Punjab News

May 17, 2010

ਕਾਮਾਗਾਟਾਮਾਰੂ ਦਾ ਦੁਖਾਂਤ ਸਾਡੇ ਮਨਾਂ ’ਤੋ ਕਦੇ ਨਹੀਂ ਮਿਟੇਗਾ-ਡਾ: ਢਾਲਾ

DR DHALLAਆਟਵਾ: ਕਾਮਾਗਾਟਾਮਾਰੂ ਘਟਨਾ ਦੀ  95 ਵਰ੍ਹੇ ਲੰਬੀ ਪੀੜ ਇੰਡੋ-ਕੈਨੇਡੀਅਨ ਲੋਕਾਂ ਦੇ ਦਿਲਾਂ ’ਚ ਫਿਰ ਚਸਕ ਉਠਦੀ ਹੈ ਜਦ ਸਰਕਾਰ ਵਾਰ ਵਾਰ ਇਸ ਦੀ ਮਾਫੀ ਮੰਗਣ ਤੋਂ ਇਨਕਾਰੀ ਹੋ ਜਾਂਦੀ ਹੈ । ਹਾਲਾਂਕਿ ਇਥੇ ਵਸਦੀ ਭਾਰਤੀ ਬਰਾਦਰੀ ਦਾ ਦਰਦ ਸਮਝਣ ਵਾਲੇ ਸਿਆਸਤਦਾਨ ਵੀ ਇਸ ਲਈ ਲਗਾਤਾਰ ਦਬਾਅ ਪਾਈ ਜਾ ਰਹੇ ਹਨ ਪਰ ਗੱਲ ਕਿਸੇ ਤਣ ਪੱਤਣ ਲਗਦੀ ਨਜ਼ਰ ਨਹੀਂ ਆ ਰਹੀ। ਬਰੈਂਪਟਨ ਸਪਰਿੰਗਡੇਲ ਦੇ ਐਮ ਪੀ ਡਾ:ਰੂਬੀ ਢਾਲਾ ਹੀ ਅਜਿਹੇ ਕੈਨੇਡੀਅਨ ਸਿਆਸਤ ਦਾਨ ਹਨ ਜੋ ਇਸ ਮਾਮਲੇ ਤੇ ਸਰਕਾਰ ਨੂੰ ਲਗਾਤਾਰ ਝੰਜੋੜ ਰਹੇ ਹਨ ਕਿ ਕਾਮਾਗਾਟਾਮਾਰੂ ਦੁਖਾਂਤ ਨੂੰ ਅੰਜਾਮ ਦੇਣ ਬਦਲੇ ਹੁਣ ਹਾਰਪਰ ਸਰਕਾਰ ਨੂੰ ਹਾਊਸ ਆਫ ਕਾਮਨਜ਼ ’ਚ ਮਾਫੀ ਮੰਗ ਕੇ ਲੱਖਾਂ ਇੰਡੋ ਕੈਨੇਡੀਅਨ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇ ਅਤੇ ਉਨ੍ਹਾਂ ਦੇ ਜ਼ਖਮਾਂ ’ਤੇ ਮਲ੍ਹਮ ਲਾਈ ਜਾਵੇ।ਉਨ੍ਹਾਂ ਕਿਹਾ ਕਿ ਇਸ ਮਾਫੀ ਨਾਲ ਪਿਛਲੀਆਂ ਗਲਤੀਆਂ ਸਾਫ ਨਹੀਂ ਹੋ ਜਾਣਗੀਆਂ , ਨਾ ਹੀ ਸਹਿਣ ਕੀਤਾ ਦਰਦ, ਬੀਤੇ ਦੀਆਂ ਯਾਦਾਂ ਅਤੇ ਨਿਸ਼ਾਨ ਮਿਟ ਜਾਣਗੇ ਪਰ ਇਸ ਮਾਫੀ ਨਾਲ ਸਾਨੂੰ ਗਲਤੀ ਸੁਧਾਰਣ ਅਤੇ ਭਵਿੱਖ ਵਿਚ ਅਜਿਹੀਆ ਗਲਤੀਆਂ ਨਾ ਦੁਹਰਾਏ ਜਾਣ ਦਾ ਸਬਕ ਮਿਲੇਗਾ । ਡਾ: ਢਾਲਾ ਅਨੁਸਾਰ ਇਹ ਮਾਫੀਨਾਮਾ ਕੋਈ ਸਿਆਸੀ ‘ਗੋਲ’ ਦਾਗਣ ਅਤੇ ਨੰਬਰ ਬਣਾਉਣ ਦੀ ਦੌੜ ਨਹੀਂ ਸਗੋਂ ਇਸ ਮੁਲਕ ਦੇ ਇਤਹਾਸ ਦੇ ਇਕ ਕਾਲੇ ਅਧਿਆਇ ਨੂੰ ਬੰਦ ਕਰਕੇ ਇੱਕ ਨਵੇਂ ਯੁੱਗ ਦੀ  ਸੁਰੂਆਤ ਕਰਨ ਦਾ ਸੁਹਹਿਰੀ ਮੌਕਾ ਹੈ। ਵਰਣਨਜੋਗ ਹੈ ਕਿ ਡਾ: ਢਾਲਾ ਵੱਲੋਂ ਮਾਫੀਨਾਮੇ ਬਾਰੇ ਪੇਸ਼ ਕੀਤਾ ਇਤਹਾਸਕ ਪ੍ਰਾਈਵੇਟ ਮਤਾ ਹਾਊਸ ਆਫ ਕਾਮਨਜ਼ ’ਚ ਬੜੀ ਸਫਲਤਾ ਨਾਲ 15 ਮਈ 2008 ਨੂੰ ਪਾਸ ਕਰ ਦਿੱਤਾ ਗਿਆ ਸੀ। ਪਰ ਇਸ ਬਿੱਲ ‘ਐਮ-469’ ਦੀ ਪ੍ਰਵਾਨਗੀ ਦੇ ਬਾਦ ਵੀ ਸਰਕਾਰ ਨੇ ਕੋਈ ਅਮਲ ਨਹੀਂ ਕੀਤਾ । ਬਲਕਿ ਮੁਲਕ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ,ਸਰੀ (ਬ੍ਰਿਟਿਸ਼ ਕੋਲੰਬੀਆ) ਦੇ ਇਕ ਮੇਲੇ ਦੇ ਇਕੱਠ ਸਾਹਮਣੇ ਮਾਫੀ ਮੰਗ ਆਏ ਸਨ । ਜਦ ਕਿ ਇਸ ਮਤੇ ਵਿਚ ਪਾਰਲੀਮੈਂਟ ਅੰਦਰ ਬਾਕਾਇਦਾ ਮਾਫੀ ਮੰਗਣ ’ਤੇ ਜ਼ੋਰ ਦਿੱਤਾ ਗਿਆ ਹੈ ।ਡਾ: ਢਾਲਾ ਨੇ ਕਿਹਾ ਕਿ ਇਸ ਮਾਫੀ ਨਾਲ ਇਸ ਮੁਲਕ ਦੇ ਹਰ ਨੌਜਵਾਨ ਬੱਚੇ ਨੂੰਂ ਉਮੀਦ ਦੇ ਇਸ ਰਾਹ ’ਤੇ ਚਲਦਿਆਂ ਪੇਸ਼ ਆਉਦੀਆਂ ਚੁਣੌਤੀਆਂ, ਕੁਰਬਾਨੀ ਦੇ ਜਜ਼ਬੇ ਅਤੇ ਜਦੋਜਹਿਦ ਦੀ ਸਮਝ ਆਵੇਗੀ । ਇਸ ਮਾਫੀ ਨਾਲ ਹਰ ਔਰਤ ਮਰਦ, ਬੱਚੇ ,ਅਤੇ  ਬਜੁਰਗ ’ਚ ਇਹ ਭਰੋਸਾ ਜਾਗੇਗਾ ਕਿ ਇਸ ਮੁਲਕ ਅੰਦਰ ਅਮੀਰ ਗਰੀਬ ਜਾਂ ਫਿਰ ਕਾਲੇ, ਗੋਰੇ , ਇੰਡੀਅਨ ,ਇਟਾਲੀਅਨ ਜਾਂ ਚਾਈਨੀਜ਼ ਹੋਣਾ ਕੋਈ ਫਰਕ ਨਹੀਂ ਰੱਖਦਾ।ਡਾ: ਰੂਬੀ ਢਾਲਾ ਬਰੈਂਪਟਨ ਸਪਰਿੰਗਡੇਲ ਦੇ ਲੋਕਾਂ ਪ੍ਰਤੀਨਿਧ ਹੋਣ ਦੇ ਨਾਲ ਨਾਲ ਪੂਰੇ ਮੁਲਕ ਦੀ ਭਾਰਤੀ ਬਰਾਦਰੀ ਦਾ ਦਰਦ ਸਮਝਦੇ ਹੋਇਆਂ ਇਸ ਮਾਮਲੇ ਦੀ ਪੈਰਵੀ ਕਰ ਰਹੇ ਹਨ ਅਤੇ ਆਪਣੀ ਬੁਲੰਦ ਆਵਾਜ਼ ਰਾਹੀਂ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਸਰਕਾਰ ਤੱਕ ਪਹੁੰਚਾ ਰਹੇ ਹਨ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO