ਜਾਣਕਾਰੀ ਦਿਤੀ ਗਈ ਸੀ, ਕਿ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਅਰੰਭ ਹੋਏ ‘ਸਰਹੰਦ ਫ਼ਤਹ ਮਾਰਚ’ ਦੇ ਆਇਆ ਨਗਰ ਮਹਿਰੌਲੀ (ਦਿੱਲੀ) ਬਾਰਡਰ ਤੇ ਪੁਜਣ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਲਾਲ ਕ੍ਰਿਸ਼ਨ ਅਡਵਾਨੀ, ਓਮ ਪ੍ਰਕਾਸ਼ ਚੌਟਾਲਾ, ਮਮਤਾ ਬੈਨਰਜੀ, ਮਾਇਆਵਤੀ, ਸੁਸ਼ਮਾ ਸਵਰਾਜ. ਵਿਜੈ ਕੁਮਾਰ ਮਲ੍ਹੋਤਰਾ ਅਤੇ ਹੋਰ ਰਾਜਸੀ ਪਾਰਟੀਆਂ ਦੇ ਨੇਤਾਗਣ, ਉਸਦਾ ਸੁਆਗਤ ਕਰਨ ਦੇ ਲਈ ਪਹੁੰਚ ਰਹੇ ਹਨ। ਪਰ ਜਦੋਂ ਫ਼ਤਹਿ ਮਾਰਚ ਦਿੱਲੀ ਬਾਰਡਰ ਤੇ ਪੁਜਾ, ਤਾਂ ਆਸ ਦੇ ਵਿਰੁਧ ਐਲਾਨੇ ਗਏ ਕਾਂਗ੍ਰਸ-ਵਿਰੋਧੀ ਦਰਜਨ-ਭਰ ਆਗੂਆਂ ਵਿਚੋਂ ਕੇਵਲ ਓਮ ਪ੍ਰਕਾਸ਼ ਚੌਟਾਲਾ ਤੇ ਵਿਜੈ ਕੁਮਾਰ ਮਲ੍ਹੋਤਰਾ ਹੀ ਦੇ ਹੀ ਦਰਸ਼ਨ ਹੋਏ। ਬਾਕੀ ਕਿਥੇ ਰਹਿ ਗਏ? ਇਸਦਾ ਕੋਈ ਸੰਤੋਸ਼-ਜਨਕ ਜੁਆਬ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਿਸੇ ਵੀ ਮੁੱਖੀ ਵਲੋਂ ਨਹੀਂ ਸੀ ਦਿਤਾ ਜਾ ਸਕਿਆ। ਗ਼ੈਰ-ਐਲਾਨੇ ਗਏ ਅਕਾਲੀ ਆਗੂਆਂ ਵਿਚੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਕਤ੍ਰ ਜਨਰਲ ਤੇ ਰਾਜਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਤੇ ਦਲ ਦੇ ਜਨਰਲ ਸਕਤ੍ਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੌਕੇ ਤੇ ਜ਼ਰੂਰ ਨਜ਼ਰ ਆਏ।
ਸਭ ਤੋਂ ਵੱਧ ਹੈਰਾਨੀ ਵਾਲੀ ਮੌਜੂਦਗੀ ਦਿੱਲੀ ਦੀ ਕਾਂਗ੍ਰਸ ਸਰਕਾਰ ਦੀ ਨੇਤਾ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਤ ਅਤੇ ਵਿਦਿਆ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਦੀ ਮਹਿਸੂਸ ਕੀਤੀ ਗਈ। ਹੈਰਾਨੀ ਹੋਣ ਦਾ ਇਕ ਕਾਰਣ ਤਾਂ ਇਹ ਸੀ ਕਿ 1984 ਤੋਂ ਲੈ ਕੇ ਹੁਣ ਤਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂਆਂ ਤੋਂ ਲੈ ਕੇ ਸਾਧਾਰਣ ਵਰਕਰ ਤਕ, ਕਾਂਗ੍ਰਸ ਨੂੰ ਸਿੱਖਾਂ ਦੀ ਕਾਤਲ ਅਤੇ ਦੁਸ਼ਮਣ ਨੰਬਰ-ਇਕ ਗਰਦਾਨਦੇ ਚਲੇ ਆ ਰਹੇ ਹਨ ਅਤੇ ਦੂਜਾ ਕਾਰਣ ਇਹ ਸੀ ਕਿ ਅਦਾਲਤ ਵਲੋਂ ਸੀ ਬੀ ਆਈ ਦੀ ਕਲੋਜ਼ਰ-ਰਿਪੋਰਟ ਸਵੀਕਾਰ ਕਰਕੇ, ਉਸਦੀ ਮੰਗ ਪੁਰ ਜਗਦੀਸ਼ ਟਾੲਟਿਲਰ ਦੇ ਵਿਰੁਧ ਨਵੰਬਰ-84 ਦੇ ਸਿੱਖ-ਕਤਲੇਆਮ ਨਾਲ ਸਬੰਧਤ ਚਲ ਰਹੇ ਸਾਰੇ ਕੇਸ ਬੰਦ ਕਰ ਦੇਣ ਤੇ ਮੋਹਰ ਲਾਇਆਂ ਅਜੇ ਚਵ੍ਹੀ ਘੰਟੇ ਵੀ ਨਹੀਂ ਸਨ ਬੀਤੇ। ਅਕਾਲੀ ਸਾਂਸਦ ਬੀਬੀ ਹਰਸਿਮਰਤ ਕੌਰ ਵਲੋਂ ਇਸਦੇ ਲਈ ਕਾਂਗ੍ਰਸ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਹੋਇਆਂ, ਇਸੇ ਮੁੱਦੇ ਤੇ ਸੰਸਦ ਵਿਚ ਬਹਿਸ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੋਈ ਸੀ।
ਜਾਣਕਾਰ ਸੂਤਰਾਂ ਵਲੋਂ ਦਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਆਗੂਆਂ ਵਲੋਂ ਜਦੋਂ ‘ਸਰਹੰਦ ਫ਼ਤਹਿ ਮਾਰਚ’ ਦੇ ਸੁਆਗਤ-ਸਮਗਮ ਵਿਚ ਸ਼ਾਮਲ ਹੋਣ ਲਈ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂਆਂ ਤਕ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਵਲੋਂ ਕੋਈ ਸੰਤੋਸ਼ਜਨਕ ਹੁੰਗਾਰਾ ਨਾ ਮਿਲਣ ਤੇ, ਉਹ ਕੁਝ ਪ੍ਰੇਸ਼ਾਨ ਜਿਹੇ ਹੋ ਗਏ। ਇਸਦਾ ਕਾਰਣ ਇਹ ਸੀ ਕਿ ਸ. ਸੁਖਬੀਰ ਸਿੰਘ ਬਾਦਲ, ਜੋ ਪਹਿਲਾਂ ਤੋਂ ਹੀ ਵਿਦੇਸ਼ ਵਿਚ ਸਨ, ਉਨ੍ਹਾਂ ਦੇ ਬੁਧਵਾਰ ਤਕ ਵਾਪਸ ਪੁਜਣ ਦੀ ਕੋਈ ਸੰਭਾਵਨਾ ਨਹੀਂ ਸੀ ਨਜ਼ਰ ਆ ਰਹੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਵੀ ਬੁਧਵਾਰ ਤੋਂ ਪਹਿਲਾਂ ਹੀ ਵਿਦੇਸ਼ ਚਲੇ ਗਏ ਸਨ। ਇਸ ਕਾਰਣ ਕੋਈ ਵੀ ਅਜਿਹੀ ਸ਼ਖਸੀਅਤ ਉਨ੍ਹਾਂ ਦੇ ਸਾਹਮਣੇ ਨਹੀਂ ਸੀ, ਜਿਸ ਨੂੰ ਸੁਆਗਤ-ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਕਰਕੇ ਉਹ ਆਪਣੀ ਲਾਜ ਬਚਾ ਸਕਦੇ। ਇਸ ਹਾਲਤ ਵਿਚ ਦਸਿਆ ਜਾਂਦਾ ਹੈ ਕਿ ਆਖਿਰ ਉਨ੍ਹਾਂ ਨੇ ਸ. ਪੁਸ਼ਪਿੰਦਰ ਸਿੰਘ, ਮੈਂਬਰ ਦਿੱਲੀ ਰਾਜ ਘਟ-ਗਿਣਤੀ ਕਮਿਸ਼ਨ, ਜਿਨ੍ਹਾਂ ਦੇ ਆਪਣੇ ਪਿਤਾ ਦੇ ਸਮੇਂ ਤੋਂ ਹੀ ਜ. ਸੰਤੋਖ ਸਿੰਘ ਦੇ ਪਰਿਵਾਰ ਨਾਲ ਨਿਕਟ ਸਬੰਧ ਚਲੇ ਆਉਣ ਦੇ ਕਾਰਣ, ਜ. ਮਨਜੀਤ ਸਿੰਘ ਜੀ ਕੇ ਦੇ ਨਾਲ ਬਹੁਤ ਹੀ ਗੂੜ੍ਹੇ ਸਬੰਧ ਹਨ, ਰਾਹੀਂ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਤ ਨੂੰ ਮੁੱਖ ਮਹਿਮਾਨ ਅਤੇ ਸਿਖਿਆ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੁਆਗਤ-ਸਮਾਗਮ ਵਿਚ ਸ਼ਾਮਲ ਹੋਣ ਦੇ ਲਈ ਮਨਾਇਆ ਗਿਆ। ਇਨ੍ਹਾਂ ਜਾਣਕਾਰ ਸੂਤਰਾਂ ਅਨੁਸਾਰ ਹੈਰਾਨੀ ਦੀ ਗਲ ਇਹ ਵੀ ਹੈ ਕਿ ਜਿਸ ਸਟੇਜ ਤੇ ਮੁੱਖ ਮੰਤਰੀ ਸ਼੍ਰੀਮਤੀ ਸ਼ੀਲਾ ਦੀਕਸ਼ਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਉਸੇ ਸਟੇਜ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਸਕਤ੍ਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ, ਜਨਰਲ ਸਕਤ੍ਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਜ. ਅਵਤਾਰ ਸਿੰਘ ਹਿਤ, ਕੌਮੀ ਮੀਤ ਪ੍ਰਧਾਨ ਜ. ਓਂਕਾਰ ਸਿੰਘ ਥਾਪਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਤੇ ਮੈਂਬਰ ਜ. ਕੁਲਦੀਪ ਸਿੰਘ ਭੋਗਲ ਤੇ ਸ. ਭੂਪਿੰਦਰ ਸਿੰਘ ਅਨੰਦ ਸਹਿਤ ਦਿੱਲ਼ੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਉਹ ਸਾਰੇ ਮੁਖੀ ਹਾਜ਼ਰ ਹੀ ਨਹੀਂ ਸਨ, ਸਗੋਂ ਸ਼੍ਰੀਮਤੀ ਸ਼ਲਿਾ ਦੀਕਸ਼ਤ ਨੂੰ ਸਨਮਾਨਤ ਕਰ ਇਕ ਦੂਜੇ ਤੋਂ ਅਗੇ ਵਧ ਕੇ, ਉਨ੍ਹਾਂ ਦੇ ਨਾਲ ਫੋਟੋ ਖਿਚਵਾਉਣ ਦੀ ਹੋੜ ਵਿਚ ਵੀ ਲਗੇ ਹੋਏ ਸਨ, ਜੋ ਕਾਂਗ੍ਰਸ ਨੂੰ ਸਿੱਖਾਂ ਦੀ ਦੁਸ਼ਮਣ ਨੰਬਰ-ਇਕ ਪ੍ਰਚਾਰ ਕੇ ਭੰਡਣ ਵਿਚ ਕੋਈ ਕਸਰ ਨਹੀਂ ਸੀ ਛਡਦੇ ਰਹੇ। ਉਨ੍ਹਾਂ ਨੂੰ ਇਸ ਗਲ ਤੇ ਕੋਈ ਸ਼ਰਮ ਵੀ ਮਹਿਸੂਸ ਨਹੀਂ ਸੀ ਹੋ ਰਹੀ, ਕਿ ਜਿਸ ਕਾਂਗ੍ਰਸ ਨੂੰ ਉਹ ਸਿੱਖਾਂ ਦੀ ਦੁਸਮਣ ਨੰਬਰ-ਇਕ ਕਹਿਕੇ ਭੰਡਦੇ ਚਲੇ ਆ ਰਹੇ ਹਨ, ਉਸੇ ਪਾਰਟੀ ਦੀ ਮੁੱਖ ਮੰਤਰੀ ਦਾ ਸਨਮਾਨ ਕਰ, ਉਨ੍ਹਾਂ ਦੇ ਨਾਲ ਆਪਣੇ ਫੋਟੌ ਖਿਚਵਾਉਣ ਦੇ ਲਈ ਇਕ-ਦੁਜੇ ਨੂੰ ਧੱਕੇ ਮਾਰ ਅਗੇ ਹੋਣ ਵਾਸਤੇ ਤਰਲੋ-ਮੱਛੀ ਹੋ ਰਹੇ ਸਨ।
ਜਗਦੀਸ਼ ਟਾਈਟਲਰ ਨੂੰ ਕਲੀਨ ਚਿਟ: ਬੀਤੇ ਦਿਨੀਂ ਗੁਆਹਾਂ ਦੇ ਬਿਆਨਾਂ ਵਿਚ ਵਿਰੋਧਾਭਾਸ ਹੋਣ ਨੂੰ ਆਧਾਰ ਬਣਾ ਕੇ ਸੀ ਬੀ ਆਈ ਵਲੋਂ ਜਗਦੀਸ਼ ਟਾਈਟਲਰ ਦੇ ਵਿਰੁਧ ਨਵੰਬਰ-84 ਦੇ ਸਿੱਖ-ਕਤਲੇਆਮ ਨਾਲ ਸਬੰਧਤ ਚਲ ਰਹੇ ਸਾਰੇ ਕੇਸ ਬੰਦ ਕਰਨ ਦੀ ਪੇਸ਼ ਕੀਤੀ ਗਈ (ਕਲੋਜ਼ਰ) ਰਿਪੋਰਟ ਨੂੰ ਅਦਾਲਤ ਵਲੋਂ ਸਵੀਕਾਰ ਕਰਕੇ ਉਸ ਪੁਰ ਪ੍ਰਵਾਨਗੀ ਦੀ ਮੋਹਰ ਲਾ ਦਿਤੀ ਗਈ। ਜਿਸਦੇ ਵਿਰੁਧ ਕੁਝ ਲੋਕਾਂ, ਵਿਸ਼ੇਸ਼ ਕਰ ਬਾਦਲ ਅਕਾਲੀ ਦਲ ਦੇ ਆਗੂਆਂ ਵਲੋਂ ਬਹੁਤ ਹੀ ਵਾ-ਵੇਲਾ ਮਚਾਇਆ ਜਾ ਰਿਹਾ ਹੈ ਅਤੇ ਇਸਦੇ ਲਈ ਕਾਂਗ੍ਰਸ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ।
ਜੇ ਪਿਛੋਕੜ ਵਲ ਝਾਤ ਮਾਰੀ ਜਾਏ ਤਾਂ ਦਸਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਬਾਦਲ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਦੇ ਹੀ ਇਕ ਆਗੂ ਨੇ ਜਗਦੀਸ਼ ਟਾਈਟਲਰ, ਜਦੋਂ ਉਹ ਕੇਂਦਰ ਵਿਚ ਜਹਾਜ਼ਰਾਨੀ ਮੰਤਰੀ ਸਨ, ਦੇ ਨਾਲ ਸਮੁੰਦਰੀ ਜਹਾਜ਼ ਵਿਚ ਕੋਰੀਆ ਤੋਂ ਮਦਰਾਸ ਤਕ ਦੇ ਸਫਰ ਦਾ ਅਨੰਦ ਮਾਣਨ ਤੋਂ ਬਾਅਦ ਤੁਰੰਤ ਹੀ ਉਨ੍ਹਾਂ ਨੂੰ ਨਵੰਬਰ-84 ਦੇ ਮਾਮਲੇ ਵਿਚ ਕਲੀਨ ਚਿਟ ਦੇ ਦਿਤੀ ਸੀ। ਇਹੀ ਨਹੀਂ ਪੀੜਤਾਂ ਦੇ ਹਮਦਰਦ ਹੋਣ ਤੇ ਉਨ੍ਹਾਂ ਨੂੰ ਇਨਸਾਫ ਦੁਆਉਣ ਦੇ ਦਾਅਵੇ ਕਰਨ ਵਾਲਿਆਂ ਨੇ ਵੀ ਦਲਾਲ ਬਣ ਦੋਸ਼ੀਆਂ ਦੇ ਨਾਲ ਗੁਆਹਵਾਂ ਦੇ ਸੌਦੇ ਕਰਵਾ ਕੇ ਬਾਕੀ ਰਹਿੰਦੀ ਕਸਰ ਪੂਰੀ ਕਰ ਦਿਤੀ। ਗੁਆਹਵਾਂ ਦੇ, ਕਿਉਂਕਿ ਪਹਿਲਾਂ ਤੋਂ ਹੀ ਸੌਦੇ ਹੋ ਚੁਕੇ ਹੋਏ ਸਨ, ਇਸ ਕਰਕੇ ਉਹ ਪਹਿਲੇ ਬਿਆਨਾਂ ਤੋਂ ਮਕੁਰੇ, ਫਿਰ ਅਗੇ ਆ, ਉਨ੍ਹਾਂ ਦੋਬਾਰਾ ਜੋ ਬਿਆਨ ਦਿਤੇ, ਉਹ ਪਹਿਲੇ ਬਿਆਨਾਂ ਦੇ ਨਾਲ ਮੇਲ ਨਹੀਂ ਸੀ ਖਾਂਦੇ। ਇਸਤਰ੍ਹਾਂ ਉਨ੍ਹਾਂ ਨੇ ਕੀਤੇ ਸੌਦਿਆਂ ਪ੍ਰਤੀ ਆਪਣੇ ਇਮਾਨਦਾਰ ਹੋਣ ਦਾ ਸਬੂਤ ਦੇ ਦਿਤਾ। ਕੁਦਰਤੀ ਹੈ ਕਿ ਇਸਦਾ ਲਾਭ ਦੋਸ਼ੀਆਂ ਨੂੰ ਮਿਲਦਾ।
ਹੈਰਾਨੀ ਦੀ ਗਲ ਇਹ ਹੈ ਕਿ ਬੀਤੇ ਛੱਬੀ ਵਰ੍ਹਿਆਂ ਤੋਂ ਨਵੰਬਰ-84 ਦੀ ਅੱਗ ਤੇ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਕਦੇ ਚਲੇ ਆ ਰਹੇ ਅਕਾਲੀ ਤੇ ਭਾਜਪਾਈ ਆਗੂਆਂ ਨੇ ਕਦੀ ਵੀ ਨਾ ਤਾਂ ਦੋਸ਼ੀਆਂ ਵਿਰੁਧ ਗੁਆਹਵਾਂ ਦੀ ਸੰਭਾਲ ਕਰਨ ਵਲ ਅਤੇ ਨਾ ਹੀ ਪੀੜਤਾਂ ਦੇ ਸਨਮਾਨ-ਜਨਕ ਮੁੜ-ਵਸੇਬੇ ਵਲ ਕੋਈ ਗੰਭੀਰਤਾ ਵਿਖਾਈ। ਸ਼ਾਇਦ ਉਹ ਇਹ ਸਮਝਦੇ ਸਨ ਕਿ ਜੇ ਦੋਸ਼ੀਆਂ ਨੂੰ ਸਜ਼ਾ ਮਿਲ ਗਈ ਅਤੇ ਪੀੜਤਾਂ ਦਾ ਸਨਮਾਨ-ਜਨਕ ਵਸੇਬਾ ਹੋ ਗਿਆ ਤਾਂ, ਇਹ ਮੁੱਦਾ ਸਦਾ ਲਈ ਖਤਮ ਹੋ ਜਾਇਗਾ ਤੇ ਇਸਦਾ ਰਾਜਸੀ ਲਾਭ ਨਹੀਂ ਉਠਾਇਆ ਜਾ ਸਕੇਗਾ। ਇਸ ਕਰਕੇ ਇਸਨੂੰ ਸਦਾ ਲਈ ਜ਼ਿੰਦਾ ਰਖਿਆ ਜਾਣਾ ਚਾਹੀਦਾ ਹੈ। ਇਸ ਗਲ ਦਾ ਪ੍ਰਗਟਾਵਾ ਉਹ ਅਤੇ ਪੀੜਤਾਂ ਨੂੰ ਇਨਸਾਫ ਦੁਆਉਣ ਲਈ ਸੰਘਰਸ਼ ਕਰਨ ਦੇ ਦਾਅਵੇਦਾਰ, ਜਾਣੇ-ਅਨਜਾਣੇ ਚੌਰਾਸੀ ਦੇ ਕਾਂਡ ਦੇ ਸਬੰਧ ਵਿਚ ਹੋਣ ਵਾਲੀਆਂ ਸ਼ਰਧਾਂਜਲੀ ਸਭਾਵਾਂ ਅਤੇ ਸਾਲਾਨਾਂ ਯਾਦ ਮੰਨਾਉਣ ਲਈ ਹੋਣ ਵਾਲੇ ਸਮਾਗਮਾਂ ਵਿਚ, ਇਹ ਆਖ ਕੇ ਕਰਦੇ ਚਲੇ ਆ ਰਹੇ ਹਨ ਕਿ ਇਸ ਮੁੱਦੇ ਨੂੰ ਹਰ ਹਾਲਤ ਵਿਚ ਜ਼ਿੰਦਾ ਰਖਿਆ ਜਾਣਾ ਚਾਹੀਦਾ ਹੈ। ਇਸਦਾ ਕਾਰਣ ਇਹੀ ਜਾਪਦਾ ਹੈ ਕਿ ਉਹ ਸਮਝਦੇ ਹਨ ਕਿ ਜੇ ਇਹ ਮੁੱਦਾ ਖਤਮ ਹੋ ਗਿਆ ਜਾਂ ਮਰ ਗਿਆ, ਤਾਂ ਨਾ ਤੇ ਉਹ ਪੀੜਤਾਂ ਦਾ ਭਾਵਨਾਤਮਕ ਸ਼ੋਸ਼ਣ ਕਰ ਸਕਣਗੇ ਅਤੇ ਨਾ ਹੀ ਆਪਣਾ ਰਾਜਸੀ ਸੁਆਰਥ ਹੀ ਪੂਰਾ ਕਰ ਸਕਿਆ ਕਰਨਗੇ।    
ਬੀਰਦਵਿੰਦਰ ਨੂੰ ਅਣਗੋਲਿਆਂ ਕੀਤਾ ਜਾਣਾ: ਸਿੱਖ ਸਟੂਡੈਂਟਸ ਫੈਡਰੇਸ਼ਨ ਦਿੱਲੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਪੰਥਕ ਫੋਰਮ ਦੇ ਪ੍ਰਧਾਨ ਸ. ਪ੍ਰਿਤਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ, ਵਿਸ਼ੇਸ਼ ਕਰਕੇ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸ. ਬੀਰਦਵਿੰਦਰ ਸਿੰਘ ਨੂੰ ਅਣਗੋਲਿਆਂ ਕੀਤੇ ਜਾਣ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਹੈ, ਕਿ ਜਦੋਂ ਸ. ਬੀਰਦਵਿੰਦਰ ਸਿੰਘ ਕਾਂਗ੍ਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਾਮਲ ਹੋਏ ਸਨ, ਉਸ ਸਮੇਂ ਸ. ਬਾਦਲ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਸੀ ਕਿ ਦਲ ਵਿਚ ਉਨ੍ਹਾਂ ਨੂੰ ਪੂਰਾ-ਪੂਰਾ ਸਨਮਾਨ ਦਿਤਾ ਜਾਇਗਾ ਅਤੇ ਉਨ੍ਹਾਂ ਦੀ ਯੋਗਤਾ ਦਾ ਲਾਭ ਉਠਾਇਆ ਜਾਇਗਾ। ਪਰ ਉਨ੍ਹਾਂ ਨੂੰ ਬਿਲਕੁਲ ਹੀ ਅਣਗੋਲਿਆਂ ਕਰ ਦਿਤਾ ਗਿਆ ਹੈ। ਇਕ ਤਰ੍ਹਾਂ ਨਾਲ ਬੀਤੇ ਇਕ ਲੰਮੇਂ ਸਮੇਂ ਤੋਂ ਉਨ੍ਹਾਂ ਨੂੰ ਪਿਛੇ ਹੀ ਨਹੀਂ ਧੱਕ ਦਿਤਾ ਗਿਆ ਹੋਇਆ, ਸਗੋਂ ਵਿਸਾਰ ਵੀ ਦਿਤਾ ਗਿਆ ਹੋਇਆ ਹੈ। ਸ. ਪ੍ਰਿਤਪਾਲ ਸਿੰਘ ਨੇ ਦਸਿਆ ਕਿ ਸ. ਬੀਰਦਵਿੰਦਰ ਸਿੰਘ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਉਨ੍ਹਾਂ ਕੁਝ-ਇਕ ਮੁਖੀਆਂ ਵਿਚੋਂ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਫੈਡਰੇਸ਼ਨ ਨੂੰ ਆਪਣੇ ਮਜ਼ਬੂਤ ਪੈਰਾਂ ਪੁਰ ਹੀ ਖੜਿਆਂ ਨਹੀਂ ਸੀ ਕੀਤਾ, ਸਗੋਂ ਵਿਦਿਆਰਥੀਆਂ ਵਿਚ ਧਰਮ ਅਤੇ ਸੰਸਥਾ ਪ੍ਰਤੀ ਦ੍ਰਿੜ੍ਹਤਾ-ਪੂਰਣ ਅਟੁੱਟ ਵਫਾਦਾਰੀ ਦੀ ਭਾਵਨਾ ਵੀ ਭਰ ਦਿਤੀ ਸੀ। ਉਨ੍ਹਾਂ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ  ਸ. ਬੀਰਦਵਿੰਦਰ ਸਿੰਘ ਨੂੰ ਸਨਮਾਨ ਦੇ ਕੇ ਉਨ੍ਹਾਂ ਦੀ ਯੋਗਤਾ ਦਾ ਲਾਭ ਉਠਾਇਆ ਜਾਂਦਾ ਤਾਂ ਉਹ ਦਲ ਦੇ ਲਈ ਸੰਜੀਵਨੀ ਸਾਬਤ ਹੋ ਸਕਦੇ ਸਨ।
3ਅਤੇ ਅੰਤ ਵਿਚ: ਇਕ ਵਿਚਾਰ: ‘ਸਰਹੰਦ ਫ਼ਤਹਿ ਮਾਰਚ’ ਦੇ ਸੁਆਗਤ ਲਈ ਅਗੇ ਆਉਣ ਵਾਸਤੇ ਸੰਗਤਾਂ ਨੂੰ ਉਤਸਾਹਿਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਦੇ ਫੋਟੋਆਂ ਵਾਲੇ ਜੋ ਇਸ਼ਤਿਹਾਰ ਅਖਬਾਰਾਂ ਵਿਚ ਛਪਵਾਏ ਜਾ ਰਹੇ ਹਨ, ਉਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਿਸਤਰ੍ਹਾਂ ਪੁਰਾਤਨ ਤੇ ਇਤਿਹਾਸਕ ਦਸ ਕੇ ਪ੍ਰਚਾਰਿਆ ਜਾ ਰਿਹਾ ਹੈ, ਉਸ ਪੁਰ ਕੁਝ ਸਿੱਖ ਵਿਦਵਾਨਾਂ ਵਲੋਂ ਇਤਰਾਜ਼ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਇਕ ਗ੍ਰੰਥ ਨਹੀਂ ਹਨ, ਸਗੋਂ ਉਸ ਬਾਣੀ ਦਾ ਸੰਕਲਨ ਹਨ, ਜੋ ਸਦੀਵੀ ਸੱਚ ਹੋਣ ਦੇ ਸਮਰਥ ਅਤੇ ਮਨੁਖਤਾ ਲਈ ਸਦੀਵੀ ਮਾਰਗ ਦਰਸ਼ਕ ਹੈ, ਇਸਲਈ ਉਨ੍ਹਾਂ ਦਾ ਕੋਈ ਸਰੂਪ ਪੁਰਾਤਨ ਜਾਂ ਇਤਿਹਾਸਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਤਿਹਾਸਕ ਤੇ ਪੁਰਾਤਨ ਵਸਤਾਂ ਦੀ ਮਹਤੱਤਾ ਕੇਵਲ ਨਿਸ਼ਚਿਤ ਸਮੇਂ ਤਕ ਹੀ ਸੀਮਤ ਰਹਿੰਦੀ ਹੈ। ਗੁਰੂ ਸਾਹਿਬ ਨੇ ਆਪ ਉਚਾਰਿਆ ਹੈ ਕਿ ‘ਸੱਚ ਪੁਰਾਣਾ ਨਾ ਥੀਏ’ ਫਿਰ ਸਚ ਦੀ ਪ੍ਰਤੀਕ ਬਾਣੀ ਕਿਵੇਂ ਪੁਰਾਤਨਤਾ ਜਾਂ ਇਤਿਹਾਸਕਤਾ ਦੇ ਘੇਰੇ ਵਿਚ ਆ ਸਕਦੀ ਹੈ?



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO